
ਮੈ ਨੂੰ ਅਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਕਿਸੇ ਦੀ ਮੌਤ ਅਤੇ ਤੇਰ੍ਹਵੀਂ ਉਤੇ ਹਾਜ਼ਰ ਹੋਣ ਦਾ ਮੌਕਾ ਨਹੀਂ ਮਿਲਿਆ ਸੀ। ਦੋ ਤਿੰਨ ਸਾਲ ਪਹਿਲਾਂ ਮੈਨੂੰ ਅਪਣੇ ਇਕ......
ਮੈ ਨੂੰ ਅਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਕਿਸੇ ਦੀ ਮੌਤ ਅਤੇ ਤੇਰ੍ਹਵੀਂ ਉਤੇ ਹਾਜ਼ਰ ਹੋਣ ਦਾ ਮੌਕਾ ਨਹੀਂ ਮਿਲਿਆ ਸੀ। ਦੋ ਤਿੰਨ ਸਾਲ ਪਹਿਲਾਂ ਮੈਨੂੰ ਅਪਣੇ ਇਕ ਰਿਸ਼ਤੇਦਾਰ ਦੀ ਤੇਰ੍ਹਵੀਂ ਉਤੇ ਮਥੁਰਾ ਜਾਣ ਦਾ ਮੌਕਾ ਮਿਲਿਆ। ਉਹ ਰਿਸ਼ਤੇਦਾਰ ਅਪਣੇ ਪਿਛੇ ਭਾਰੀ ਗ੍ਰਹਿਸਥ ਛੱਡ ਗਏ ਸਨ ਅਤੇ ਉਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਨਹੀਂ ਸੀ। ਮਹਿੰਗਾਈ ਦੇ ਜ਼ਮਾਨੇ ਵਿਚ ਬੇਲੋੜਾ ਖ਼ਰਚ : ਮੈਂ ਤੇਰ੍ਹਵੀਂ ਤੋਂ ਇਕ ਦਿਨ ਪਹਿਲਾਂ ਉਥੇ ਪਹੁੰਚ ਗਈ ਸੀ। ਉਥੇ ਪਹੁੰਚਣ ਤੋਂ ਕੁੱਝ ਦੇਰ ਬਾਅਦ ਪਤਾ ਚਲਿਆ ਕਿ ਜਿਹੜੇ ਦਿਨ ਉਨ੍ਹਾਂ ਦੀ ਮੌਤ ਹੋਈ, ਉਸੇ ਦਿਨ ਤੋਂ ਹਵਨਕੁੰਡ ਵਿਚ ਅੱਗ ਬਲਦੀ ਰੱਖ ਦਿਤੀ ਗਈ ਸੀ,
ਜਿਹੜੀ 24 ਘੰਟੇ ਬਲਦੀ ਰਹਿਣੀ ਜ਼ਰੂਰੀ ਸੀ ਅਤੇ ਤੇਰ੍ਹਵੀਂ ਤਕ ਬਲਣੀ ਸੀ। ਅੱਗ ਬਲਦੀ ਰੱਖਣ ਲਈ ਸ਼ੁੱਧ ਦੇਸੀ ਘੀ ਦੀ ਵਰਤੋਂ ਕੀਤੀ ਗਈ ਸੀ। ਮੈਂ ਮਨ ਵਿਚ ਸੋਚਿਆ ਕਿ ਇਸ ਮਹਿੰਗਾਈ ਦੇ ਯੁੱਗ ਵਿਚ ਉਨ੍ਹਾਂ ਨੇ ਕਿਵੇਂ ਏਨਾ ਸਾਰਾ ਸ਼ੁੱਧ ਘੀ ਖ਼ਰਚ ਕੀਤਾ ਹੋਵੇਗਾ। ਇਸ ਨਾਲ ਇਕ ਵੱਡਾ ਸਾਰਾ ਦੀਵਾ ਵੀ ਰਖਿਆ ਹੋਇਆ ਸੀ, ਜਿਸ ਨੂੰ ਜਗਾਉਣ ਲਈ ਵੀ ਅਸਲੀ ਘੀ ਦੀ ਵਰਤੋਂ ਕੀਤੀ ਗਈ ਸੀ। ਉਹ ਵੀ ਤੇਰ੍ਹਾਂ ਦਿਨ ਤਕ ਦਿਨ ਰਾਤ ਬਰਾਬਰ ਜਗਣਾ ਜ਼ਰੂਰੀ ਸੀ। ਅੱਗ ਤੇ ਦੀਵੇ ਦਾ ਧਿਆਨ ਰੱਖਣ ਲਈ ਸਾਰੀ ਰਾਤ ਕੋਈ ਨਾ ਕੋਈ ਬੰਦਾ ਬੈਠਾ ਰਹਿੰਦਾ ਸੀ।
ਉਨ੍ਹਾਂ ਦਿਨਾਂ ਵਿਚ ਥੋੜੀ ਸਰਦੀ ਪੈਣੀ ਸ਼ੁਰੂ ਹੋ ਗਈ ਸੀ ਤੇ ਰਾਤ ਨੂੰ ਕਾਫ਼ੀ ਠੰਢ ਹੋਣ ਲੱਗੀ ਸੀ। ਜਿਹੜੇ ਲੜਕੇ ਨੇ ਕਿਰਿਆ ਦੀ ਰਸਮ ਪੂਰੀ ਕੀਤੀ ਸੀ, ਉਸ ਦੇ ਸਿਰ ਦਾ ਪੂਰੀ ਤਰ੍ਹਾਂ ਮੁੰਡਨ ਕਰਾ ਦਿਤਾ ਗਿਆ ਸੀ। ਉਸ ਨੂੰ ਸਿਰਫ਼ ਇਕ ਧੋਤੀ ਦੇ ਦਿਤੀ ਗਈ ਸੀ, ਜਿਸ ਨੂੰ ਉਹ ਹਰ ਸਮੇਂ ਪਾ ਕੇ ਰਖਦਾ ਸੀ। ਉਹ ਖੁੱਲ੍ਹੇ ਅਸਮਾਨ ਹੇਠ ਜ਼ਮੀਨ ਉਤੇ ਚਟਾਈ ਵਿਛਾ ਕੇ ਸੌਂਦਾ ਸੀ। ਰਾਤ ਨੂੰ ਠੰਢ ਲੱਗੇ ਤਾਂ ਉਹ ਧੋਤੀ ਲਪੇਟ ਕੇ ਹੀ ਸੌਂਦਾ ਸੀ। ਉਸ ਨੂੰ ਦੂਜੀ ਕੋਈ ਚੀਜ਼ ਉਪਰ ਲੈਣ ਨੂੰ ਨਹੀਂ ਸੀ ਮਿਲ ਸਕਦੀ। ਠੰਢ ਕਾਰਨ ਬਾਅਦ ਵਿਚ ਉਸ ਨੂੰ ਜ਼ੁਕਾਮ ਤੇ ਹਲਕਾ ਬੁਖ਼ਾਰ ਵੀ ਹੋ ਗਿਆ ਸੀ।
ਪੰਡਤ ਜੀ ਨੂੰ ਦਛਣਾ : ਤੇਰ੍ਹਵੀਂ ਦੇ ਦਿਨ ਦਾ ਤਮਾਸ਼ਾ ਵੇਖਣ ਲਾਇਕ ਸੀ। ਮਹਿਮਾਨ ਅਤੇ ਗੁਆਂਢੀ ਕਾਫ਼ੀ ਗਿਣਤੀ ਵਿਚ ਆਏ ਹੋਏ ਸਨ। ਸਵੇਰੇ-ਸਵੇਰੇ ਘਰ ਦੀਆਂ ਸਾਰੀਆਂ ਔਰਤਾਂ ਨੇ ਸਿਰ ਧੋ ਕੇ ਇਸ਼ਨਾਨ ਕੀਤਾ। ਫਿਰ ਹਵਨ ਹੋਇਆ। ਹਵਨ ਖ਼ਤਮ ਹੋਣ ਉਤੇ ਪੰਡਤ ਜੀ ਨੂੰ ਦਛਣਾ ਦਿਤੀ ਗਈ। ਇਸ ਨਾਲ ਪੰਡਤ ਜੀ ਦਾ ਢਿੱਡ ਨਾ ਭਰਿਆ ਤਾਂ ਉਨ੍ਹਾਂ ਨੇ ਮੰਦਰ ਆਦਿ ਲਈ ਦਾਨ ਦਾ ਬਹਾਨਾ ਬਣਾ ਕੇ ਹੋਰ ਰੁਪਿਆਂ ਦੀ ਇੱਛਾ ਪ੍ਰਗਟ ਕੀਤੀ। ਕਾਫ਼ੀ ਤੋਲਮੋਲ ਤੋਂ ਬਾਅਦ ਮਾਮਲਾ ਤੈਅ ਹੋਇਆ। ਦਛਣਾ ਤੋਂ ਇਲਾਵਾ ਪੰਡਤ ਜੀ ਨੂੰ ਜਿਹੜਾ ਹੋਰ ਸਮਾਨ ਦਿਤਾ ਗਿਆ, ਉਹ ਇਕ ਪੁਤਰੀ ਦੇ ਦਾਜ ਦੇ ਬਰਾਬਰ ਤੋਂ ਘੱਟ ਨਹੀਂ ਸੀ।
ਉਸ ਵਿਚ ਪਲੰਘ, ਦਰੀ, ਚਾਦਰ, ਤਕੀਏ ਅਤੇ ਉਨ੍ਹਾਂ ਦੇ ਗਿਲਾਫ਼, ਮੇਜ਼ ਕੁਰਸੀ, ਸਟੀਲ ਦੇ ਪੰਜ ਭਾਂਡੇ, ਦੋ ਜੋੜੀਆਂ ਜੁੱਤੀਆਂ, ਖੜਾਵਾਂ, ਰਾਮਾਇਣ ਤੇ ਉਸ ਦਾ ਸਟੈਂਡ, ਪੰਡਤ ਜੀ ਦੇ ਦੋ ਤਿੰਨ ਜੋੜੇ ਕਪੜੇ, ਸੋਨੇ ਦੀ ਇਕ ਅੰਗੂਠੀ, ਘੜੀ, ਛਤਰੀ, ਚਟਾਈ ਅਤੇ ਹੋਰ ਪਤਾ ਨਹੀਂ ਕੀ-ਕੀ ਸ਼ਾਮਲ ਸੀ। ਇਨ੍ਹਾਂ ਸੱਭ ਚੀਜ਼ਾਂ ਨਾਲ ਇਕ ਛੋਟਾ ਜਿਹਾ ਕਮਰਾ ਭਰ ਗਿਆ ਸੀ। ਇਕ ਵਾਰ ਤਾਂ ਮਨ ਵਿਚ ਵਿਚਾਰ ਆਇਆ ਕਿ ਕੀ ਮੈਂ ਤੇਰ੍ਹਵੀਂ ਉਤੇ ਆਈ ਹਾਂ ਜਾਂ ਕਿਸੇ ਲੜਕੀ ਦੇ ਵਿਆਹ ਉਤੇ?
ਗਊਦਾਨ ਦੀ ਰਸਮ : ਇਸ ਤੋਂ ਬਾਅਦ 'ਗਊਦਾਨ' ਦੀ ਵਾਰੀ ਆਈ। ਇਕ ਗਾਂ, ਵਛੜੇ ਸਮੇਤ ਜਿਹੜੀ ਸੱਤ-ਅੱਠ ਲਿਟਰ ਦੁੱਧ ਦੇਂਦੀ ਸੀ।
ਗਾਂ ਦੀ ਪੂਛ ਫੜ ਕੇ ਘਰ ਵਾਲਿਆਂ ਨੇ ਸੱਤ ਫੇਰੇ ਲਗਾਏ ਅਤੇ ਫਿਰ ਪੰਡਤ ਜੀ ਨੂੰ ਦਾਨ ਵਿਚ ਦੇ ਦਿਤੀ। ਗਾਂ ਨਾਲ ਇਕ ਮਣ ਤੂੜੀ ਅਤੇ ਚੋਕਰ ਵੀ ਦਿਤਾ ਗਿਆ। 'ਗਊਦਾਨ' ਦੀ ਰਸਮ ਸਮੇਂ ਮ੍ਰਿਤਕ ਬੰਦੇ ਦੀ ਪਤਨੀ ਤੋਂ ਇਲਾਵਾ ਕਿਸੇ ਦੇ ਚਿਹਰੇ ਉਤੇ ਉਦਾਸੀ ਨਹੀਂ ਸੀ। ਸੱਭ ਦੇ ਚਿਹਰਿਆਂ ਉਤੇ ਅਜਿਹੀ ਖ਼ੁਸ਼ੀ ਜਹੀ ਵਿਖਾਈ ਦੇ ਰਹੀ ਸੀ ਕਿ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਕਿਸੇ ਦੀ ਮੌਤ ਵੀ ਹੋਈ ਹੈ। ਜਦ ਭੋਜ ਦਾ ਸਮਾਂ ਆਇਆ, ਤਦ ਤਾਂ ਪੱਤਲਾਂ (ਪੱਤਿਆਂ ਦੀ ਬਣਾਈ ਹੋਈ ਥਾਲੀ) ਉਤੇ ਪਰੋਸੇ ਗਏ ਭੋਜਨ ਨੂੰ ਵੇਖ ਕੇ ਹੋਰ ਵੀ ਹੈਰਾਨੀ ਹੋਈ। ਪਕਵਾਨਾਂ ਵਿਚ ਦੋ ਤਿੰਨ ਮਿਠਾਈਆਂ,
ਤਿੰਨ ਸਬਜ਼ੀਆਂ ਅਤੇ ਰਾਇਤਾ ਆਦਿ ਪਰੋਸਿਆ ਗਿਆ ਸੀ। ਮਹਿਮਾਨਾਂ ਨੇ ਅੱਧਾ ਭੋਜਨ ਛਕਿਆ ਤੇ ਅੱਧਾ ਬਰਬਾਦ ਕੀਤਾ। ਤੇਰ੍ਹਾਂ ਬ੍ਰਾਹਮਣਾਂ ਨੂੰ ਵੀ ਭੋਜਨ ਖੁਆਇਆ ਗਿਆ ਸੀ। ਉਨ੍ਹਾਂ ਸਭਨਾਂ ਨੂੰ ਇਕ-ਇਕ ਚਟਾਈ, ਖੜਾਵਾਂ, ਤੌਲੀਆ ਅਤੇ ਛਤਰੀ ਦਿਤੀ ਗਈ ਸੀ। ਜਦ ਮਹਿਮਾਨਾਂ ਦੇ ਵਿਦਾ ਹੋਣ ਦਾ ਸਮਾਂ ਆਇਆ ਤਾਂ ਪੁਤਰੀ ਜਵਾਈਆਂ ਨੂੰ ਰੁਪਏ ਅਤੇ ਟੋਕਰੀ ਭਰ ਕੇ ਮਿਠਾਈ ਅਤੇ ਨਮਕੀਨ ਦਿਤੀ ਗਈ ਅਤੇ ਉਨ੍ਹਾਂ ਦਾ ਨਾਰੀਅਲ ਨਾਲ ਟਿੱਕਾ ਲਗਾਇਆ ਗਿਆ। ਮਥੁਰਾ ਤੋਂ
ਆਉਣ ਤੋਂ ਬਾਅਦ ਕਈ ਦਿਨਾਂ ਤਕ ਮੇਰਾ ਦਿਮਾਗ਼ ਉਥੋਂ ਦੇ ਰਿਵਾਜਾਂ ਵਿਚ ਹੀ ਉਲਝਿਆ ਰਿਹਾ ਤੇ ਮੈਂ ਸੋਚਦੀ ਰਹੀ ਕਿ ਹਿੰਦੂਆਂ ਵਿਚ ਇਹ ਕਿੰਨਾ ਗੰਦਾ ਰਿਵਾਜ ਹੈ ਕਿ ਕਿਸੇ ਦੀ ਮੌਤ ਦਾ ਏਨਾ ਢੋਂਗ ਅਤੇ ਝੂਠਾ ਵਿਖਾਵਾ ਕੀਤਾ ਜਾਂਦਾ ਹੈ ਅਤੇ ਜੇਕਰ ਅਪਣੇ ਪਾਸ ਪੈਸਾ ਨਾ ਵੀ ਹੋਵੇ ਤਾਂ ਕਰਜ਼ ਲੈ ਕੇ ਵੱਡੇ-ਵੱਡੇ ਢਿੱਡਾਂ ਵਾਲੇ ਪੰਡਤਾਂ ਨੂੰ ਜਿਨ੍ਹਾਂ ਦਾ ਅਪਣੇ ਜਜਮਾਨਾਂ ਨੂੰ ਲੁੱਟ-ਲੁੱਟ ਕੇ ਘਰ ਭਰਿਆ ਹੁੰਦਾ ਹੈ,
ਏਨਾ ਦਾਨ ਦਿਤਾ ਜਾਂਦਾ ਹੈ ਕਿ ਰਿਸ਼ਤੇਦਾਰਾਂ ਦੀਆਂ ਦਾਅਵਤਾਂ ਹੁੰਦੀਆਂ ਹਨ, ਜਦਕਿ ਅਨਾਥਾਂ ਕੰਗਾਲਾਂ ਨੂੰ ਇਕ ਰੋਟੀ ਲਈ ਵੀ ਨਹੀਂ ਪੁਛਿਆ ਜਾਂਦਾ।
ਅਨੁਵਾਦਕ : ਪਵਨ ਕੁਮਾਰ ਰੱਤੋਂ
ਸੰਪਰਕ : 94173-71455