
5 ਜਨਵਰੀ 2017 ਸਿੱਖ ਜਗਤ ਵਿਚ ਇਕ ਮਹੱਤਵਪੂਰਨ ਦਿਨ ਸੀ ਕਿਉਂਕਿ ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਸੀ।
5 ਜਨਵਰੀ 2017 ਸਿੱਖ ਜਗਤ ਵਿਚ ਇਕ ਮਹੱਤਵਪੂਰਨ ਦਿਨ ਸੀ ਕਿਉਂਕਿ ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਸੀ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਰਾਜ ਸਰਕਾਰ ਵਲੋਂ ਇਸ ਪੁਰਬ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਵਿਸ਼ਾਲ ਪ੍ਰਬੰਧਕੀ ਢਾਂਚਾ ਖੜਾ ਕੀਤਾ ਗਿਆ ਤੇ ਆਈ ਸੰਗਤ ਦੀ ਬਹੁਤ ਵਧੀਆ ਤਰੀਕੇ ਨਾਲ ਆਉ-ਭਗਤ ਕੀਤੀ ਗਈ। ਦੁਨੀਆਂ ਦੇ ਕੋਨੇ ਕੋਨੇ ਤੋਂ ਇਹ ਜਨਮ-ਸ਼ਤਾਬਦੀ ਦਾ ਦਿਹਾੜਾ ਮਨਾਉਣ ਲਈ ਵੱਡੀ ਗਿਣਤੀ ਵਿਚ ਪੁੱਜੀ ਸੰਗਤ ਦੀ ਰਿਹਾਇਸ਼ ਲਈ ਗੁਰਦਵਾਰਿਆਂ ਤੇ ਸਰਾਵਾਂ ਤੋਂ ਇਲਾਵਾ ਤੰਬੂ ਸ਼ਹਿਰ (ਟੈਂਟ ਸਿਟੀ) ਉਸਾਰੇ ਗਏ ਸਨ, ਜਿਨ੍ਹਾਂ ਵਿਚ ਬੈੱਡ, ਗੱਦੇ, ਕੰਬਲ, ਪੀਣ ਲਈ ਫ਼ਿਲਟਰ ਪਾਣੀ ਅਤੇ ਨਹਾਉਣ ਲਈ (ਸਰਦੀ ਦਾ ਮੌਸਮ ਹੋਣ ਕਰ ਕੇ) ਗਰਮ ਪਾਣੀ ਦੀ ਸਹੂਲਤ ਵੀ ਮੁਹਈਆ ਕੀਤੀ ਗਈ ਸੀ।
Takhat Patna Sahib
ਸ਼ਰਧਾਲੂ ਵਿਅਕਤੀਗਤ ਰੂਪ ਵਿਚ ਅਤੇ ਵਿਸ਼ੇਸ਼ ਰੇਲ ਗੱਡੀਆਂ, ਬੱਸਾਂ ਰਾਹੀਂ ਪੰਜਾਬ ਅਤੇ ਦਿੱਲੀ ਤੋਂ ਵੀ ਬਹੁਗਿਣਤੀ ਵਿਚ ਪੁੱਜੇ। ਏਨੀ ਸੰਗਤ ਨੂੰ ਸੰਭਾਲਣਾ ਕੋਈ ਸੌਖਾ ਕੰਮ ਨਹੀਂ ਸੀ ਪਰ ਬਿਹਾਰ ਦੇ ਮੁੱਖ ਮੰਤਰੀ ਜੀ ਨੇ ਇਹ ਬਾਖ਼ੂਬੀ ਕਰ ਵਿਖਾਇਆ। ਨਿਤੀਸ਼ ਕੁਮਾਰ ਜੀ ਨੇ ਇਸ ਸ਼ਤਾਬਦੀ ਦਾ ਬੇਹੱਦ ਵਧੀਆ ਪ੍ਰਬੰਧ, ਪੁਲਿਸ ਦਾ ਵਧੀਆ ਸਲੂਕ, ਜਗ੍ਹਾ- ਜਗ੍ਹਾ ਪੁੱਛ-ਪੜਤਾਲ ਦਫ਼ਤਰ, ਜਿਥੇ ਪੰਜਾਬੀ ਭਾਸ਼ਾ ਵਿਚ ਪੁੱਛੇ ਗਏ ਸਵਾਲ ਦਾ ਹਿੰਦੀ ਵਿਚ ਕੀ ਅਰਥ ਹੈ ਅਤੇ ਇਸ ਦਾ ਜਵਾਬ ਪੰਜਾਬੀ ਵਿਚ ਉਚਾਰਣ ਕਰ ਕੇ ਕਿਵੇਂ ਦੇਣਾ ਹੈ,
ਸਰਕਾਰ ਵਲੋਂ ਦੇਵਨਾਗਰੀ ਲਿੱਖੀ ਵਿਚ ਕਿਤਾਬਾਂ ਛਾਪ ਕੇ ਮੁਲਾਜ਼ਮਾਂ ਦੀ ਸਹੂਲਤ ਵਾਸਤੇ ਮੁਹੱਈਆ ਕਰਵਾਈਆਂ ਗਈਆਂ ਸਨ ਤਾਕਿ ਸ਼ਰਧਾਲੂਆਂ ਨੂੰ ਸਹਿਯੋਗ ਦੇਣ ਵਿਚ ਭਾਸ਼ਾ ਦੀ ਕੋਈ ਸਮੱਸਿਆ ਨਾ ਆਵੇ। ਨਿਤੀਸ਼ ਜੀ ਨੂੰ ਪਟਨਾ ਦਾ ਸਿੱਖ ਇਤਿਹਾਸ ਵਿਚ ਮਹੱਤਵ ਤਾਂ ਪਹਿਲਾਂ ਹੀ ਪਤਾ ਸੀ ਪਰ ਇਕ ਵਾਰ ਉਹ ਪਾਕਿਸਤਾਨ ਗਏ ਤਾਂ ਉਥੋਂ ਦੇ ਸਿੱਖਾਂ ਨੇ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ ਕਿ ਪਤਾ ਨਹੀਂ ਸਾਨੂੰ ਅਪਣੇ ਜੀਵਨ ਵਿਚ ਪਟਨਾ ਸਾਹਿਬ ਜਾਣ ਦਾ ਮੌਕਾ ਕਦੇ ਮਿਲੇ ਜਾਂ ਨਾ ਮਿਲੇ ਪਰ ਤੁਹਾਡੀ ਚਰਨ ਧੂੜ ਮਸਤਕ ਨੂੰ ਲਾ ਕੇ ਅਪਣੇ ਧੰਨ ਭਾਗ ਸਮਝਦੇ ਹਾਂ ਕਿ ਤੁਸੀ ਸਾਡੇ ਗੁਰੂ ਦੀ ਜਨਮ-ਭੂਮੀ ਤੋਂ ਆਏ ਹੋ,
Patna Sahib
ਜਿਥੋਂ ਦੇ ਜ਼ੱਰੇ-ਜ਼ੱਰੇ ਨੂੰ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਹੈ। ਉਸ ਵੇਲੇ ਨਿਤੀਸ਼ ਕੁਮਾਰ ਜੀ ਨੂੰ ਧੁਰ-ਅੰਦਰ ਪਟਨਾ ਸਾਹਿਬ ਦਾ ਸਿੱਖ ਸੰਗਤ ਦੇ ਮਨ ਵਿਚ ਆਦਰ ਸਤਿਕਾਰ ਮਹਿਸੂਸ ਹੋਇਆ ਅਤੇ ਉਨ੍ਹਾਂ ਪੰਜਾਬ ਆ ਕੇ ਦਸਮ ਪਾਤਸ਼ਾਹ ਜੀ ਦੀ ਜਨਮ-ਸ਼ਤਾਬਦੀ ਬਿਹਾਰ ਸਰਕਾਰ ਵਲੋਂ ਮਨਾਉਣ ਦਾ ਐਲਾਨ ਕੀਤਾ ਤੇ ਇਸ ਮੌਕੇ ਸਿੱਖ ਸੰਗਤਾਂ ਨੂੰ ਉਥੇ ਆ ਕੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿਤਾ। ਉਨ੍ਹਾਂ ਸੰਗਤ ਦੀ ਆਉ-ਭਗਤ ਵਿਚ ਕੋਈ ਕਸਰ ਬਾਕੀ ਨਾ ਛੱਡੀ, ਜਗ੍ਹਾ-ਜਗ੍ਹਾ ਆਪ ਜਾ ਕੇ ਸਾਰਾ ਪ੍ਰਬੰਧ ਵੇਖਿਆ, ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਦਿਤੀਆਂ ਤੇ ਫਿਰ ਵੀ ਨਿਰਮਾਣਤਾ ਵਿਖਾਉਂਦਿਆਂ ਹੋਇਆਂ ਕਿਹਾ ਕਿ ਜੇ ਕੋਈ ਕਸਰ ਬਾਕੀ ਰਹਿ ਗਈ ਹੋਵੇ ਤਾਂ ਅਸੀਂ ਮੁਆਫ਼ੀ ਦੇ ਚਾਹਵਾਨ ਹਾਂ।
ਅਪਣੀ ਇਸ ਮਹਿਮਾਨ-ਨਿਵਾਜ਼ੀ ਸਦਕਾ ਬਿਹਾਰ ਸਰਕਾਰ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਨੇ ਸਿੱਖ ਸੰਗਤਾਂ ਦਾ ਮਨ ਜਿੱਤ ਲਿਆ। ਪੰਜਾਬ ਦੇ ਮੁੱਖ ਮੰਤਰੀ ਹੁਰਾਂ ਨੇ ਵੀ ਉਨ੍ਹਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਮੈਂ ਵੀ ਏਨਾ ਵਧੀਆ ਪ੍ਰਬੰਧ ਨਹੀਂ ਸੀ ਕਰ ਸਕਦਾ ਜਿੰਨਾ ਨਿਤੀਸ਼ ਜੀ ਨੇ ਕੀਤਾ ਹੈ। ਅਪਣੇ ਜੀਵਨ ਵਿਚ ਆ ਰਹੀ ਇਸ ਸ਼ਤਾਬਦੀ ਦੇ ਮਹੱਤਵਪੂਰਨ ਦਿਨ ਤੇ ਮੈਨੂੰ ਵੀ ਗੁਰੂ-ਨਗਰੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। 2 ਜਨਵਰੀ, 2017 ਨੂੰ ਗੁਰਦਾਸਪੁਰ ਸਟੇਸ਼ਨ ਤੋਂ 3-15 ਤੇ ਟ੍ਰੇਨ ਚੱਲੀ ਅਤੇ 4 ਤਰੀਕ ਨੂੰ ਦੁਪਹਿਰ 12 ਵਜੇ ਪਟਨਾ ਜੰਕਸ਼ਨ ਤੇ ਪੁੱਜੀ। ਰਸਤੇ ਵਿਚ ਸ਼ਾਹਜਹਾਂਪੁਰ ਸਟੇਸ਼ਨ ਉਤੇ ਨੇੜੇ ਦੇ ਗੁਰਦਵਾਰੇ ਤੋਂ ਆਇਆ ਲੰਗਰ ਸੰਗਤ ਵਿਚ ਵਰਤਾਇਆ ਗਿਆ।
Langar
ਗੁਰੂ ਘਰ ਦੇ ਇਹ ਪ੍ਰੇਮੀ ਮਹਾਨ ਇਨਕਲਾਬੀ ਅਤੇ ਮਰਦ-ਅਗੰਮੜੇ ਦੀ ਗੁਰਪੁਰਬ ਸ਼ਤਾਬਦੀ ਮਨਾਉਣ ਲਈ ਜਾ ਰਹੀ ਗੁਰੂ ਦੀ ਸੰਗਤ ਦੀ ਸੇਵਾ ਦਾ ਇਹ ਮੌਕਾ ਅਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਸਨ, ਇਸ ਵਾਸਤੇ ਗੱਡੀ ਰੋਕ ਕੇ ਲੰਗਰ-ਪਾਣੀ ਦੀ ਸੇਵਾ ਕੀਤੀ ਗਈ। ਪਟਨਾ ਜੰਕਸ਼ਨ ਸਟੇਸ਼ਨ ਦੇ ਬਾਹਰ ਸ਼ਤਾਬਦੀ ਸਮਾਰੋਹ 'ਤੇ ਪਹੁੰਚ ਰਹੀਆਂ ਸੰਗਤਾਂ ਦੇ ਸਵਾਗਤ ਲਈ ਵਧਾਈ ਦੇ ਵੱਡੇ ਵੱਡੇ ਬੋਰਡ, ਹੋਰਡਿੰਗ ਲੱਗੇ ਹੋਏ ਸਨ। ਇਥੋਂ ਗਾਂਧੀ ਮੈਦਾਨ (ਜਿਥੇ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਮੁੱਖ ਸਮਾਗਮ ਹੋ ਰਿਹਾ ਸੀ) ਤਕ ਪਹੁੰਚਾਉਣ ਵਾਸਤੇ ਮੁਫ਼ਤ ਬੱਸ ਸੇਵਾ ਮੁਹਈਆ ਕਰਵਾਈ ਗਈ ਸੀ। ਬੱਸਾਂ ਸਵਾਰੀਆਂ ਨਾਲ ਭਰ ਕੇ ਜਾ ਵੀ ਰਹੀਆਂ ਸਨ ਅਤੇ ਹੋਰ ਲਗਾਤਾਰ ਆ ਵੀ ਰਹੀਆਂ ਸਨ। ਸਾਰੇ ਰਸਤੇ ਵਿਚ 'ਬਿਹਾਰ ਗੁਰੂ ਕਾ ਦਵਾਰ' ਅਤੇ ਹੋਰ ਭਿੰਨ-ਭਿੰਨ ਸ਼ਬਦਾਵਲੀ ਵਾਲੇ ਬੋਰਡ ਹਰ ਬਿਲਡਿੰਗ ਉਤੇ ਲੱਗੇ ਹੋਏ ਸਨ। ਇਉਂ ਲਗਦਾ ਸੀ ਜਿਵੇਂ ਸਾਰਾ ਪਟਨਾ ਸ਼ਹਿਰ ਹੀ ਸ਼ਤਾਬਦੀ ਨੂੰ ਮਨਾਉਣ ਲਈ ਪੱਬਾਂ ਭਾਰ ਹੋਇਆ ਪਿਆ ਸੀ।
ਕਈ ਬੋਰਡਾਂ ਵਿਚ ਰਾਜਸੀ ਲੀਡਰਾਂ ਦੀਆਂ ਫ਼ੋਟੋਆਂ ਵੀ ਗੁਰੂ ਸਾਹਿਬ ਦੀ ਫ਼ੋਟੋ ਦੇ ਬਰਾਬਰ ਲੱਗੀਆਂ ਹੋਈਆਂ ਸਨ। ਅੱਗੇ ਭੀੜ ਜ਼ਿਆਦਾ ਹੋਣ ਕਰ ਕੇ ਬੱਸਾਂ ਯਾਤਰੀਆਂ ਨੂੰ ਗਾਂਧੀ ਮੈਦਾਨ ਤੋਂ ਪਹਿਲਾਂ ਹੀ ਉਤਾਰ ਰਹੀਆਂ ਸਨ। ਕਾਫ਼ੀ ਦੇਰ ਤੁਰ ਕੇ ਸਾਰੇ ਗੇਟਾਂ ਅੱਗੇ ਲਗੀਆਂ ਲੰਮੀਆਂ ਲਾਈਨਾਂ ਨੂੰ ਵੇਖਦੇ ਹੋਏ 5 ਨੰਬਰ ਗੇਟ ਉਤੇ ਪਹੁੰਚੇ। ਇਥੇ ਮੁੱਖ ਪ੍ਰੋਗਰਾਮ, ਰਿਹਾਇਸ਼ ਤੇ ਲੰਗਰ ਦੀ ਵਿਵਸਥਾ ਸੀ। ਇਥੇ ਵੀ ਲਾਈਨ ਤੁਰ ਨਹੀਂ ਸੀ ਰਹੀ। ਲਾਈਨ ਅੱਗੇ ਤੁਰਨ ਦੀ ਉਡੀਕ ਵਿਚ ਡੇਢ ਘੰਟਾ ਬੀਤ ਗਿਆ ਤਾਂ ਸਾਡੇ ਇਕ ਸਾਥੀ ਨੇ ਤਖ਼ਤ ਸਾਹਿਬ ਲਾਗੇ 'ਸਾਲਸ ਰਾਇ ਜੌਹਰੀ ਨਿਵਾਸ' ਵਿਚ ਕਮਰੇ ਬਾਰੇ ਫ਼ੋਨ 'ਤੇ ਗੱਲ ਕੀਤੀ ਹੋਣ ਬਾਰੇ ਦਸਿਆ। ਇਥੋਂ ਨਿਕਲ ਕੇ ਅਸੀਂ ਤਖ਼ਤ ਸਾਹਿਬ ਵਲ ਜਾਣ ਲਈ ਬੱਸ ਫੜੀ। ਬੱਸ ਨੇ ਅੱਗੇ ਇਕ ਗਰਾਊਂਡ ਲਾਗੇ ਉਤਾਰ ਦਿਤਾ।
Patna Sahib
ਅੱਗੇ ਜਾਣ ਵਾਸਤੇ ਬੈਟਰੀ ਨਾਲ ਚੱਲਣ ਵਾਲੇ ਆਟੋਜ਼ ਦੀ ਮੁਫ਼ਤ ਸੇਵਾ ਲੱਗੀ ਹੋਈ ਸੀ। ਆਟੋ ਡਰਾਈਵਰ ਜਾਣ ਤੋਂ ਆਨਾਕਾਨੀ ਕਰ ਰਹੇ ਸਨ। ਦੋ-ਚਾਰ ਪ੍ਰਬੰਧਕ ਆ ਕੇ ਉਨ੍ਹਾਂ ਨੂੰ ਗੁੱਸੇ ਹੋਏ ਤੇ ਫਿਰ ਉਨ੍ਹਾਂ ਨੇ ਜਾਣਾ ਸ਼ੁਰੂ ਕੀਤਾ। ਆਟੋ ਨੇ ਵੀ ਅੱਗੇ ਭੀੜ ਹੋਣ ਕਰ ਕੇ (ਕਿਉਂਕਿ ਨਗਰ ਕੀਰਤਨ ਨਿਕਲ ਰਿਹਾ ਸੀ) ਤਖ਼ਤ ਸਾਹਿਬ ਤੋਂ 2 ਕਿਲੋਮੀਟਰ ਪਹਿਲਾਂ ਪੁਲ ਉਤੇ ਹੀ ਉਤਾਰ ਦਿਤਾ। ਉਥੋਂ ਤੁਰ ਕੇ ਅਸੀਂ ਤਖ਼ਤ ਸਾਹਿਬ ਨੇੜੇ ਪੁੱਜੇ, ਨਗਰ ਕੀਰਤਨ ਕਰ ਕੇ ਇਥੇ ਫਿਰ ਰੁਕਣਾ ਪਿਆ। ਰਸਤਾ ਮਿਲਣ 'ਤੇ ਅਸੀਂ ਸਾਲਸ ਰਾਇ ਜੌਹਰੀ ਨਿਵਾਸ ਪੁੱਜੇ ਪਰ ਜਿਨ੍ਹਾਂ ਨਾਲ ਸਾਡੇ ਸਾਥੀ ਨੇ ਕਮਰੇ ਬਾਰੇ ਗੱਲਬਾਤ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕੋਈ ਵੀ ਕਮਰਾ ਖ਼ਾਲੀ ਨਹੀਂ।
ਫਿਰ ਅਸੀਂ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਬਣਾਏ ਗਏ 'ਗੁਰੂ ਤੇਗ਼ ਬਹਾਦਰ ਯਾਤਰੀ ਨਿਵਾਸ' ਦੇ ਇਕ ਕਮਰੇ ਵਿਚ ਕਿਸੇ ਨਾਲ ਰਹੇ ਅਤੇ ਫ਼ਰਸ਼ ਉਤੇ ਸੌਣ ਦੀ ਥਾਂ ਮਿਲ ਸਕੀ। ਇਥੋਂ ਤਖ਼ਤ ਸਾਹਿਬ ਬਿਲਕੁਲ ਲਾਗੇ ਸੀ, ਜਾ ਕੇ ਮੱਥਾ ਟੇਕਿਆ। ਤਖ਼ਤ ਸਾਹਿਬ ਦੀ ਸਜਾਵਟ ਵੇਖਿਆਂ ਹੀ ਬਣਦੀ ਸੀ। ਇਕ ਪਾਸੇ ਧਾਰਮਿਕ ਦੀਵਾਨ ਲੱਗਾ ਹੋਇਆ ਸੀ। ਇਥੋਂ ਆ ਕੇ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਵਿਖੇ ਲੰਗਰ ਛਕਿਆ। ਇਥੇ ਗੁਰਦੁਆਰਾ ਸਾਹਿਬ ਉਤੇ ਸਰਾਂ ਦੀਆਂ ਇਮਾਰਤਾਂ ਵਿਚਕਾਰ ਖੁੱਲ੍ਹੀ ਥਾਂ ਅਤੇ ਵੱਡੀ ਐਲ.ਸੀ.ਡੀ. ਸਕ੍ਰੀਨ ਉਤੇ ਧਾਰਮਿਕ ਫ਼ਿਲਮ ਲੱਗੀ ਹੋਈ ਸੀ।
ਗੁਰਦੁਆਰੇ, ਲੰਗਰ ਅਤੇ ਸਰਾਂ ਦੀਆਂ ਇਮਾਰਤਾਂ ਉਤੇ ਬਹੁਤ ਸੁੰਦਰ ਲਾਈਟਾਂ ਲੱਗੀਆਂ ਹੋਈਆਂ ਸਨ। ਹਨੇਰਾ ਹੋ ਚੁੱਕਿਆ ਸੀ, ਅੱਗੇ ਮੰਗਲ ਤਾਲਾਬ ਉਤੇ 8 ਵਜੇ ਲੇਜ਼ਰ ਸ਼ੋਅ ਵਿਖਾਇਆ ਜਾਣਾ ਸੀ। ਵੇਖਣ ਵਾਸਤੇ ਮੈਂ ਉਥੇ ਜਾ ਪੁੱਜਾ। ਇੱਥੇ ਦੂਰ ਇਕ ਕੋਨੇ ਤੇ ਥੋੜ੍ਹੀ ਜਿਹੀ ਖੜੇ ਹੋਣ ਲਈ ਥਾਂ ਮਿਲ ਸਕੀ ਪਰ ਨੇੜੇ ਤੋਂ ਸਪੱਸ਼ਟ ਵੇਖਣ ਦੀ ਲਾਲਸਾ ਕਰ ਕੇ ਮੈਂ ਸਟੇਜ ਵਲ ਗਿਆ ਪਰ ਇਥੇ ਏਨੀ ਜ਼ਿਆਦਾ ਭੀੜ ਸੀ ਕਿ ਕੀ ਕਿਹਾ ਜਾਵੇ। ਹਜ਼ੂਰ ਸਾਹਿਬ ਦੀ ਯਾਤਰਾ ਦੌਰਾਨ ਤਾਂ ਲੇਜ਼ਰ ਸ਼ੋਅ ਵੇਖਣ ਲਈ ਖੜੇ ਹੋਣ ਦੀ ਥੋੜ੍ਹੀ ਜਿਹੀ ਥਾਂ ਮਿਲ ਗਈ ਸੀ, ਪਰ ਇਥੇ ਓਨੀ ਵੀ ਨਹੀਂ ਮਿਲ ਸਕੀ। ਬਸ ਆਵਾਜ਼ ਹੀ ਸੁਣੀ ਜਾ ਸਕੀ।
Laser show at Takht Sri Patna Sahib
ਸ਼ੋਅ ਖ਼ਤਮ ਹੋਣ ਤੇ ਵਾਪਸ ਆਉਣ ਵਾਲੇ ਰਸਤੇ ਤੋਂ ਭੀੜ ਘਟਣ ਦੀ ਬਹੁਤ ਦੇਰ ਤਕ ਉਡੀਕ ਕਰਨੀ ਪਈ। ਇਉਂ ਲਗਦਾ ਸੀ ਜਿਵੇਂ ਸਾਰਾ ਪਟਨਾ ਸ਼ਹਿਰ ਹੀ ਲੇਜ਼ਰ ਸ਼ੋਅ ਵੇਖਣ ਲਈ ਆ ਗਿਆ ਹੋਵੇ। ਵਾਪਸ ਆਉਂਦਿਆਂ ਰਾਤ ਦੇ ਹਨੇਰੇ ਵਿਚ ਵੱਖੋ-ਵਖਰੇ ਡੀਜ਼ਾਈਨਾਂ ਦੀਆਂ ਕਤਾਰਾਂ ਨਾਲ ਤਿਆਰ ਆਕ੍ਰਿਤੀਆਂ ਬਹੁਤ ਦਿਲਕਸ਼ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਥੋੜ੍ਹੀ ਥੋੜ੍ਹੀ ਦੂਰੀ ਉਤੇ ਲਗਭਗ 15 ਕੁ ਫ਼ੁਟ ਉੱਚੀਆਂ ਲਾਈਟਾਂ ਵਾਲੇ ਇਹ ਗੇਟ ਲੱਗੇ ਹੋਏ ਸਨ ਜਿਨ੍ਹਾਂ ਨੂੰ ਵੇਖਦਿਆਂ ਸਫ਼ਰ ਦੀ ਦੂਰੀ ਮਹਿਸੂਸ ਨਹੀਂ ਹੋ ਰਹੀ ਸੀ।
(ਬਾਕੀ ਅਗਲੇ ਹਫ਼ਤੇ)
ਸੰਪਰਕ : 94179-96797