
ਬੀਬੀ ਅਨੂਪ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ ਜਿਸ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਅੰਮ੍ਰਿਤ ਪਾਨ ਕਰ ਲਿਆ ਸੀ
ਬੀਬੀ ਅਨੂਪ ਕੌਰ ਦੇ ਜੀਵਨ ਬਾਰੇ ਪੁਸਤਕਾਂ ਵਿਚ ਬਹੁਤ ਕੁੱਝ ਲਿਖਿਆ ਹੋਇਆ ਨਹੀਂ ਮਿਲਦਾ ਪਰ ਪਿਆਰਾ ਸਿੰਘ ਪਦਮ ਨੇ ਜ਼ਰੂਰ ਕੁੱਝ ਲਿਖਿਆ ਹੈ। ਬੀਬੀ ਅਨੂਪ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ ਜਿਸ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਅੰਮ੍ਰਿਤ ਪਾਨ ਕਰ ਲਿਆ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1704 ਮਹੀਨਾ ਦਸੰਬਰ ਦੇ ਅਖ਼ੀਰ ਵਿਚ ਪ੍ਰਵਾਰ ਸਮੇਤ ਕਿਲ੍ਹਾ ਅਨੰਦਪੁਰ ਸਾਹਿਬ ਛਡਿਆ ਤਾਂ ਬੀਬੀ ਅਨੂਪ ਕੌਰ ਵੀ ਉਸ ਵਹੀਰ ਵਿਚ ਸ਼ਾਮਲ ਸੀ।
Anandpur Sahib
ਬੀਬੀ ਅਨੂਪ ਕੌਰ ਉਸ ਵੇਲੇ ਭਰ ਜੁਆਨ ਸੀ, ਜੋ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦਾ ਹੌਸਲਾ ਰਖਦੀ ਸੀ। ਉਸ ਨੇ ਸਰਸਾ ਨਦੀ ਦੇ ਕੰਢੇ ਵੈਰੀਆਂ ਨਾਲ ਲੋਹਾ ਵੀ ਲਿਆ। ਜਦੋਂ ਗੁਰੂ ਸਾਹਿਬ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਇਹ ਵੀ ਉਨ੍ਹਾਂ ਨਾਲ ਸਰਸਾ ਵਿਚ ਕੁੱਦ ਪਈ ਪਰ ਪਾਣੀ ਦੇ ਤੇਜ਼ ਵਹਾਉ ਨੇ ਇਸ ਦੀ ਪੇਸ਼ ਨਾ ਜਾਣ ਦਿਤੀ ਤੇ ਪਾਣੀ ਵਿਚ ਹੀ ਰੁੜ੍ਹ ਗਈ। ਸਰਸਾ ਨਦੀ ਦੇ ਪਾਰ ਸਰਹਿੰਦ ਸੂਬੇ ਦੀਆਂ ਫ਼ੌਜਾਂ ਖ਼ਾਲਸਾ ਫ਼ੌਜਾਂ ਨਾਲ ਟਾਕਰਾ ਕਰਨ ਲਈ ਤਿਆਰ ਖੜੀਆਂ ਸਨ। ਜਦੋਂ ਮੁਗ਼ਲ ਸਿਪਾਹੀਆਂ ਨੇ ਬੀਬੀ ਨੂੰ ਪਾਣੀ ਵਿਚ ਰੁੜ੍ਹੀ ਜਾਂਦੀ ਵੇਖਿਆ ਤਾਂ ਉਨ੍ਹਾਂ ਨੇ ਹਿੰਮਤ ਕਰ ਕੇ ਕੱਢ ਲਿਆ ਤੇ ਜਿਊਂਦੀ ਹਾਲਤ ਵਿਚ ਉਨ੍ਹਾਂ ਨੇ ਇਸ ਨੂੰ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਸਪੁਰਦ ਕਰ ਦਿਤਾ।
Parivar Vichora Sahib
ਨਵਾਬ ਮਾਲੇਰਕੋਟਲਾ ਨੇ ਅਨੂਪ ਕੌਰ ਦਾ ਸੁਹੱਪਣ ਵੇਖ ਕੇ ਇਸ ਨੂੰ ਅਪਣੇ ਫ਼ੌਜੀ ਖ਼ੇਮੇ ਵਿਚ ਪਹੁੰਚਾਉਣ ਦਾ ਹੁਕਮ ਦੇ ਦਿਤਾ ਤੇ ਫਿਰ ਨਵਾਬ ਇਸ ਨੂੰ ਮਾਲੇਰਕੋਟਲਾ ਲੈ ਆਇਆ। ਨਵਾਬ ਉਸ ਦੇ ਹੁਸਨ ਉਤੇ ਏਨਾ ਮੋਹਿਤ ਸੀ ਕਿ ਅਨੂਪ ਕੌਰ ਨੂੰ ਅਪਣੀ ਬੇਗਮ ਬਣਾਉਣ 'ਤੇ ਤੁਲ ਗਿਆ ਸੀ ਪਰ ਬੀਬੀ ਅਨੂਪ ਕੌਰ ਅਪਣੇ ਧਰਮ ਵਿਚ ਪੱਕੀ ਹੋਣ ਕਰ ਕੇ ਉਸ ਨੇ ਬੇਗਮ ਬਣਨ ਤੋਂ ਕੋਰੀ ਨਾਂਹ ਕਰ ਦਿਤੀ।
ਨਵਾਬ ਨੇ ਬਥੇਰੇ ਕਸ਼ਟ ਦਿਤੇ ਤੇ ਲਾਲਚ ਵੀ ਦਿਤੇ ਪਰ ਗੁਰੂ ਦੀ ਸਿੰਘਣੀ ਨੇ ਉਸ ਦੀ ਇਕ ਨਾ ਮੰਨੀ ਪਰ ਇਕ ਦਿਨ ਜਦੋਂ ਨਵਾਬ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਅਨੂਪ ਕੌਰ ਨੇ ਅਪਣੀ ਪੱਤ ਬਚਾਉਣ ਲਈ ਅਪਣੀ ਸ੍ਰੀ ਸਾਹਿਬ ਨੂੰ ਆਪ ਹੀ ਅਪਣੇ ਪੇਟ ਵਿਚ ਮਾਰ ਕੇ ਜਾਨ ਦੇ ਦਿਤੀ ਪਰ ਜਿਊਂਦਿਆਂ ਉਸ ਦੇ ਹੱਥ ਨਾ ਲੱਗੀ ਤੇ ਨਵਾਬ ਨੇ ਉਸ ਦੀ ਲਾਸ਼ ਨੂੰ ਸ਼ਹਿਰ ਤੋਂ ਬਾਹਰ ਲਹਿੰਦੇ ਪਾਸੇ ਇਕ ਪਿੰਡ ਭੂਮਸੀ ਵਿਚ ਦਫ਼ਨਾ ਦਿਤਾ।
ਬਾਬਾ ਨਾਨਕ ਜੀ ਦੀ ਅੰਸ਼ ਵੰਸ਼ ਵਿਚ ਬਾਬਾ ਸਾਹਬ ਸਿੰਘ ਬੇਦੀ 18ਵੀਂ ਸਦੀ ਦੇ ਅਖ਼ੀਰ ਤੇ ਉਨੀਵੀਂ ਸਦੀ ਦੇ ਆਰੰਭ ਵਿਚ ਬੜੇ ਪ੍ਰਭਾਵਸ਼ਾਲੀ ਤੇ ਸ਼ਕਤੀ-ਸ਼ਾਲੀ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੰਨ 1801 ਵਿਚ ਅਪਣੇ ਹੱਥੀਂ ਰਾਜ ਤਿਲਕ ਕੀਤਾ ਸੀ।
Maharaja ranjit singh
ਜਦੋਂ ਬਾਬਾ ਬੇਦੀ ਨੂੰ ਪਤਾ ਲੱਗਾ ਕਿ ਸੰਨ 1705 ਵਿਚ ਨਵਾਬ ਸ਼ੇਰ ਮੁਹੰਮਦ ਖਾਂ ਮਾਲੇਰਕੋਟਲਾ ਨੇ ਬੀਬੀ ਅਨੂਪ ਕੌਰ ਦਾ ਸਤ ਭੰਗ ਕਰਨ ਤੇ ਉਸ ਨੂੰ ਅਪਣੀ ਬੇਗ਼ਮ ਬਣਾਉਣ ਲਈ ਹਰ ਤਰ੍ਹਾਂ ਦੇ ਹਰਬੇ ਵਰਤੇ ਸਨ ਪਰ ਬੀਬੀ ਜੀ ਨੇ ਅਪਣੀ ਆਬਰੂ ਬਚਾਉਣ ਲਈ ਅਪਣੀ ਹੀ ਸ੍ਰੀ ਸਾਹਿਬ ਨਾਲ ਅਪਣੇ ਪ੍ਰਾਣ ਤਿਆਗ ਦਿਤੇ ਸਨ ਤੇ ਨਵਾਬ ਨੇ ਉਸ ਦੀ ਲਾਸ਼ ਸ਼ਹਿਰ ਤੋਂ ਬਾਹਰ ਦਫ਼ਨਾ ਦਿਤੀ ਸੀ ਤਾਂ ਬਾਬਾ ਸਾਹਬ ਸਿੰਘ ਬੇਦੀ ਜੀ ਨੇ ਬਿਕ੍ਰਮੀ ਸੰਮਤ 1885 (ਸੰਨ 1828) ਵਿਚ ਦਸ ਹਜ਼ਾਰ ਫ਼ੌਜ ਲੈ ਕੇ ਮਾਲੇਰਕੋਟਲਾ ਦੇ ਬਾਹਰ ਨਵਾਬ ਨੂੰ ਸੋਧਣ ਲਈ ਡੇਰੇ ਲਗਾ ਦਿਤੇ। ਉਸ ਵੇਲੇ ਮਾਲੇਰਕੋਟਲੇ ਦਾ ਨਵਾਬ ਅਤਾਉਲਾ ਖ਼ਾਨ ਸੀ।
Bibi Anoop Kaur Ji
ਜਦੋਂ ਨਵਾਬ ਅਤਾਉਲਾ ਖ਼ਾਨ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਟਾਕਰਾ ਕਰਨ ਲਈ ਅਪਣੇ ਚਾਰ ਭਤੀਜਿਆਂ ਸਮੇਤ ਵਜ਼ੀਰ ਫਤਿਹ ਖਾਂ, ਹਿੰਮਤ ਖਾਂ, ਦਲੇਰ ਖਾਂ ਤੇ ਅਪਣੇ ਫ਼ੌਜਦਾਰ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਬਾਬਾ ਜੀ ਨਾਲ ਮੁਕਾਬਲਾ ਕੀਤਾ। ਇਸ ਲੜਾਈ ਵਿਚ ਨਵਾਬ ਦੇ ਬਹੁਤ ਸਾਰੇ ਫ਼ੌਜੀ ਅਤੇ ਦੋ ਭਤੀਜੇ ਮਾਰੇ ਗਏ ਜਿਸ ਕਰ ਕੇ ਨਵਾਬ ਨੂੰ ਪਿੱਛੇ ਹੱਟ ਕੇ ਸੁਲਾਹ ਕਰਨ ਬਾਰੇ ਸੋਚਣਾ ਪਿਆ।
ਜਦੋਂ ਨਵਾਬ ਅਤਾਉਲਾ ਖ਼ਾਂ ਨੇ ਪਟਿਆਲੇ ਦੇ ਮਹਾਰਾਜਾ ਸਾਹਬ ਸਿੰਘ ਪਾਸੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਬਾਬਾ ਸਾਹਬ ਸਿੰਘ ਬੇਦੀ ਨਾਲ ਸਮਝੌਤੇ ਦੀ ਗੱਲਬਾਤ ਕਰਨ ਦਾ ਅਧਿਕਾਰ ਬੀਬੀ ਸਾਹਬ ਕੌਰਾਂ ਨੂੰ ਦੇ ਦਿਤਾ ਤੇ ਬੀਬੀ ਸਾਹਬ ਕੌਰ ਨੇ ਅਪਣੇ ਸਿਪਾਹ ਸਲਾਰ ਸਰਦਾਰ ਬਹਾਲੀ ਸਿੰਘ ਤੇ ਸਰਦਾਰ ਚੈਨ ਸਿੰਘ ਨੂੰ ਇਕ ਚਿੱਠੀ ਬਾਬਾ ਜੀ ਦੇ ਨਾਂ ਲਿਖ ਦਿਤੀ। ਜਦੋਂ ਬਾਬਾ ਜੀ ਨੇ ਬੀਬੀ ਜੀ ਵਲੋਂ ਭੇਜੀ ਚਿੱਠੀ ਪੜ੍ਹੀ ਤਾਂ ਉਨ੍ਹਾਂ ਲੜਾਈ ਕਰਨ ਦਾ ਵਿਚਾਰ ਬਦਲ ਦਿਤਾ ਤੇ ਸਮਝੌਤੇ ਉਤੇ ਹੀ ਗੱਲ ਨਿਬੜ ਗਈ।
Sikh Bibi
ਸਮਝੌਤੇ ਅਨੁਸਾਰ ਬਾਬਾ ਜੀ ਨੇ ਬੀਬੀ ਅਨੂਪ ਕੌਰ ਦੀ ਦੇਹ ਭੂੰਮਸੀ ਦੇ ਸੱਦੇ ਵਾਲੇ ਖੂਹ ਦੀਆਂ ਕਬਰਾਂ ਵਿਚੋਂ ਕੱਢ ਕੇ ਉਸ ਦਾ ਸਸਕਾਰ ਕਰ ਦਿਤਾ ਤੇ ਉੱਥੇ ਉਸ ਦੀ ਸਮਾਧ ਬਣਾ ਦਿਤੀ ਗਈ ਤੇ ਨਾਲ ਹੀ ਖੂਹ ਲਗਵਾ ਦਿਤਾ ਤੇ ਉੱਥੇ ਹੀ ਇਕ ਕਿਲ੍ਹਾਨੁਮਾ ਮਕਾਨ ਤੇ ਡਿਉਢੀ ਦਰਵਾਜ਼ਾ ਬਣਾਇਆ ਗਿਆ ਜਿਸ ਦੀ ਹਿਫ਼ਾਜ਼ਤ ਲਈ ਕਈ ਸਿੰਘ ਵੀ ਛੱਡੇ ਗਏ। ਜਿਸ ਕਬਰ ਵਿਚੋਂ ਬੀਬੀ ਅਨੂਪ ਕੌਰ ਦੀ ਦੇਹ ਕੱਢੀ ਗਈ ਸੀ ਤੇ ਜਿਸ ਜਗ੍ਹਾ ਉਸ ਦੀ ਸਮਾਧ ਬਣਾਈ ਗਈ ਸੀ, ਪਤਾ ਲਗਣ ਤੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕੀ ਉੱਥੇ ਦੀਵੇ ਬਾਲ ਕੇ ਪੂਜਣ ਲੱਗ ਪਏ ਸਨ। ਮੁਸਲਮਾਨਾਂ ਨੇ ਇਥੇ ਇਕ ਮਸੀਤ ਵੀ ਬਣਾ ਲਈ ਹੈ ਜਿਸ ਨੂੰ ਕਾਲੀ ਮਸੀਤ ਕਹਿੰਦੇ ਹਨ ਤੇ ਬੀਬੀ ਜੀ ਦੀ ਸਮਾਧ ਪਾਸ ਹੋਰ ਵੀ ਮੁਸਲਮਾਨਾਂ ਨੇ ਕਬਰਾਂ ਬਣਾ ਲਈਆਂ ਸਨ।
Sikh Bibi
ਅੱਜ ਇਸ ਜਗ੍ਹਾ ਦੀ ਸਥਿਤੀ ਇਹ ਹੈ ਕਿ ਇਥੇ ਨਾ ਹੀ ਕਾਲੀ ਮਸੀਤ ਹੈ, ਨਾ ਹੀ ਕਬਰ ਵਾਲੀ ਜਗਾ ਅਤੇ ਨਾ ਹੀ ਬੀਬੀ ਦੀ ਸਮਾਧ ਹੈ ਤੇ ਨਾ ਹੀ ਇੱਥੇ ਮਕਾਨ ਨੁਮਾ ਕਿਲ੍ਹਾ ਤੇ ਨਾ ਹੀ ਦਰਵਾਜ਼ਾ ਹੈ ਤੇ ਨਾ ਹੀ ਕੋਈ ਖੂਹ ਹੈ। ਉੱਥੇ ਤਾਂ ਹੁਣ ਬਸਤੀ ਬਣੀ ਹੋਈ ਹੈ। ਪਰ ਅਫ਼ਸੋਸ ਹੈ ਕਿ ਸਮੂਹ ਸਿੱਖ ਜਥੇਬੰਦੀਆਂ ਤੇ ਧਾਰਮਕ ਸੰਸਥਾਵਾਂ ਨੇ ਇਸ ਦੀ ਸਾਂਭ ਸੰਭਾਲ ਨਾ ਕਰ ਕੇ ਅਪਣਾ ਵਿਰਸਾ ਅਜਾਂਈਂ ਹੀ ਗੁਆ ਲਿਆ ਹੈ, ਜੋ ਮੁਆਫ਼ੀ ਯੋਗ ਨਹੀਂ। ਇਸ ਲਈ ਲੋੜ ਹੈ ਕਿ ਇਸ ਦੀ ਖੋਜ ਕਰ ਕੇ ਬੀਬੀ ਅਨੂਪ ਕੌਰ ਦਾ ਸਥਾਨ ਲੱਭ ਕੇ ਉੱਥੇ ਉਸ ਦੀ ਯਾਦਗਾਰ ਬਣਾਈ ਜਾਵੇ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਬੀਬੀ ਅਨੂਪ ਕੌਰ ਜੀ ਨੂੰ ਯਾਦ ਰੱਖਣ।
ਸੰਪਰਕ : 94175-83145
ਬਲਦੇਵ ਸਿੰਘ ਕੋਰੇ