
ਚਾ ਪਲੂਸੀ, ਖ਼ੁਸ਼ਾਮਦੀ, ਜੀ ਹਜ਼ੂਰੀ ਜਾਂ ਚਮਚਾਗਿਰੀ ਸਾਰੇ ਸਮਅਰਥਕ ਸ਼ਬਦ ਹਨ...............
ਚਾਪਲੂਸੀ, ਖ਼ੁਸ਼ਾਮਦੀ, ਜੀ ਹਜ਼ੂਰੀ ਜਾਂ ਚਮਚਾਗਿਰੀ ਸਾਰੇ ਸਮਅਰਥਕ ਸ਼ਬਦ ਹਨ। ਇਨ੍ਹਾਂ ਸੱਭ ਦਾ ਮਤਲਬ ਹੈ ਕੰਮ ਚੋਰੀ। ਇਹ ਇਕ ਹੁਨਰ ਹੈ ਇਸ ਵਾਸਤੇ ਕੋਈ ਵਿਸ਼ੇਸ਼ ਕੋਰਸ ਨਹੀਂ ਕਰਨਾ ਪੈਂਦਾ, ਬਸ ਸਿਰਫ਼ ਅਪਣੀ ਜ਼ਮੀਰ ਨੂੰ ਮਾਰਨਾ ਹੁੰਦਾ ਹੈ। ਸਾਡੇ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ, ਪਰ ਫਿਰ ਵੀ ਅੰਗਰੇਜ਼ਾਂ ਵੇਲੇ ਦੀ ਗ਼ੁਲਾਮੀ ਦੇ ਤੱਤ ਅੱਜ ਵੀ ਬਹੁਤੇ ਲੋਕਾਂ ਦੇ ਖ਼ੂਨ ਵਿਚ ਜਰਖ਼ੇਜ਼ ਹਨ। ਕਈ ਸਾਲ ਪਹਿਲਾਂ ਦੀ ਗੱਲ ਹੈ ਮੇਰਾ ਇਕ ਥਾਣੇਦਾਰ ਦੋਸਤ ਇਕ ਚਾਪਲੂਸ ਸਿਪਾਹੀ ਦੇ ਵਿਆਹ ਉਤੇ ਮੈਨੂੰ ਅਪਣੇ ਨਾਲ ਲੈ ਗਿਆ। ਅਸੀ ਜਦੋਂ ਉਥੇ ਪਹੁੰਚੇ ਉਹ ਸਿਹਰਾ ਬੰਨੀ ਘੋੜੀ ਉਤੇ ਚੜਿਆ ਬੈਠਾ ਸੀ।
ਜਿਉਂ ਹੀ ਮੇਰਾ ਦੋਸਤ ਉਸ ਨੂੰ ਸ਼ਗਨ ਵਾਲਾ ਲਿਫ਼ਾਫ਼ਾ ਫੜਾਉਣ ਲਗਿਆ ਤਾਂ ਉਸ ਨੇ ਘੋੜੀ ਤੋਂ ਉਤਰ ਕੇ ਸਲੂਟ ਠੋਕਿਆ ਅਤੇ ਕਿਹਾ, ''ਸਰ, ਘੋੜੀ ਉਤੇ ਤੁਸੀ ਬੈਠੋ।'' ਮੇਰੇ ਦੋਸਤ ਨੇ ਕਿਹਾ, ''ਬੇਵਕੂਫ਼ ਚਮਮਾਗਿਰੀ ਛੱਡ, ਸਾਰੇ ਵੇਖ ਰਹੇ ਨੇ। ਇਹ ਦਫ਼ਤਰ ਨਹੀਂ, ਚੁੱਪ ਕਰ ਕੇ ਘੋੜੀ ਉਤੇ ਜਾ ਕੇ ਬੈਠ।'' ਅਜਿਹੇ ਲੋਕਾਂ ਨੂੰ ਤੁਹਾਨੂੰ ਕਿਤੇ ਲੱਭਣ ਜਾਣ ਦੀ ਜ਼ਰੂਰਤ ਨਹੀਂ, ਇਹ ਆਪ ਹੀ ਤੁਹਾਡੇ ਵਿਚ ਆ ਕੇ ਵਜਣਗੇ। ਇਹ ਲੋਕ ਸਾਡੀ ਸਰਕਾਰ ਵਿਚ ਸਕੂਲਾਂ, ਕਾਲਜਾਂ, ਸਰਕਾਰੀ ਅਦਾਰਿਆਂ ਅਤੇ ਹੋਰ ਕਈ ਮਹੱਤਵਪੂਰਨ ਵਿਭਾਗਾਂ ਵਿਚ ਆਮ ਹੀ ਮਿਲ ਜਾਂਦੇ ਹਨ।
ਇਹ ਲੋਕ ਅਪਣੇ ਕੰਮ ਦਾ ਡੱਕਾ ਤਕ ਨਹੀਂ ਤੋੜਦੇ ਨਾ ਹੀ ਇਨ੍ਹਾਂ ਨੂੰ ਅਪਣੇ ਕੰਮ ਵਿਚ ਕੋਈ ਦਿਲਚਸਪੀ ਹੁੰਦੀ ਹੈ। ਬਸ ਇਹ ਅਪਣੇ ਇਸੇ ਹੁਨਰ ਦਾ ਹੀ ਖੱਟਿਆ ਖਾਂਦੇ ਹਨ। ਇਹ ਲੋਕ ਕੋਈ ਦਰਜਾ ਚਾਰ ਮੁਲਾਜ਼ਮ ਨਹੀਂ ਹੁੰਦੇ ਇਹ ਚੰਗੇ-ਚੰਗੇ ਅਹੁਦਿਆਂ ਉਤੇ ਤਾਇਨਾਤ ਹੁੰਦੇ ਹਨ। ਇਨ੍ਹਾਂ ਨੂੰ ਦਫ਼ਤਰ ਦਾ ਕੰਮ ਨਾ ਕਹੋ। ਇਹ ਲੋਕ ਅਪਣੇ ਸੀਨੀਅਰ ਅਫ਼ਸਰ ਦੇ ਘਰ ਦਾ ਕੰਮ ਕਰ ਕੇ ਬਹੁਤ ਖ਼ੁਸ਼ ਹੁੰਦੇ ਹਨ। ਕੋਈ ਬਿੱਲ ਭਰਨਾ ਹੋਵੇ, ਕਿਤੇ ਕੋਈ ਪੈਸੇ ਜਮ੍ਹਾਂ ਕਰਵਾਉਣੇ ਹੋਣ ਜਾਂ ਕਢਵਾਉਣੇ ਹੋਣ। ਇਹ ਲੋਕ ਭੱਜੇ-ਭੱਜੇ ਜਾਂਦੇ ਹਨ। ਇਥੋਂ ਤਕ ਕਿ ਤੁਹਾਡੇ ਬੱਚੇ ਦੀ ਸਕੂਲ ਦੀ ਵੈਨ ਖ਼ਰਾਬ ਹੋ ਜਾਵੇ ਤਾਂ ਇਨ੍ਹਾਂ ਨੂੰ ਹੁਕਮ ਦੇਵੋ ਫਿਰ ਵੇਖੋ ਕਿਵੇਂ ਭਜਦੇ ਹਨ।
ਕਈ ਵਾਰ ਤਾਂ ਇਹ ਤੁਹਾਡੀ ਗੱਲ ਪੂਰੀ ਅਤੇ ਧਿਆਨ ਨਾਲ ਵੀ ਨਹੀਂ ਸੁਣਦੇ ਬਸ ਭੱਜਣ ਦੀ ਗੱਲ ਕਰਦੇ ਹਨ। ਇਥੇ ਮੈਨੂੰ ਇਕ ਅਪਣੇ ਨਾਲ ਬੀਤੀ ਘਟਨਾ ਯਾਦ ਆ ਗਈ, ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੇਰੀ ਬਦਲੀ ਪਟਿਆਲੇ ਤੋਂ ਮਾਨਸਾ ਹੋ ਗਈ ਸੀ, ਅਜੇ ਸਰਕਾਰੀ ਕੋਠੀ ਵਿਚ ਸਾਮਾਨ ਹੀ ਸਿਫ਼ਟ ਕਰ ਰਹੇ ਸਾਂ ਕਿ ਮੇਰੇ ਦਫ਼ਤਰ ਦਾ ਅਜਿਹਾ ਹੀ ਇਕ ਕਰਮਚਾਰੀ ਆ ਧਮਕਿਆ। ਉਸ ਨੇ ਅਪਣਾ ਨਾਮ ਦਸ ਕੇ ਅਤੇ ਨਮਸਤੇ ਕਰਨ ਉਪਰੰਤ ਉਸ ਨੇ ਕਿਹਾ, ''ਸਰ ਜੀ ਮੈਂ ਆਪ ਜੀ ਦੇ ਦਫ਼ਤਰ ਦਾ ਮੁਲਾਜ਼ਮ ਹਾਂ। ਤੁਸੀਂ ਇਥੇ ਨਵੇਂ ਆਏ ਹੋ, ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਬਿਨਾਂ ਸੰਕੋਚ ਮੈਨੂੰ ਕਹਿ ਸਕਦੇ ਹੋ।
ਮੈਂ ਇਸੇ ਕਾਲੋਨੀ ਵਿਚ, ਔਹ ਸਹਾਮਣੇ ਹੀ ਰਹਿੰਦਾ ਹਾਂ।'' ਮੈਂ ਕਿਹਾ, ''ਬਹੁਤ-ਬਹੁਤ ਧਨਵਾਦ। ਫਿਲਹਾਲ ਤਾਂ ਅਜਿਹਾ ਕੋਈ ਕੰਮ ਨਹੀਂ।'' ਮੈਂ ਅਜੇ ਗੱਲ ਪੂਰੀ ਤਰ੍ਹਾਂ ਖ਼ਤਮ ਵੀ ਨਹੀਂ ਕੀਤੀ ਸੀ ਕਿ ਧਰਮ ਪਤਨੀ ਮੈਨੂੰ ਕਹਿਣ ਲੱਗੀ, ''ਜੀ ਇਕ ਮਾਈ ਚਾਹੀਦੀ ਐ।'' ਉਸ ਨੂੰ ਮਾਈ ਸ਼ਬਦ ਦੀ ਸ਼ਾਇਦ ਚੰਗੀ ਤਰ੍ਹਾਂ ਸਮਝ ਨਹੀਂ ਆਈ ਸੀ। ਅਗਲੇ ਹੀ ਦਿਨ ਉਹ ਇਕ ਔਰਤ ਨੂੰ ਨਾਲ ਲੈ ਕੇ ਕੋਠੀ ਆ ਗਿਆ। ਮੈਂ ਕਿਹਾ ''ਇਹ ਕੌਣ ਐ ਬਈ?'' ''ਸਰ ਜੀ, ਇਹ ਦਾਈ ਐ ਕੱਲ ਬੀਬੀ ਜੀ ਕਹਿ ਰਹੇ ਸੀ ਇਕ ਦਾਈ ਚਾਹੀਦੀ ਐ।'' ਮੈਂ ਕਿਹਾ, ''ਬੇਵਕੂਫ਼ ਉਸ ਨੇ ਮਾਈ ਕਿਹਾ ਸੀ ਮਾਈ।'' ''ਸੌਰੀ ਸਰ, ਸ਼ਾਇਦ ਮੈਂ ਹੀ ਠੀਕ ਤਰ੍ਹਾਂ ਨਹੀਂ ਸਮਝਿਆ।''
ਇਨ੍ਹਾਂ ਲੋਕਾਂ ਦਾ ਕੰਮ ਅਫ਼ਸਰ ਦੇ ਅੱਗੇ ਪਿੱਛੇ ਪੂਛ ਹਿਲਾਉਣਾ ਹੀ ਹੁੰਦਾ ਹੈ। ਬਹੁਤੇ ਅਫ਼ਸਰ ਤਾਂ ਇਨ੍ਹਾਂ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੇ ਪਰ ਕਈ ਨੂੰ ਇਹ ਬਹੁਤ ਫਿੱਟ ਬੈਠਦੇ ਹਨ। ਇਹ ਅਫ਼ਸਰ ਦੇ ਛੋਟੇ ਮੋਟੇ ਘਰੇਲੂ ਕੰਮ ਕਰਦੇ ਰਹਿਣੇ ਹਨ ਤੇ ਅਪਣੀ ਡਿਊਟੀ ਤੋਂ ਬਚੇ ਰਹਿੰਦੇ ਹਨ। ਅਜਿਹੇ ਲੋਕ ਅਪਣੇ ਬੱਚਿਆਂ ਨੂੰ ਕਦੇ ਚੰਗੇ ਸਸਕਾਰ ਨਹੀਂ ਦੇ ਸਕਦੇ। ਕਿਸੇ ਉੱਚ ਕੋਟੀ ਦੇ ਅਫ਼ਸਰ ਜਾਂ ਕਿਸੇ ਮੰਤਰੀ ਦਾ ਛੋਟਾ ਮੋਟਾ ਦੁਮਛੱਲਾ ਹੀ ਅਪਣੇ ਆਪ ਨੂੰ ਖੱਬੀਖਾਨ ਸਮਝਣ ਲੱਗ ਪੈਂਦਾ ਹੈ। ਅਫ਼ਸਰਾਂ ਦਾ ਨਾਮ ਵਰਤ ਕੇ ਕਿੰਨੀ ਵਾਰ ਭੋਲੀ-ਭਾਲੀ ਜਨਤਾ ਨੂੰ ਦਬਕੇ ਮਾਰਦੇ ਵੇਖੇ ਜਾਂਦੇ ਹਨ।
ਵਿਚੋਲਗੀ ਕਰਨਾ, ਅਸਾਮੀ ਲੱਭਣਾ ਅਤੇ ਅਫ਼ਸਰ ਦੀ ਮੁੱਠੀ ਗਰਮ ਕਰਨ ਵਿਚ ਸਹਿਯੋਗ ਦੇਣਾ, ਇਨ੍ਹਾਂ ਦੇ ਕਾਰਜ ਖੇਤਰ ਵਿਚ ਆਉਂਦਾ ਹੈ। ਇਹ ਅਫ਼ਸਰ ਦੇ ਹਰ ਤਰ੍ਹਾਂ ਦੇ ਗ਼ਲਤ ਤੇ ਕਾਲੇ ਕਾਰਨਾਮਿਆਂ ਦੇ ਰਾਜ਼ਦਾਰ ਹੁੰਦੇ। ਅਫ਼ਸਰ ਵੀ ਕਈ ਵਾਰ ਇਨ੍ਹਾਂ ਤੋਂ ਧੋਖਾ ਖਾ ਜਾਂਦੇ ਹਨ। ਅਜਿਹੇ ਲੋਕਾਂ ਸਦਕਾ ਹੀ ਬੇਈਮਾਨੀ, ਰਿਸ਼ਵਤਖੋਰੀ ਤੇ ਕਾਲੇ ਧੰਦਿਆਂ ਨੂੰ ਬੜ੍ਹਾਵਾ ਮਿਲਦਾ ਹੈ। ਅਜਿਹਾ ਨਹੀਂ ਕਿ ਸਾਰੇ ਅਫ਼ਸਰ ਬੇਈਮਾਨ ਹੁੰਦੇ ਹਨ, ਵਿਚ-ਵਿਚ ਇਮਾਨਦਾਰ ਵੀ ਵੇਖਣ ਨੂੰ ਮਿਲ ਜਾਂਦੇ ਹਨ, ਪਰ ਅਜਿਹੇ ਅਫ਼ਸਰ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਇਨ੍ਹਾਂ ਦੀ ਮਾਤਰਾ ਆਟੇ ਵਿਚ ਲੂਣ ਬਰਾਬਰ ਹੁੰਦੀ ਹੈ।
ਕਈ ਵਾਰ ਅਫ਼ਸਰ ਅਪਣੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਇਹ ਚਾਪਲੂਸ ਚਮਚੇ ਅਤੇ ਝੋਲੀਚੁੱਕ ਉਸ ਨੂੰ ਸੁਧਰਣ ਨਹੀਂ ਦਿੰਦੇ। ਕਿਹਾ ਜਾਂਦਾ ਹੈ : ਰੰਡੀਆਂ ਤਾਂ ਕੱਟ ਲੈਂਦੀਆਂ ਨੇ ਰੰਡੇਪਾ ਘਰਾਂ ਵਿਚ ਬੈਠ ਕੇ ਵੀ,
ਪਰ ਮੁਸ਼ਟੰਡੇ ਆ ਸਤਾਉਂਦੇ ਨੇ ਆਦਮੀ।
ਅਫ਼ਸਰਾਂ ਨੂੰ ਚਾਹੀਦੈ ਅਜਿਹੇ ਅਨਸਰਾਂ ਤੋਂ ਅਪਣਾ ਫ਼ਾਸਲਾ ਬਣਾ ਕੇ ਰੱਖਣ ਅਤੇ ਅਪਣੇ ਆਪ ਨੂੰ ਫ਼ਰਜ਼ ਅਤੇ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਤ ਕਰਨ। ਸਰਕਾਰੀ ਫ਼ੰਡਾਂ ਦੀ ਸਹੀ ਅਤੇ ਯੋਗ ਥਾਂ ਵਰਤੋਂ ਕਰਨ ਅਤੇ ਇਮਾਨਦਾਰੀ ਦਾ ਦਾਮਨ ਘੁੱਟ ਕੇ ਫੜ ਕੇ ਰੱਖਣ ਫਿਰ ਵੇਖਣਾ ਮਨ ਕਿਵੇਂ ਚਿੰਤਾ ਮੁਕਤ ਅਤੇ ਸ਼ਾਂਤ ਰਹਿੰਦਾ ਹੈ। ਤੁਹਾਡਾ ਸ਼ੁੱਧ ਤੇ ਸਾਫ਼ ਸੁਥਰਾ ਚਰਿੱਤਰ ਦੂਜਿਆਂ ਦਾ ਮਾਰਗ ਦਰਸ਼ਨ ਕਰੇਗਾ।
ਸੰਪਰਕ : 99888-73637