Article: ਮੌਤ ਦੀ ਨਾਇਕਾ
Published : Jul 30, 2024, 2:45 pm IST
Updated : Jul 30, 2024, 3:26 pm IST
SHARE ARTICLE
Article: Heroine of Death
Article: Heroine of Death

ਕੱਦ ਦੀ ਮਧਰੀ, ਸ੍ਰੀਰਕ ਪੱਖੋਂ ਮੋਟੀ ਸੀ ਪਰ ਬਹੁਤੀ ਮੋਟੀ ਨਹੀਂ ਸੀ। ਰੰਗ ਕਾਲਾ, ਮੋਟੇ ਮੋਟੇ ਨੈਣ ਨਕਸ਼, ਇਕ ਅੱਖੋਂ ਅੱਧੀ ਕੁ ਕਾਣੀ ਤੇ ਮੂੰਹ ’ਤੇ ਚੇਚਕ ਦੇ ਦਾਗ਼

Article Heroine of Death: ਕੱਦ ਦੀ ਮਧਰੀ, ਸ੍ਰੀਰਕ ਪੱਖੋਂ ਮੋਟੀ ਸੀ ਪਰ ਬਹੁਤੀ ਮੋਟੀ ਨਹੀਂ ਸੀ। ਰੰਗ ਕਾਲਾ, ਮੋਟੇ ਮੋਟੇ ਨੈਣ ਨਕਸ਼, ਇਕ ਅੱਖੋਂ ਅੱਧੀ ਕੁ ਕਾਣੀ ਤੇ ਮੂੰਹ ’ਤੇ ਚੇਚਕ ਦੇ ਦਾਗ਼, ਉਸ ਦੀ ਬਦਸੂਰਤੀ ਨੂੰ ਹੋਰ ਵਧਾਉਂਦੇ ਸਨ ਪਰ ਉਸ ਤੋਂ ਵੀ ਵੱਧ ਗਲੀ ਦੀਆਂ ਤ੍ਰੀਮਤਾਂ ਜਦ ਮੂੰਹ ਜੋੜ ਜੋੜ ਕੇ ਉਸ ਦੀਆਂ ਗੱਲਾਂ ਕਰਦੀਆਂ ਤਾਂ ਜਵਾਕਾਂ ਦੇ ਮਨ ’ਚ ਉਸ ਲਈ ਹੋਰ ਡਰ ਉਤਪੰਨ ਹੋ ਜਾਂਦਾ।

 ਉਹ ਇਕ ਲੰਮੇ ਜਹੇ ਕੱਚੇ ਘਰ ’ਚ ਰਹਿੰਦੀ ਸੀ। ਘਰ ਦੇ ਇਕ ਪਾਸੇ ਇਕ ਕਤਾਰ ’ਚ ਤਿੰਨ-ਚਾਰ ਕੋਠੜੀਆਂ ਛੱਤੀਆਂ ਹੋਈਆਂ ਸਨ ਜਿਸ ’ਚ ਪ੍ਰਵਾਸੀ ਮਜ਼ਦੂਰ ਰਹਿੰਦੇ ਸਨ ਤੇ ਅਖ਼ੀਰ ਵਾਲੀ ਵੱਡੀ ਕੋਠੜੀ ’ਚ ਉਹ, ਉਸ ਦਾ ਘਰਵਾਲਾ ਭਲਵਾਨ ਗੱਡੇਵਾਲਾ ਤੇ ਦੋ ਜਵਾਕ ਰਹਿੰਦੇ ਸਨ। ਉਸ ਦੀ ਵੱਡੀ ਕੁੜੀ ਰਾਣੋ ਸੀ ਤੇ ਛੋਟਾ ਮੁੰਡਾ ਸੀ। ਉਨ੍ਹਾਂ ਨੂੰ ਬੁਲਾਉਂਦਾ ਤਾਂ ਕੋਈ ਨਹੀਂ ਸੀ ਪਰ ਉਨ੍ਹਾਂ ਦੀਆਂ ਮੂੰਹ ਜੋੜ-ਜੋੜ ਕੇ ਗੱਲਾਂ ਸਾਰੇ ਕਰਦੇ ਸਨ। ਉਨ੍ਹਾਂ ਦੀ ਦੁਨੀਆਂ ਵੀ ਉਨ੍ਹਾਂ ਦੇ ਟੁੱਟੀ ਲਕੜੀਆਂ ਦੀਆਂ ਫੱਟੀਆਂ ਵਾਲੇ ਛੋਟੇ ਜਹੇ ਦਰਵਾਜ਼ੇ ਦੇ ਅੰਦਰ ਹੀ ਸੀ।


ਲੋਕ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਕਿ ਕਈ ਸਾਲ ਪਹਿਲਾਂ ਬੌਰੀ ਨੇ ਹੋਰ ਤਿੰਨ ਚਾਰ ਬੰਦਿਆਂ ਨਾਲ ਰਲ ਕੇ ਰਾਤ ਨੂੰ ਕੋਈ ਮਾੜੇ ਮੋਟੇ ਲੈਣ ਦੇਣ ਪਿੱਛੇ ਬੰਦਾ ਮਾਰ ਦਿਤਾ ਸੀ ਜਿਸ ਕਰ ਕੇ ਉਹ ਸਜ਼ਾ ਪੂਰੀ ਕਰ ਕੇ ਕਈ ਸਾਲਾਂ ਬਾਅਦ ਰਿਹਾਅ ਹੋ ਕੇ ਆਈ ਸੀ। ਉਸ ਦੇ ਦੋਵੇਂ ਜਵਾਕ ਉਥੋਂ ਛੁੱਟ ਕੇ ਆਉਣ ਤੋਂ ਬਾਅਦ ’ਚ ਹੀ ਹੋਏ ਸਨ। ਇਹ ਗੱਲਾਂ ਸੁਣ ਕੇ ਜਵਾਕਾਂ ਨੂੰ ਉਹ ਹੋਰ ਡਰਾਉਣੀ ਲਗਦੀ। ਉਸ ਨੂੰ ਦੂਰੋਂ ਆਉਂਦੀ ਨੂੰ ਦੇਖ ਕੇ  ਜਵਾਕ ਗਲੀ ’ਚ ਖੇਡਦੇ ਖੇਡਦੇ ਅਪਣੇ ਘਰਾਂ ਅੰਦਰ ਨੂੰ ਨੱਠ ਪੈਂਦੇ। ਕਦੇ ਉਹ ਦੁੱਧ ਵਰਗਾ ਚਿੱਟਾ ਸੂਟ ਪਾ ਕੇ ਲੰਘਦੀ, ਕਦੇ ਉਹ ਲਾਲ ਸੂਹਾ ਸੂਟ ਪਾ ਕੇ ਲੰਘਦੀ ਤਾਂ ਗਲੀ ਦੀਆਂ ਤੀਵੀਆਂ ਆਖਦੀਆਂ, ‘‘ਨੀ ਸੁਣਿਆ ਏ ਇਸ ਨੇ ਹੋਰ ਖਸਮ ਕਰ ਲਿਐ!’’ ਦੂਜੀ ਨੇ ਕਹਿਣਾ, ‘‘ਇਹੋ ਜਹੀਆਂ ਨੂੰ ਖਸਮਾਂ ਦੇ ਘਾਟੇ....ਨਿਤ ਨਵੇਂ ਖਸਮ ਬਣਾਉਂਦੀਆਂ ਨੇ ਇਹੋ ਜਹੀਆਂ...!’’


ਸੁਣਿਆ ਸੀ ਕਿ ਉਸ ਦਾ ਘਰਵਾਲਾ ਉਂਜ ਤਾਂ ਜ਼ਿੰਮੀਂਦਾਰ ਸੀ ਪਰ ਨਸ਼ਾ ਪੱਤਾ ਕਰਦਾ ਹੋਣ ਕਰ ਕੇ ਅਪਣੀ ਜ਼ਮੀਨ ਵੇਚ ਦਿਤੀ ਸੀ ਤੇ ਵਿਆਹ ਨਾ ਹੋਣ ਕਰ ਕੇ ਉਹ ਇਸ ਨੂੰ ਮੁੱਲ ਖ਼ਰੀਦ ਕੇ ਲਿਆਇਆ ਸੀ। ਉਹ ਛੇ ਫ਼ੁੱਟ ਲੰਮਾ ਸੀ ਤੇ ਗੱਡਾ ਚਲਾਉਂਦਾ ਸੀ ਇਸ ਲਈ ਸ਼ਾਇਦ ਉਸ ਨੂੰ ਭਲਵਾਨ ਗੱਡੇਵਾਲਾ ਆਖਦੇ ਸਨ। ਪਰ ਦੋਵਾਂ ਦੀ ਉਮਰ ਦਾ ਕਾਫ਼ੀ ਫ਼ਰਕ ਸੀ। ਕਰਤਾਰੋ ਤੇ ਭਲਵਾਨ ਦੀ ਕਈ ਵਾਰ ਲੜਾਈ ਹੁੰਦੀ ਤਾਂ ਉਹ ਅਪਣੇ ਬੰਦੇ ਨੂੰ ਉੱਚੀ ਉੱਚੀ ਸਿੱਧੀਆਂ ਹੀ ਬੰਦਿਆਂ ਵਾਲੀਆਂ ਗਾਲ੍ਹਾਂ ਕਢਦੀ ਤਾਂ ਅੱਧੀ ਰਾਤ ਨੂੰ ਦੂਰ-ਦੂਰ ਤਕ ਸੁਣਦੀਆਂ। ਅਪਣੀ ਧੀ ਰਾਣੋ ਨੂੰ ਉਸ ਨੇ ਸਕੂਲ ’ਚ  ਲਾਇਆ ਹੋਇਆ ਸੀ ਤੇ ਉਹ ਅਪਣੇ ਪਿਉ ਵਾਂਗ ਸੁਨੱਖੀ ਵੀ ਸੀ ਪਰ ਮਜ਼ਾਲ ਹੈ ਕਿ ਕਰਤਾਰੋ ਬੌਰੀ ਉਸ ਦੇ ਸਿਰ ਤੋਂ ਉਸ ਦੀ ਚੁੰਨੀ ਉਤਰਨ ਦੇ ਦੇਵੇ।

ਰਾਣੋ ਛੇਵੀਂ ਜਮਾਤ ’ਚ ਪੜ੍ਹਦੀ ਸੀ। ਇਕ ਦਿਨ ਰਾਣੋ ਜਦ ਸਕੂਲ ਤੋਂ ਘਰ ਆਈ ਤਾਂ ਕਰਤਾਰੋ ਬੌਰੀ ਨੇ ਉਸ ਨੂੰ ਆਉਂਦੀ ਨੂੰ ਹੀ ਡੰਡਿਆਂ ਨਾਲ ਕੁਟਣਾ ਸ਼ੁਰੂ ਕਰ ਦਿਤਾ ਕਿਉਂਕਿ ਕਰਤਾਰੋ  ਨੇ ਦੂਰੋਂ ਹੀ ਉਸ ਦੇ ਸਿਰ ਤੋਂ ਚੁੰਨੀ ਉਤਰੀ ਵੇਖ ਲਈ ਸੀ। ਘਰ ਦੇ ਕੰਮ ਵੀ ਰਾਣੋ ਹੀ ਕਰਦੀ ਸੀ। ਉਸ ਨੇ ਅਪਣੀ ਕੁੜੀ ਨੂੰ ਸਤਵੀਂ ਜਮਾਤ ’ਚੋਂ ਹੀ ਪੜ੍ਹਨੋਂ ਹਟਾ ਲਿਆ ਸੀ। ਕਰਤਾਰੋ ਦੀ ਇੱਜ਼ਤ ਬਾਰੇ ਲੋਕ ਜੋ  ਮਰਜ਼ੀ ਗੱਲ ਕਰਦੇ ਸਨ ਪਰ ਰਾਣੋ ਨੂੰ ਉਸ ਨੇ ਤੀਰ ਵਾਂਗ ਸਿੱਧੀ ਰਖਿਆ ਹੋਇਆ ਸੀ। ਅਪਣੀ ਧੀ ਦੀ ਇੱਜ਼ਤ ਨੂੰ ਮਹਿਫ਼ੂਜ਼ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰਖਣਾ ਸ਼ਾਇਦ ਉਹ ਇਕ ਮਾਂ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦੀ ਸੀ। ਰਾਣੋ ਨੂੰ ਅਜੇ ਪੰਦਰਵਾਂ ਸਾਲ ਹੀ ਲਗਿਆ ਸੀ ਕਿ ਉਸ ਨੇ ਰਾਣੋ ਦਾ ਵਿਆਹ ਕਰ ਦਿਤਾ ਸੀ।

ਉਹ ਕੁੜੀ ਦੇ ਵਿਆਹ ਦੇ ਕਾਰਡ ਘਰ-ਘਰ ਜਾ ਕੇ ਆਪ ਦੇ ਕੇ ਆਈ। ਉਸ ਦੀ ਕੁੜੀ ਦੇ ਵਿਆਹ ’ਤੇ ਗਲੀ ’ਚੋਂ ਕੋਈ ਗਿਆ ਤਾਂ ਨਹੀਂ ਸੀ ਪਰ ਉਸ ਦੇ ਘਰ ਕਨਾਤਾਂ ਲਗੀਆਂ ਹੋਈਆਂ ਤੇ ਸ਼ਹਿਨਾਈਆਂ ਵਜਦੀਆਂ ਵੇਖ ਕੇ ਮੁਹੱਲੇ ਦੇ ਜਵਾਕਾਂ ਦੇ ਮਨ ਅੰਦਰੋਂ ਉਸ ਪ੍ਰਤੀ ਭੈਅ ਤੇ ਨਫ਼ਰਤ ਜਹੀ ਖ਼ਤਮ ਹੋ ਗਈ ਸੀ। ਉਨ੍ਹਾਂ ਨੇ ਅਪਣੇ ਪ੍ਰਵਾਰ ਦੇ ਵੱਡਿਆਂ ਦੇ ਮੂੰਹੋਂ ਹੁਣ ਤਕ ਉਸ ਦੀਆਂ ਜੋ ਗੱਲਾਂ ਸੁਣੀਆਂ ਸਨ ਉਹ ਧੁੰਦਲੀਆਂ ਪੈ ਕੇ ਹੁਣ ਕਰਤਾਰੋ ਉਨ੍ਹਾਂ ਨੂੰ ਹੈਵਾਨ ਤੋਂ ਇਨਸਾਨ ਜਾਪਣ ਲੱਗੀ ਸੀ।
ਉਸ ਨੇ ਅਪਣੀ ਧੀ ਨੂੰ ਪੂਰੀ ਇੱਜ਼ਤ ਨਾਲ ਅਪਣੇ ਘਰ ਤੋਰ ਕੇ ਇਕ ਚੰਗੀ ਮਾਂ ਹੋਣ ਦਾ ਸਬੂਤ ਦਿਤਾ ਸੀ।

ਮੁਹੱਲੇ ਦੇ ਲੋਕ ਚਾਹੇ ਉਸ ਨੂੰ ਬੁਲਾਉਂਦੇ ਤਾਂ ਨਹੀਂ ਸਨ ਪਰ ਹੁਣ ਧੀ ਨੂੰ ਸਮੇਂ ਸਿਰ ਇੱਜ਼ਤ ਨਾਲ ਅਪਣੇ ਘਰ ਤੋਰਨ ਦੀਆਂ ਗੱਲਾਂ ਕਰਦੇ ਤੇ ਉਨ੍ਹਾਂ ਨੇ ਕਰਤਾਰੋ ਦੀਆਂ ਹੋਰ ਗੱਲਾਂ ਕਰਨੀਆਂ ਘੱਟ ਕਰ ਦਿਤੀਆਂ ਸਨ ਤੇ ਗਲੀ ਦੇ ਜਵਾਕਾਂ ਨੂੰ ਵੀ ਉਹ ਆਮ ਜਹੀ ਔਰਤ ਜਾਪਣ ਲੱਗੀ ਸੀ। ਕੱੁਝ ਸਾਲਾਂ ਮਗਰੋਂ ਉਸ ਨੇ ਮੁੰਡੇ ਦਾ ਵਿਆਹ ਰੱਖ ਲਿਆ। ਉਸ ਨੇ ਪਹਿਲਾਂ ਵਾਂਗ ਹੀ ਲੋਕਾਂ ਨੂੰ ਵਿਆਹ ’ਤੇ ਬੁਲਾਇਆ ਪਰ ਉਸ ਦੇ ਘਰ ਤਾਂ ਮੁਹੱਲੇ ’ਚੋਂ ਕਿਸੇ ਨੇ ਵਿਆਹ ’ਤੇ ਜਾਣਾ ਨਹੀਂ ਸੀ ਕਿਉਂਕਿ ਉਹ ਉਸ ਨਾਲ ਵਰਤ ਕੇ ਅਪਣੀ ਹੱਤਕ ਨਹੀਂ ਕਰਵਾਉਣਾ ਚਾਹੁੰਦੇ ਸਨ।


ਵਿਆਹ ਤੋਂ ਇਕ ਦਿਨ ਪਹਿਲਾਂ ਉਹ ਅਪਣੇ ਵਿਹੜੇ ’ਚ ਮਹਿਮਾਨਾਂ ਨਾਲ ਬੈਠੀ ਹੱਸ ਖੇਡ ਰਹੀ ਸੀ ਕਿ ਅਚਾਨਕ ਉੱਚੀ ਆਵਾਜ਼ ’ਚ ਆਖਣ ਲੱਗੀ, ‘‘ਮੇਰੇ ਸਿਰ ’ਚ ਇੱਟ ਵੱਜੀ ਹੈ...!’’ ਭਲਵਾਨ ਤੇ ਮਹਿਮਾਨ ਉਸ ਨੂੰ ਆਖਣ ਲੱਗੇ, ‘‘ਤੂੰ ਤਾਂ ਚੰਗੀ ਭਲੀ ਬੈਠੀ ਏਂ... ਕਿੱਥੇ ਹੈ ਇੱਟ?’’  
ਕਰਤਾਰੋ ਸਮਝ ਗਈ ਸੀ ਤੇ ਭਲਵਾਨ ਨੂੰ ਆਖਣ ਲੱਗੀ, ‘‘ਮੈਂ ਚੱਲੀ ਹਾਂ... ਮੁੰਡੇ ਦਾ ਵਿਆਹ ਨਾ ਰੋਕੀਂ, ਸਵੇਰੇ ਬਰਾਤ ਚੜ੍ਹਾ ਕੇ ਵਿਆਹ ਲਿਆਵੀਂ’’ ਕਹਿ ਕੇ ਉੱਥੇ ਹੀ ਡਿੱਗ ਪਈ। ਭਲਵਾਨ ਤੇ ਆਏ ਰਿਸ਼ਤੇਦਾਰਾਂ ਨੇ ਉਸ ਦਾ ਸਸਕਾਰ ਉਸੇ ਦਿਨ ਕਰ ਦਿਤਾ ਤੇ ਉਸ ਦੇ ਕਹੇ ਮੁਤਾਬਕ ਦੂਜੇ ਦਿਨ ਸਵੇਰ ਨੂੰ ਮੁੰਡੇ ਦੀ ਬਰਾਤ ਵੀ ਚੜ੍ਹਾਈ ਤੇ ਮੁੰਡਾ ਵਿਆਹ ਲਿਆਂਦਾ।


ਕਰਤਾਰੋ ਦੀ ਮੌਤ ਦੀਆਂ ਗੱਲਾਂ ਘਰ-ਘਰ ਹੋ ਰਹੀਆਂ ਸਨ ਕਿ ਕਿੰਨੀ ਚੰਗੀ ਮੌਤ ਹੋਈ ਸੀ। ਹਾਏ-ਤੌਬਾ ਕੀਤੇ ਬਿਨਾਂ ਹੀ ਉਹ ਇਸ ਜਹਾਨੋਂ ਹਸਦੀ ਖੇਡਦੀ ਤੁਰ ਗਈ ਸੀ। ਕੋਈ ਔਰਤ ਆਖਦੀ, ‘‘ਮਾੜੇ ਲੋਕਾਂ ਤੋਂ ਤਾਂ ਭਾਈ ਰੱਬ ਵੀ ਡਰਦੈ...ਬਿਨਾ ਦੁੱਖ ਦਿਤੇ ਹੀ ਲੈ ਜਾਂਦਾ ਹੈ।’’ ਕੋਈ ਆਖਦੀ, ‘‘ਉਸ ਦੇ ਪਾਪ ਤਾਂ ਸਾਰੇ ਲੋਕਾਂ ਨੇ ਚੁਗਲੀਆਂ ਕਰ-ਕਰ ਕੇ ਹੀ ਧੋ ਦਿਤੇ ਤਦ ਹੀ ਉਹ ਝੱਟ ਦੇਣੇ ਤੁਰ ਗਈ।’’ ਇਸ ਤਰ੍ਹਾਂ ਦੁਨੀਆਂ ਦੀ ਖ਼ਲਨਾਇਕਾ ਮੌਤ ਦੀ ਨਾਇਕਾ ਬਣ ਗਈ ਸੀ।

c

ਬਰਜਿੰਦਰ ਕੌਰ ਬਿਸਰਾਓ
ਮੋਬਾ: 99889-01324

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement