
ਟਰੇਨਿੰਗ ਪੂਰੀ ਕਰਨ ਉਪਰੰਤ ਚਾਰ ਕੁ ਹਫ਼ਤੇ ਬਾਅਦ ਮੈਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ ਪਰ ਮਿਲੀ ਕਿਸੇ ਦੂਸਰੇ ਜ਼ਿਲ੍ਹੇ ਵਿਚ।
ਟਰੇਨਿੰਗ ਪੂਰੀ ਕਰਨ ਉਪਰੰਤ ਚਾਰ ਕੁ ਹਫ਼ਤੇ ਬਾਅਦ ਮੈਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ ਪਰ ਮਿਲੀ ਕਿਸੇ ਦੂਸਰੇ ਜ਼ਿਲ੍ਹੇ ਵਿਚ। ਜਿਸ ਕਾਰਨ ਮੈਨੂੰ ਘਰੋਂ ਬਾਹਰ ਹੀ ਰਹਿਣਾ ਪੈਂਦਾ ਸੀ ਕਿਉਂਕਿ ਸੜਕਾਂ ਕੱਚੀਆਂ ਹੋਣ ਕਾਰਨ ਆਉਣਾ ਜਾਣਾ ਔਖਾ ਸੀ। ਸਰਕਾਰੀ ਡਿਊਟੀ ਦੇ ਨਾਲ-ਨਾਲ ਖੱਬੂ ਸਾਹਿਤ ਪੜ੍ਹਿਆ ਹੋਣ ਕਰ ਕੇ ਮੈਂ ਅਧਿਆਪਕ ਜਥੇਬੰਦੀਆਂ ਵਿਚ ਵਿਚ ਮੂਹਰਲੀਆਂ ਕਤਾਰਾਂ ਵਿਚ ਭਾਗ ਲੈਣ ਲੱਗਾ।
ਉਸ ਸਮੇਂ ਜਦ ਕਿ 70ਵਿਆਂ ਦਾ ਯੁੱਗ ਸੀ, ਅਧਿਆਪਕ ਜਥੇਬੰਦੀ ਵਿਚ ਖੱਬੇ ਕਾਮਰੇਡ ਅਗਵਾਈ ਕਰਦੇ ਸਨ। ਸੀ.ਪੀ.ਆਈ. ਦਾ ਢਿਲੋਂ ਧੜਾ, ਸੀ.ਪੀ.ਆਈ. (ਐਮ) ਦਾ ਰਾਣਾ ਧੜਾ ਅਤੇ ਸੀ.ਪੀ.ਆਈ. (ਐਮ.ਐਲ.) ਦਾ ਲੰਬੀ ਧੜਾ। ਸੀ.ਪੀ.ਆਈ. ਦਾ ਢਿਲੋਂ ਧੜਾ ਕਾਂਗਰਸ ਨਾਲ ਰਲ ਕੇ ਰਾਜ ਸਭਾ ਦੀ ਸੀਟ ਦਾ ਸੌਦਾ ਕਰ ਕੇ ਅਧਿਆਪਕਾਂ ਨਾਲ ਦਗ਼ਾ ਕਰ ਗਿਆ ਸੀ ਤੇ ਸੀ.ਪੀ.ਆਈ. (ਐਮ) ਦਾ ਰਾਣਾ ਧੜਾ ਅਕਾਲੀ ਸਰਕਾਰ ਨਾਲ ਸੌਦੇਬਾਜ਼ੀ ਕਰ ਕੇ ਇਕ ਰਾਜ ਸਭਾ ਦੀ ਸੀਟ ਲੈ ਕੇ ਅਧਿਆਪਕਾਂ ਦੀ ਪਿੱਠ ਵਿਚ ਛੁਰਾ ਮਾਰ ਗਿਆ ਸੀ।
Che Guevara
ਅਧਿਆਪਕਾਂ ਦਾ ਸੰਘਰਸ਼ ਕਰਨ ਨੂੰ ਰਹਿ ਗਿਆ ਸੀ ਸਿਰਫ਼ ਲੰਬੀ ਧੜਾ, ਜਿਸ ਦੀ ਅਗਵਾਈ ਬਠਿੰਡਾ ਤੋਂ ਯਸ਼ਪਾਲ ਅਤੇ ਫ਼ਰੀਦਕੋਟ ਤੋਂ ਹਾਕਮ ਸਿੰਘ ਧਾਲੀਵਾਲ ਕਰਦੇ ਸਨ। ਮੈਂ ਤੀਸਰੇ ਧੜੇ ਵਿਚ ਕਾਫ਼ੀ ਸਰਗਰਮ ਸੀ। ਵਿਦਿਆਰਥੀਆਂ ਦੀ ਪੀ.ਐਸ.ਯੂ. (ਪੰਜਾਬ ਸਟੂਡੈਂਟ ਯੂਨੀਅਨ) ਸਾਡੇ ਨਾਲ ਇਕਮਿਕ ਸੀ। ਲੰਬੀ ਧੜੇ ਤੇ ਪੀ.ਐਸ.ਯੂ. ਨੇ ਉਸ ਸਮੇਂ ਕਈ ਲੰਮੇ ਤੇ ਖੜਕਵੇਂ ਘੋਲ ਲੜ ਕੇ ਕਾਫ਼ੀ ਪ੍ਰਾਪਤੀਆਂ ਕੀਤੀਆਂ। ਲੰਮੇ-ਲੰਮੇ ਸੰਘਰਸ਼ ਹੋਏ, ਇਥੋਂ ਤਕ ਕਿ ਕਈ ਕਈ ਮਹੀਨੇ ਜੇਲ੍ਹ ਯਾਤਰਾਵਾਂ ਹੁੰਦੀਆਂ ਸਨ।
ਉਸ ਸਮੇਂ ਕਈ ਤਜਰਬੇਕਾਰ ਕਰਾਂਤੀਕਾਰੀ ਸਾਨੂੰ ਸਿਖਿਆ ਦਿੰਦੇ ਰਹਿੰਦੇ, ਖ਼ੈਰ! ਉਸ ਸਮੇਂ ਇਕ ਵਰਲਡ ਲੈਵਲ ਦਾ ਕਰਾਂਤੀਕਾਰੀ ਨੌਜਵਾਨ ਜੋ ਕਿ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰ ਚੁੱਕਾ ਸੀ, ਉਹ ਨੌਜਵਾਨਾਂ ਦਾ ਆਈਕਾਨ, ਹੀਰੋ ਸੀ ਜਿਸ ਦੇ ਨਾਮ ਉਕਰੇ ਦੀਆਂ ਟੀ-ਸ਼ਰਟਾਂ ਨੌਜਵਾਨ ਪਹਿਨਦੇ ਸਨ। ਉਦੋਂ ਤਾਂ ਨਹੀਂ ਹੁਣ ਜਦ ਜ਼ਿੰਦਗੀ ਦੀ ਸ਼ਾਮ ਹੋ ਗਈ ਹੈ, ਉਸ ਦਾ ਦੇਸ਼ ਵੇਖਣ ਦਾ ਉਤਸ਼ਾਹ ਪੈਦਾ ਹੋਇਆ। ਉਸ ਨੌਜਵਾਨ ਕਰਾਂਤੀਕਾਰੀ ਦਾ ਨਾਮ ਸੀ 'ਚੇ ਗੁਵੇਰਾ' (3he 7uevara) ਤੇ ਉਸ ਦਾ ਦੇਸ਼ ਸੀ ਕਿਊਬਾ। ਥੋੜੀ ਜਿਹੀ ਕੋਸਿਸ਼ ਕਰਨ 'ਤੇ ਸਾਨੂੰ ਉਸ ਦੇਸ਼ ਜਾਣ ਦਾ ਗਰੁੱਪ ਵੀਜ਼ਾ ਮਿਲ ਗਿਆ।
Che Guevara
ਕਿਊਬਾ ਟਾਪੂ ਨੁਮਾ ਦੇਸ਼ ਜਿਸ ਦਾ ਖੇਤਰਫਲ ਲਗਪਗ 110 ਵਰਗ ਕਿਲੋਮੀਟਰ ਹੈ ਅਤੇ ਆਬਾਦੀ 117 ਲੱਖ ਜੋ ਉਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਵਿਚਕਾਰ ਇਕ ਬਤਖ਼ ਦੀ ਧੌਣ ਵਰਗਾ ਲੰਬੂਤਰਾ ਜਿਹਾ ਟਾਪੂ ਹੈ। ਦਿੱਲੀ ਤੋਂ ਉਸ ਦੀ ਰਾਜਧਾਨੀ ''ਹਵਾਨਾ'' ਸ਼ਹਿਰ ਲਗਭਗ 14000 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਦੇਸ਼ ਗੰਨੇ ਦੀ ਭਰਪੂਰ ਫ਼ਸਲ ਪੈਦਾ ਕਰਦਾ ਹੈ ਅਤੇ ਇਹ ਦੁਨੀਆਂ ਦਾ ਮਹਿੰਗਾ ਪੌਦਾ ਪੈਦਾ ਕਰਦਾ ਹੈ ਜਿਸ ਤੋਂ ਸਿਗਾਰ ਬਣਦਾ ਹੈ, ਜਿਸ ਦੇ ਇਕ ਪੀਸ ਦੀ ਕੀਮਤ 40 ਤੋਂ 50 ਅਮਰੀਕੀ ਡਾਲਰ ਹੈ।
ਜਦ ਸਾਡੇ ਟੂਰਿਸਟ ਗਰੁੱਪ ਦਾ ਉਤਾਰਾ ''ਹਵਾਨਾ'' ਸਿਟੀ ਹੋਇਆ ਤਾਂ ਮਨ ਵਿਚ ਹਵਾਨਾ ਸਿਟੀ ਵੇਖਣ ਦੀ ਜੋ ਇੱਛਾ ਸੀ ਪੂਰੀ ਹੋ ਗਈ, ਕਿਉਂਕਿ ਇਹ ਦੇਸ਼ ਪਹਿਲਾਂ ਅਮਰੀਕਾ ਦੀ ਕਠਪੁਤਲੀ ਸੀ। 1898 ਤੋਂ 1959 ਤਕ ਅਮੀਰ ਲੋਕਾਂ ਲਈ ਬਹੁਤ ਹੀ ਲਗਜ਼ਰੀ ਅਤੇ ਸੁੰਦਰ ਸ਼ਹਿਰ ਜੋ ਕੈਸੀਨੋ ਦੇ ਅੱਡਿਆਂ ਨਾਲ ਭਰਿਆ ਹੋਇਆ ਇਹ ਸ਼ਹਿਰ ਦੁਨੀਆਂ ਭਰ ਦੇ ਲੋਕਾਂ ਲਈ ਸੈਰਗਾਹ ਬਣ ਗਿਆ ਸੀ। ਪਰ ਮੇਰਾ ਮਕਸਦ ਸੀ ''ਚੇ ਗੁਵੇਰਾ'' ਨਾਲ ਜੁੜੇ ਭਾਵਨਾਤਕ ਲੋਕਾਂ ਨੂੰ ਮਿਲਣਾ ਅਤੇ ਅਨੁਭਵ ਕਰਨਾ ਸੀ ਕਿ 'ਚੇ ਗੁਵੇਰਾ' ਨਾਲ ਉਸ ਦੇਸ਼ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਹਨ?
Cuba Islands
ਅਪਣੇ ਗਰੁੱਪ ਨੂੰ ਛੱਡ ਮੈਂ ਅਪਣੇ ਸੀਨੀਅਰ ਤੋਂ ਇਜ਼ਾਜਤ ਲੈ ਕੇ ਅਤੇ ਸ਼ਾਮ ਨੂੰ ਵਾਪਸ ਆਉਣ ਦਾ ਵਾਅਦਾ ਕਰ ਕੇ ਮੈਂ ਅਪਣੀ ਮੰਜ਼ਲ ਵਲ ਤੁਰ ਪਿਆ। ਇਤਫ਼ਾਕਨ ਜੋ ਵਿਅਕਤੀ ਮੈਂ ਭਾਲਿਆ ਉਸ ਨੇ ਮੇਰੀ ਖਾਹਸ਼ ਪੂਰੀ ਕਰ ਦਿਤੀ। ਉਸ ਪੜ੍ਹੇ ਲਿਖੇ ਸੋਹਣੇ-ਸੁਣੱਖੇ 40-45 ਸਾਲ ਦੇ ਪ੍ਰੋਫ਼ੈਸਰ ਨਾਲ ਮੇਰੀ ਮੁਲਾਕਾਤ ਹੋ ਗਈ, ਜਿਸ ਦਾ ਨਾਮ ਪ੍ਰੋਫ਼ੈਸਰ ਇਵਾਨ ਪੈਡਰੋਸ਼ੋ ਸੀ ਅਤੇ ਉਹ ਬੜਾ ਮਿਲਣਸਾਰ ਸੀ। ਉਹ ਪ੍ਰੋਫ਼ੈਸਰ ਹਵਾਨਾ ਯੂਨੀਵਰਸਿਟੀ ਦੀ ਨੌਕਰੀ ਕਰਦਾ ਸੀ ਅਤੇ ਇਤਿਹਾਸ ਦਾ ਇਕ ਕਰਾਂਤੀਕਾਰੀ ਪ੍ਰੋਫ਼ੈਸਰ ਸੀ। ਉਸ ਨੇ ਮੈਨੂੰ ਯੂਨੀਵਰਸਟੀ ਵਿਖਾਈ। ਯੂਨੀਵਰਸਿਟੀ ਵਿਚ ਨੌਜਵਾਨ ਲੜਕੇ-ਲੜਕੀਆਂ ਨੇ ਚੇ ਗੁਵੇਰਾ ਦੇ ਨਾਂ ਨਾਲ ਉਕਰੀਆਂ ਹੋਈਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।
ਯੂਨੀਵਰਸਿਟੀ ਘੁਮਾਉਣ ਤੋਂ ਬਾਅਦ ਉਹ ਪ੍ਰੋਫ਼ੈਸਰ ਮੈਨੂੰ ਅਪਣੇ ਹੋਸਟਲ ਵਿਚ ਲੈ ਗਿਆ। ਉਸ ਦੇ ਕਮਰੇ ਦੀਆਂ ਸਾਰੀਆਂ ਕੰਧਾਂ 'ਤੇ ਬਹੁਤ ਹੀ ਜ਼ਿਆਦਾ ਕਰਾਂਤੀਕਾਰੀਆਂ ਅਥਵਾ ਇਨਕਲਾਬੀ ਆਗੂਆਂ ਦੀਆਂ ਫ਼ੋਟੋਆਂ ਲੱਗੀਆਂ ਹੋਈਆਂ ਸਨ। ਮੇਰਾ ਫ਼ੋਟੋਆਂ ਵੇਖਦੇ ਦਾ ਧਿਆਨ ਇਕਦਮ ਤਿੰਨ ਫ਼ੋਟੋਆਂ 'ਤੇ ਗਿਆ ਜਿਹੜੀਆਂ ਸ੍ਰੀ ਗੁਰੂ ਹਰਗੋਬਿੰਦ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਨ। ਇਸ ਤੋਂ ਇਲਾਵਾ ਜੋ ਹੋਰ ਫ਼ੋਟੋਆਂ ਸਨ ਉਨ੍ਹਾਂ ਦੀ ਗਿਣਤੀ 800 ਦੇ ਕਰੀਬ ਹੋਵੇਗੀ। ਉਸ ਦੇ ਦਸਣ ਮੁਤਾਬਕ ਮੈਂ ਉਸ ਨੂੰ ਬੁਲਾ ਕੇ ਕਿਹਾ ਕਿ ''ਸਰ, ਇਨ੍ਹਾਂ ਤਿੰਨਾਂ ਇਨਕਲਾਬੀਆਂ ਬਾਰੇ ਕੁੱਝ ਜਾਣਕਾਰੀ ਲੈਣਾ ਚਾਹੁੰਦਾ ਹਾਂ?'' ਉਹ ਮੁਸਕਰਾ ਕੇ ਕਹਿਣ ਲੱਗਾ, ''ਸਰ, ਸਗੋਂ ਤੁਸੀ ਇਨ੍ਹਾਂ ਬਾਰੇ ਮੈਨੂੰ ਕੁੱਝ ਹੋਰ ਦਸੋ?''
University of Havana
ਮੈਂ ਆਖਿਆ, ''ਨਹੀਂ ਸਰ। ਮੈਂ ਤੁਹਾਡੇ ਪਾਸੋਂ ਸੁਣਨਾ ਚਾਹੁੰਦਾ ਹਾਂ ਕਿ ਤੁਹਾਡੀ ਇਨ੍ਹਾਂ ਬਾਰੇ ਕੀ ਰਾਏ ਹੈ?'' ਉਸ ਨੇ ਮੈਨੂੰ ਜੋ ਅਪਣੇ ਮੂੰਹੋਂ ਜਾਣਕਾਰੀ ਦਿਤੀ ਉਹ ਸੁਣ ਕੇ ਮੈਂ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ। ਪ੍ਰੋ. ਇਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਕਹਿਣ ਲੱਗਾ , ''ਇਹ ਤੁਹਾਡੇ ਵਡੇਰੇ ਆਗੂਆਂ ਦੀ ਲੜੀ ਵਿਚੋਂ ਛੇਵੀ ਥਾਂ ਰਖਦੇ ਹਨ। ਇਹ ਤੁਹਾਡੇ ਪਹਿਲੇ ਕਰਾਂਤੀਕਾਰੀ ਹੋਏ ਹਨ ਜਿਨ੍ਹਾਂ ਅਪਣੀ ਮੁੱਠੀ ਵਿਚ ਤਲਵਾਰ ਲਈ ਤੇ ਹੱਕ ਸੱਚ ਦੇ ਯੁੱਧ ਲੜੇ।
ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਤੁਹਾਡੇ ਖਿੱਤੇ ਵਿਚ ਘੋੜੇ 'ਤੇ ਚੜ੍ਹਨ ਦੀ ਪਾਬੰਦੀ ਲਗਾਈ ਹੋਈ ਸੀ, ਤਲਵਾਰ ਰੱਖਣ 'ਤੇ ਪਾਬੰਦੀ, ਪੱਗ ਸਜਾਉਣ 'ਤੇ ਪਾਬੰਦੀ ਅਤੇ ਕਲਗੀ 'ਤੇ ਵੀ ਪਾਬੰਦੀ ਲਗਾਈ ਹੋਈ ਸੀ। ਵਿਆਹ ਕਰਾਉਣ ਅਤੇ ਡੋਲੇ (ਪਤਨੀਆਂ) ਲੁੱਟ ਲੈਣੀਆਂ। ਤੁਹਾਡੇ ਇਸ ਕਰਾਂਤੀਵੀਰ ਨੇ ਘੋੜੇ ਦੀ ਸਵਾਰੀ ਕੀਤੀ, ਤਲਵਾਰ ਉਠਾਈ, ਦਸਤਾਰ ਸਜਾਈ, ਕਲਗੀ ਸਜਾਈ ਅਤੇ ਨਿੱਡਰ ਹੋ ਕੇ ਲੋਕਾਂ ਦੇ ਕਈ ਸੁਰਖਿਅਤ ਵਿਆਹ ਕਰਵਾਏ। ਜ਼ਾਲਮ ਹਕੂਮਤ ਦੇ ਮੁਕਾਬਲੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਵਾਇਆ, ਜਿਸ ਦਾ ਪਰਚਮ ਤੁਹਾਡੇ ਝੂਲਦਾ ਮੈਂ ਵੇਖ ਆਇਆਂ ਹਾਂ।
Guru Gobind Singh Ji
ਇਸ ਦੂਸਰੇ ਕਰਾਂਤੀਵੀਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਜੋ ਨਾਮ ਦਿਤਾ ਉਹ ਹੈ 'ਸਿੰਘ' (ਸ਼ੇਰ)। ਇਸ ਨੇ ਤੁਹਾਡੇ ਲੋਕਾਂ ਵਿਚ ਐਸੀ ਸਪਿਰਟ ਭਰੀ ਜਿਸ ਨੂੰ ਤੁਸੀ ਲੋਕ ਅੰਮ੍ਰਿਤ ਛਕਣਾ ਕਹਿੰਦੇ ਹੋ। ਇਕ ਇਕ ਨੇ ਕਈ ਕਈ ਦੁਸ਼ਮਣਾਂ ਦਾ ਮੁਕਾਬਲਾ ਕੀਤਾ, ਜਿਸ ਨੂੰ ਇਨ੍ਹਾਂ ਸਵਾ ਲਾਖ ਸੇ ਏਕ ਲੜਾਊਂ ਕਿਹਾ। ਇਸ ਕਰਾਂਤੀਵੀਰ ਗੁਰੂ ਗੋਬਿੰਦ ਸਿੰਘ ਦੀ ਮਿਸਾਲ ਤਾਂ ਪੂਰੀ ਦੁਨੀਆਂ ਵਿਚ ਨਹੀਂ ਮਿਲਦੀ। ਇਸ ਕਰਾਂਤੀਵੀਰ ਦੀ ਸਪਿਰਟ ਕਰ ਕੇ ਤੁਸੀ ਦੁਨੀਆਂ ਭਰ ਵਿਚ ਯੋਧੇ ਮੰਨੇ ਜਾਂਦੇ ਹੋ ਪਰ ਸਰਦਾਰ ਜੀ ਇਕ ਗੱਲ ਕਹਾਂ ਬੁਰ ਨਾ ਮਨਿਉ। ਤੁਸੀ ਲੜਦੇ ਮਰਦੇ ਕਿਸੇ ਹੋਰ ਦੀ ਖ਼ਾਤਰ ਹੋ। ਪਹਿਲਾਂ ਤੁਹਾਨੂੰ ਗੋਰੇ ਲੁਟੇਰੇ ਵਰਤ ਗਏ, ਹੁਣ ਕਾਲੇ ਲੁਟੇਰੇ ਵਰਤ ਰਹੇ ਹਨ। ਤੀਜੇ ਕਰਾਂਤੀਵੀਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਤਾਂ ਸਾਡਾ ਬਹੁਤ ਹੀ ਪਿਆਰ ਹੈ।
'ਚੇ ਗੁਵੇਰਾ' ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਸੀ। ਜਿਵੇਂ ਬੰਦਾ ਸਿੰਘ ਬਹਾਦਰ ਨੇ ਰਾਜ ਪ੍ਰਾਪਤ ਕਰ ਕੇ ਵੱਡੇ ਵੱਡੇ ਫਿਊਡਲ ਜ਼ਿੰਮੀਦਾਰਾਂ ਤੋਂ ਜੋ ਹਜ਼ਾਰਾਂ ਏਕੜਾਂ ਦੇ ਮਾਲਕ ਸਨ, ਜ਼ਮੀਨ ਖੋਹ ਕੇ ਵਾਹੀਕਾਰਾਂ ਵਿਚ ਵੰਡ ਦਿਤੀ ਸੀ, ਉਸੇ ਤਰ੍ਹਾਂ ਮਹਿਬੂਬ ਨੇਤਾ ਚੇ ਗੁਵੇਰਾ ਅਰਜਨਟੀਨਾ ਵਿਚ ਪੈਦਾ ਹੋਇਆ। ਗ਼ਰੀਬਾਂ ਦੀ ਹਾਲਤ ਜਾਣਨ ਲਈ ਉਸ ਨੇ ਦੱਖਣੀ ਮਹਾਂਦੀਪ ਅਮਰੀਕਾ ਦਾ ਮੋਟਰਸਾਈਕਲ 'ਤੇ ਦੋ ਵਾਰ ਸਫ਼ਰ ਕੀਤਾ। ਪਹਿਲਾਂ ਅੱਠ ਹਜ਼ਾਰ ਕਿਲੋਮੀਟਰ ਤੇ ਦੂਜੀ ਵਾਰ 45 ਹਜ਼ਾਰ ਕਿਲੋਮੀਟਰ। 1945 ਤੋਂ ਸ਼ੁਰੂ ਕਰ ਕੇ 1959 ਤਕ 14 ਸਾਲ 'ਫਿਡਲ ਕਾਸਟਰੋ' ਨਾਲ ਮੋਢੇ ਨਾਲ ਮੋਢਾ ਜੋੜ ਲਹੂ ਵੀਟਵਾਂ ਸੰਘਰਸ਼ ਕੀਤਾ। ਸਾਡਾ ਦੇਸ਼ ਅਮਰੀਕਾ ਦੀ ਇਕ ਬਸਤੀ ਸੀ।
Baba banda singh bahadur
ਸਾਡੇ ਦੇਸ਼ 'ਤੇ ਉਦੋਂ ਫ਼ਲੰਜਸੀਉ ਬੀਟਿਸਟਾ ਡਿਕਟੇਟਰ ਦੀ ਹਕੂਮਤ ਸੀ ਜੋ ਬਹੁਤ ਜ਼ੁਲਮ ਕਰਦਾ ਸੀ। ਜਦੋਂ ਬੀਟਿਸਟਾ ਦਾ ਤਖ਼ਤਾ ਪਲਟ ਕੇ ਸਾਡੀ ਅਪਣੀ ਹਕੂਮਤ ਬਣੀ ਤਾਂ ਕਾਸਟਰੋ ਤੋਂ ਬਾਅਦ ਦੂਸਰਾ ਸਥਾਨ ਚੇ ਗੁਵੇਰਾ ਦਾ ਸੀ। ਫ਼ੌਜ ਮੁਖੀ, ਵਿਤ ਮੰਤਰੀ, ਜਮੀਨੀ ਸੁਧਾਰ ਮੰਤਰੀ ਪਰੰਤੂ ਗਵੇਰਾ ਸੱਤਾ ਮਾਣਨ ਲਈ ਨਹੀਂ ਸੀ ਬਣਿਆ ਸਗੋਂ ਉਹ ਤਾਂ ਸਾਰੀ ਦੁਨੀਆਂ ਵਿਚ ਇਨਕਲਾਬ ਲਿਆਉਣਾ ਚਾਹੁੰਦਾ ਸੀ। ਉਹ ਦੱਖਣੀ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿਚ ਘੁੰਮਿਆ।
''ਕਾਂਗੋ'' ਵਿਚ ਸੱਤਾ ਪਲਟਣ ਲਈ ਉਥੇ ਇਨਕਲਾਬੀ ਤਿਆਰ ਕੀਤੇ। ਦੱਖਣੀ ਅਮਰੀਕਾ ਵਿਚ ਇਨਕਲਾਬ ਲਿਆਉਣ ਲਈ 14-14 ਦੇਸ਼ ਘੁੰਮੇ। ਬੋਲੋਵੀਆ ਦੇਸ਼ ਵਿਚ ਲੋਕਾਂ ਦਾ ਸਾਥ ਦਿੰਦਾ-ਦਿੰਦਾ ਅਮਰੀਕਾ ਦੇ 1400 ਸੈਨਿਕਾਂ ਦੁਆਰਾ ਫੜਿਆ ਗਿਆ ਕਿਉਂਕਿ ਅਮਰੀਕਾ 1945 ਤੋਂ 1967 ਤਕ 22 ਸਾਲ ਤੋਂ ਇਸ ਦਾ ਪਿਛਾ ਕਰ ਰਿਹਾ ਸੀ। ਜਿਵੇਂ ਤੁਹਾਡਾ ਕਰਾਂਤੀਵੀਰ ਬੰਦਾ ਸਿੰਘ ਜੰਮੂ ਕਸ਼ਮੀਰ ਵਿਚ ਪੈਦਾ ਹੋਇਆ, ਸਾਰਾ ਭਾਰਤ ਘੁੰਮਿਆ ਅਤੇ ਸਿੱਖ ਰਾਜ, ਯੁੱਧ ਕਰ ਕੇ ਪ੍ਰਾਪਤ ਕੀਤਾ। ਉਸ ਨੂੰ ਵੀ ਜ਼ਾਲਮ ਹਕੂਮਤ ਦੇ ਲੱਖਾਂ ਸੈਨਿਕਾਂ ਨੇ ਘੇਰਾ ਪਾ ਕੇ ਫੜਿਆ ਅਤੇ ਦਿੱਲੀ ਵਿਚ ਕਈ ਸਿੰਘਾਂ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ।
ਇਸੇ ਤਰ੍ਹਾਂ ਚੇ ਗੁਵੇਰਾ ਨੂੰ ਬੋਲੀਵੀਆ ਵਿਚ ਜ਼ਾਲਮ ਹਕੂਮਤ ਦੀ ਫ਼ੌਜ ਨੇ ਪਕੜ ਲਿਆ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ। ਸਰਦਾਰ ਜੀ ਤੁਸੀ ਚੇ ਗੁਵੇਰਾ ਨੂੰ ਲੱਭਣ ਕਿਤਨੀ ਦੂਰ ਆਏ ਹੋ। ਤੁਹਾਡੇ ਬੰਦਾ ਸਿੰਘ ਬਹਾਦਰ ਤੋਂ ਤਾਂ ਸਾਡਾ ਚੇ ਗੁਵੇਰਾ ਪ੍ਰਭਾਵਤ ਸੀ। ਤੁਹਾਨੂੰ ਚਾਹੀਦਾ ਹੈ ਕਿ ਅਪਣੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਬੰਦਾ ਸਿੰਘ ਬਹਾਦਰ ਬਾਰੇ ਖ਼ੂਬ ਜਾਣਕਾਰੀ ਦਿਉ। ਆਉ ਇਕ ਵਾਰ 'ਚੇ ਗੁਵੇਰਾ' ਤੇ ਬੰਦਾ ਸਿੰਘ ਬਹਾਦਰ ਨੂੰ ਇਕੱਠੇ ਨਤਮਸਤਕ ਹੋਈਏ। ਅੱਛਾ, ਸਰਦਾਰ ਜੀ, ਅਲਵਿਦਾ।''
ਮੋਬਾਈਲ : 95010-32057