
ਬਾਦਸ਼ਾਹ ਲੋਕ, ਰਾਜ ਹਥਿਆਉਣ ਲਈ ਕਈ ਵਾਰ ਬਹੁਤ ਹਿੰਸਕ ਹੋ ਜਾਂਦੇ ਸਨ। ਸੱਤਾ ਦੀ ਪ੍ਰਾਪਤੀ ਲਈ, ਉਹ ਹਰ ਹਰਬਾ ਜ਼ਰਬਾ ਵਰਤ ਲੈਂਦੇ ਸਨ।
ਬਾਬਾ ਨਾਨਕ ਜੀ ਦੇ ਸਮੇਂ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਸਾਡੇ ਦੇਸ਼ ਉਤੇ ਰਾਜੇ ਮਹਾਰਾਜਿਆਂ ਦਾ ਰਾਜ ਰਿਹਾ ਹੈ। ਇਨ੍ਹਾਂ ਰਾਜਿਆਂ ਵਿਚ ਹਿੰਦੂ ਤੇ ਮੁਸਲਮਾਨ ਦੋਵੇਂ ਫ਼ਿਰਕੇ ਭਾਰਤ ਦੀ ਹਕੂਮਤ ਉਤੇ ਕਾਬਜ਼ ਰਹੇ ਹਨ। ਉਹ ਸਾਰੇ ਹਾਕਮਾਨਾ, ਜਾਬਰਰਾਨਾ ਤੇ ਤਾਨਾਸ਼ਾਹੀ ਵਾਲਾ ਰਵਈਆ ਧਾਰਨ ਕਰ ਕੇ ਪਰਜਾ ਨਾਲ ਗ਼ੁਲਾਮਾਂ ਵਾਲਾ ਸਲੂਕ ਕਰਦੇ ਰਹੇ ਸਨ।
ਬਾਦਸ਼ਾਹ ਲੋਕ, ਰਾਜ ਹਥਿਆਉਣ ਲਈ ਕਈ ਵਾਰ ਬਹੁਤ ਹਿੰਸਕ ਹੋ ਜਾਂਦੇ ਸਨ। ਸੱਤਾ ਦੀ ਪ੍ਰਾਪਤੀ ਲਈ, ਉਹ ਹਰ ਹਰਬਾ ਜ਼ਰਬਾ ਵਰਤ ਲੈਂਦੇ ਸਨ। ਕਈ ਵਾਰ ਤਾਂ ਉਹ ਏਨੇ ਬੇਕਿਰਕ ਹੋ ਜਾਂਦੇ ਕਿ ਅਪਣੇ ਖ਼ੂਨ ਦੇ ਰਿਸ਼ਤਿਆਂ ਨੂੰ ਵੀ ਨਾ ਬਖ਼ਸ਼ਦੇ। ਕੋਈ ਅਪਣੇ ਉਤਰਾਧਿਕਾਰੀ ਪੁੱਤਰ ਨੂੰ ਕੈਦ ਕਰ ਲੈਂਦਾ ਜਾਂ ਮਾਰ ਮੁਕਾਉਂਦਾ ਤੇ ਕੋਈ ਅਪਣੇ ਪਿਉ ਨੂੰ ਅਪਣੇ ਰਾਹ ਵਿਚੋਂ ਹਟਾਉਣ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ।
ਬਾਬਾ ਨਾਨਕ ਜੀ ਦੇ ਜਨਮ ਲੈਣ ਤੋਂ ਪਹਿਲਾਂ ਤੇ ਬਾਅਦ ਵਿਚ ਅਸਲ ਧਰਮ, ਲੋਕਾਂ ਵਿਚੋਂ ਖੰਭ ਲਗਾ ਕੇ ਉਡ ਗਿਆ ਸੀ। ਰਾਜ ਪਰਜਾ ਦੀ ਲੁੱਟ ਕਰ ਰਹੇ ਸਨ। ਝੂਠ ਰੂਪੀ ਮਸਿਆ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਚੰਨ ਕਿਤੇ ਵੀ ਵਿਖਾਈ ਨਹੀਂ ਸੀ ਦੇ ਰਿਹਾ। ਮਨੁੱਖਾਂ ਦੀ ਰੱਤ ਪੀਣ ਵਾਲੇ ਉਹ ਲੋਕ ਸਨ, ਜੋ ਪੰਜ ਵੇਲੇ ਦੇ ਨਮਾਜ਼ੀ ਸਨ ਜਾਂ ਉਨ੍ਹਾਂ ਦੇ ਗਲ ਵਿਚ ਜਨੇਉ ਪਹਿਨੇ ਹੋਏ ਸਨ। ਉਹ ਅਪਣੀਆਂ ਲੁੱਟ ਰੂਪੀ ਛੂਰੀਆਂ ਚਲਾ ਰਹੇ ਸਨ।
ਰਾਜੇ, ਜਿਨ੍ਹਾਂ ਨੇ ਚੋਰਾਂ ਤੋਂ ਜਨਤਾ ਦੀ ਰਖਵਾਲੀ ਕਰਨੀ ਹੁੰਦੀ ਹੈ, ਉਹ ਆਪ ਹੀ ਚੋਰ ਬਣੇ ਹੋਏ ਸਨ। ਇਹ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੂੰ ਰਾਖੀ ਕਰਨ ਬਿਠਾ ਦਿਤਾ ਜਾਵੇ ਪਰ ਉਹ ਆਪ ਹੀ ਉਸ ਨੂੰ ਲੁੱਟ ਲਵੇ, ਭਾਵ ਧਾਰਮਕ, ਸਮਾਜਕ ਤੇ ਰਾਜਨੀਤਕ ਤੌਰ ਤੇ ਦੇਸ਼ ਦੀ ਵਿਵਸਥਾ ਵਿਚ ਬਹੁਤ ਸਾਰੇ ਵੱਡੇ ਵਿਗਾੜ ਆ ਚੁੱਕੇ ਸਨ।
ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ
ਕੂੜ ਆਮਾਵਸ ਸਚੁ ਚੰਦ੍ਰਮਾ ਦੀਸੈ ਨਾਹਿ ਕਹ ਚੜਿਆ
ਮਾਣਸ ਖਾਣੇ ਕਹਰਿ ਨਿਵਾਜ
ਛੁਰੀ ਵਗਾਇਨਿ ਤਿਨ ਗਲ ਤਾਗ
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ
ਧਰਮ, ਸਮਾਜ, ਰਾਜਨੀਤੀ ਦੇ ਵਿਗੜੇ ਮਾਹੌਲ ਦੀਆਂ ਉਲਟ ਹਾਲਾਤ ਵਿਚੋਂ ਮਹਾਨ ਸ਼ਖ਼ਸੀਅਤਾਂ ਪੈਦਾ ਹੁੰਦੀਆਂ ਹਨ। ਅਜਿਹੇ ਹਾਲਾਤ ਵਿਚ ਜਦੋਂ ਕੋਈ ਸੋਸ਼ਿਤ ਵਰਗ, ਪੁਜਾਰੀ ਤੇ ਸ਼ਾਸਤ ਵਰਗ ਵਿਰੁਧ ਆਵਾਜ਼ ਬੁਲੰਦ ਕਰਦਾ ਤਾਂ ਜਬਰ ਨਾਲ ਉਸ ਦੀ ਆਵਾਜ਼ ਨੂੰ ਦਬਾ ਦਿਤਾ ਜਾਂਦਾ। ਇਨ੍ਹਾਂ ਵਿਰੋਧੀ ਪ੍ਰਸਥਿਤੀਆਂ ਵਿਚੋਂ ਹੱਕ ਦੀ ਆਵਾਜ਼ ਨੂੰ ਹੋਰ ਉੱਚੀ ਕਰਨ ਲਈ ਪੰਜਾਬ ਦੀ ਧਰਤੀ ਉਤੇ ਇਕ ਮਹਾਨ ਦਾਰਸ਼ਨਿਕ, ਨਾਨਕ ਨੇ 15 ਅਪ੍ਰੈਲ 1469 ਈ. ਨੂੰ ਕਲਿਆਣ ਦਾਸ ਮਹਿਤਾ ਦੇ ਘਰ ਰਾਇ ਭੋਇੰ ਦੀ ਤਲਵੰਡੀ ਵਿਖੇ ਜਨਮ ਲਿਆ, ਜੋ ਬਾਅਦ ਵਿਚ ਸਿੱਖਾਂ ਦੇ ਪਹਿਲੇ ਗੁਰੂ ਅਖਵਾਏ।
ਬਾਬਾ ਨਾਨਕ ਜੀ ਦੀ ਜਨਮ ਤਰੀਕ ਬਾਰੇ ਕਈ ਵਿਵਾਦ ਸਾਹਮਣੇ ਆਉਂਦੇ ਹਨ। ਕਈ ਵਿਦਵਾਨ ਗੁਰੂ ਜੀ ਦੀਆਂ ਜਨਮ ਸਾਖੀਆਂ ਵਿਚ ਦਿਤੀ ਗਈ ਜਨਮ ਮਿਤੀ ਕੱਤਕ ਦੀ ਪੂਰਨਮਾਸ਼ੀ ਮੰਨਦੇ ਹਨ। ਉਨ੍ਹਾਂ ਵਿਚ ਕਈ ਜਨਮ ਸਾਖੀਆਂ ਜਿਵੇਂ ਮਿਹਰਬਾਨ ਵਲੋਂ ਲਿਖੀ ਗਈ ਜਨਮ ਸਾਖੀ, ਭਾਈ ਮਨੀ ਸਿੰਘ ਦੁਆਰਾ ਬਣਾਈ ਗਈ ਤੇ ਬਾਵਾ ਸਰੂਪ ਦਾਸ ਭੱਲਾ ਵਲੋਂ ਲਿਖੀਆਂ ਜਨਮ ਸਾਖੀਆਂ ਵਿਚ ਵਿਸਾਖ ਸੁਦੀ ਅਰਥਾਤ 20 ਵੈਸਾਖ ਸੰਮਤ 1526 (15 ਅਪ੍ਰੈਲ 1469 ਈ.) ਹੀ ਲਿਖੀ ਮਿਲਦੀ ਹੈ।
Nankana Sahib
ਕਰਤਾਰ ਸਿੰਘ ਐਮ.ਏ. ਵਲੋਂ ਲਿਖੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਗਈ ਪੁਸਤਕ 'ਸਿੱਖ ਇਤਿਹਾਸ ਭਾਗ ਪਹਿਲਾ' ਵਿਚ ਇਹ ਲਿਖਿਆ ਮਿਲਦਾ ਹੈ ਕਿ, 'ਚੌਖੇ ਚਿਰ ਤੋਂ ਖ਼ਾਸ ਵਿਚਾਰਾਂ ਅਧੀਨ, ਅਵਤਾਰ ਧਾਰਨ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ।' ਪਰ ਲੇਖਕ ਇਸ ਦਾ ਕਾਰਨ ਨਹੀਂ ਦਸਦਾ ਕਿਉਂ?
ਅੱਗੇ ਉਹ ਲਿਖਦਾ ਹੈ ਕਿ ਬਾਬਾ ਜੀ ਦੀ ਜਨਮ ਤਰੀਕ ਕੱਤਕ ਦੀ ਪੂਰਨਮਾਸ਼ੀ ਸੱਭ ਤੋਂ ਪਹਿਲਾਂ ਜੰਡਿਆਲਾ ਦੇ ਬਿਧੀ ਚੰਦ ਹੰਦਾਲੀਏ ਨੇ ਉਸ ਵਲੋਂ ਲਿਖੀ ਗਈ ਜਨਮ-ਸਾਖੀ ਵਿਚ ਲਿਖੀ ਹੈ। ਅੱਜ ਤੋਂ ਅੱਧੀ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਸਕੂਲ ਪੜ੍ਹਨ ਸਮੇਂ ਬਾਬਾ ਨਾਨਕ ਜੀ ਦੀ ਜੀਵਨੀ ਉਤੇ ਲੇਖ ਲਿਖਣੇ ਪੈਂਦੇ ਸਨ। ਇਹ ਲੇਖ ਸਾਡੀਆਂ ਕਿਤਾਬਾਂ ਵਿਚ ਲਿਖੇ ਵੀ ਮਿਲਦੇ ਸਨ। ਉਸ ਵਿਚ ਲਿਖੀ ਬਾਬਾ ਜੀ ਦੀ ਜਨਮ ਤਰੀਕ 15 ਅਪ੍ਰੈਲ 1469 ਈ. ਹੀ ਲਿਖੀ ਹੁੰਦੀ ਸੀ, ਨਾਲ ਹੀ ਇਹ ਦਸਿਆ ਜਾਂਦਾ ਸੀ ਕਿ ਉਂਜ ਬਾਬਾ ਜੀ ਦਾ ਜਨਮ ਪੁਰਬ ਕੱਤਕ ਦੀ ਪੂਰਨਮਾਸੀ ਨੂੰ ਹੀ ਮਨਾਇਆ ਜਾਂਦਾ ਹੈ।
Nankana Sahib
ਹੰਦਾਲੀਏ ਬਿਧੀ ਚੰਦ ਨੇ ਅਪਣੀ ਜਨਮ-ਸਾਖੀ ਵਿਚ ਅਸਲੀ ਜਨਮ ਦਿਨ ਦੀ ਥਾਂ ਕੱਤਕ ਦਰਜ ਕਰ ਦਿਤਾ। ਉਸ ਦੇ ਆਧਾਰ ਤੇ ਪੂਰਨਮਾਸ਼ੀ ਨੂੰ ਮਨਾਉਣ ਦੇ ਕਈ ਕਾਰਨ ਦੱਸੇ ਗਏ ਹਨ। ਪਹਿਲਾ ਇਹ ਕਿ ਬਾਬਾ ਜੀ ਦਾ ਜਨਮ ਪੁਰਬ ਤੇ ਵਿਸਾਖੀ ਦਾ ਤਿਉਹਾਰ ਦੋਵੇਂ ਨੇੜੇ-ਤੇੜੇ ਹੀ ਆ ਜਾਂਦੇ ਹਨ। ਦੂਜਾ ਕਾਰਨ ਇਹ ਸੀ ਕਿ ਬਾਬਾ ਨਾਨਕ ਜੀ ਉਦਾਸੀਆਂ ਕਰ ਕੇ ਘਰ ਪਰਤੇ ਸਨ ਉਦੋਂ ਤਕ ਪੰਜਾਬ ਵਿਚ ਉਨ੍ਹਾਂ ਦੀ ਉਪਮਾ ਫੈਲ ਚੁੱਕੀ ਸੀ ਤੇ ਕਈ ਉਨ੍ਹਾਂ ਦੇ ਸਿੱਖ ਵੀ ਬਣ ਚੁੱਕੇ ਸਨ। ਉਨ੍ਹਾਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਵੀ ਬਾਬਾ ਜੀ ਕੋਲ ਹਰ ਰੋਜ਼ ਨਵੀਂ ਸੋਚ ਦੇ ਵਿਚਾਰ ਜਾਣਨ ਤੇ ਬਾਬਾ ਜੀ ਵਲੋਂ ਕੀਤੀ ਯਾਤਰਾ ਦੀਆਂ ਕਹਾਣੀਆਂ ਸੁਣਨ ਲਈ ਆਉਂਦੇ ਰਹਿੰਦੇ ਸਨ।
ਅਜਿਹੇ ਜਗਿਆਸੂ ਲੋਕਾਂ ਨੇ ਬਾਬਾ ਜੀ ਨੂੰ ਰਾਇ ਦਿਤੀ ਕਿ ਉਹ ਲੋਕਾਂ ਨੂੰ ਮਿਲਣ ਲਈ ਇਕ ਦਿਨ ਮਿੱਥ ਲੈਣ ਤਾਂ ਵਿਚਾਰ ਸੁਣਨ ਵਾਲੇ ਲੋਕ ਉਸ ਦਿਨ ਸਮਾਂ ਕੱਢ ਕੇ ਆ ਜਾਇਆ ਕਰਨਗੇ ਤਾਂ ਬਾਬਾ ਜੀ ਨੇ ਹਰ ਪੂਰਨਮਾਸ਼ੀ ਵਾਲੇ ਦਿਨ ਦੀ ਰਾਤ ਨੂੰ ਨੇੜੇ ਦੀ ਧਰਮਸ਼ਾਲਾ ਵਿਚ ਕਥਾ ਕਰਨ ਲਈ ਰਾਖਵਾਂ ਰੱਖ ਲਿਆ। ਹਰ ਪੂਰਨਮਾਸ਼ੀ ਦੀ ਰਾਤ ਨੂੰ ਬਾਬਾ ਜੀ ਸਮਾਗਮ ਲਗਾਉਣ ਲੱਗੇ। ਲੋਕ ਬਾਬਾ ਜੀ ਦੇ ਨਵੇਂ ਵਿਚਾਰਾਂ ਜਾਣੂ ਹੋਣ ਲੱਗੇ। ਸਾਲ ਬੀਤਣ ਤੇ ਹੀ ਲੋਕ ਮਹਿਸੂਸ ਕਰਨ ਲੱਗੇ ਕਿ ਸਾਲ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾਇਆ ਕਰੇ।
Nankana sahib
ਇਸੇ ਲਈ ਕੱਤਕ ਦੀ ਪੂਰਨਮਾਸ਼ੀ ਦਾ ਦਿਨ ਮਿਥਿਆ ਗਿਆ। ਇਸ ਤਰ੍ਹਾਂ ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਤੇ ਕੱਤਕ ਦੀ ਪੂਰਨਮਾਸ਼ੀ ਨੂੰ ਵਿਸ਼ੇਸ਼ ਸਮਾਗਮ ਬਾਬਾ ਜੀ ਦੇ ਹੁੰਦੇ ਹੋਏ ਵੀ ਹੁੰਦੇ ਰਹੇ ਤੇ ਜੋਤੀ-ਜੋਤ ਸਮਾਉਣ ਤੋਂ ਬਾਅਦ ਵੀ ਹੁੰਦੇ ਰਹੇ। ਕੱਤਕ ਦੀ ਪੂਰਨਮਾਸ਼ੀ ਦਾ ਦਿਨ ਵਿਸ਼ੇਸ਼ ਸਾਲਾਨਾ ਸਮਾਗਮ ਲਈ ਇਸ ਕਰ ਕੇ ਮਿਥਿਆ ਗਿਆ ਸੀ ਕਿਉਂਕਿ ਇਸ ਦਿਨ ਬਹੁਤੀ ਠੰਢ ਤੇ ਗਰਮੀ ਨਹੀਂ ਹੁੰਦੀ। ਮਨਮੋਹਕ ਮੌਸਮ ਹੁੰਦਾ ਹੈ। ਪੂਰਾ ਚੰਨ ਨਿਕਲਿਆ ਹੋਣ ਕਰ ਕੇ ਸੱਭ ਪਾਸੇ ਚਾਣਨ ਹੁੰਦਾ ਹੈ ਅਤੇ ਰੋਸ਼ਨੀ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ।
ਬਾਬਾ ਨਾਨਕ ਜੀ ਦੀ ਯਾਦ ਨੂੰ ਸਦਾ ਕਾਇਮ ਰੱਖਣ ਦੇ ਉਦੇਸ਼ ਨਾਲ, ਸਮਾਗਮਾਂ ਦੀ ਲਗਾਤਾਰਤਾ ਨੂੰ ਭਵਿੱਖ ਵਿਚ ਜਾਰੀ ਰੱਖਣ ਲਈ ਬਿਧੀ ਚੰਦ ਵਲੋਂ ਲਿਖੀ ਗਈ ਜਨਮ ਸਾਖੀ ਅਨੁਸਾਰ ਹੀ ਬਾਬਾ ਨਾਨਕ ਜੀ ਦਾ ਜਨਮ ਦਿਨ ਪੁਰਬ ਦੀ ਕੱਤਕ ਦੀ ਪੂਰਨਮਾਸ਼ੀ ਦੇ ਸੁਹਾਵਣੇ ਦਿਨ ਨੂੰ ਮਨਾਉਣਾ ਜਾਰੀ ਰਖਿਆ, ਜੋ ਅੱਜ ਵੀ ਜਾਰੀ ਹੈ ਜਦੋਂ ਕਿ ਬਾਬਾ ਨਾਨਕ ਜੀ ਦੀ ਜਨਮ ਤਰੀਕ 15 ਅਪ੍ਰੈਲ 1469 ਈ: ਹੈ।
Nankana Sahib
ਨੋਟ : ਇਹ ਕਹਾਣੀ ਪੂਰੀ ਤਰ੍ਹਾਂ ਤੱਥ ਰਹਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਾਜਣਾ ਵੇਲੇ ਤਾਂ ਨਵੰਬਰ ਦਾ ਮੌਸਮ ਢੁਕਵਾਂ ਨਾ ਲੱਗਾ। ਹਰ ਸਮਾਗਮ, ਪੰਜਾਬ ਵਿਚ ਵਿਸਾਖੀ ਨੇੜੇ ਹੀ ਰਖਿਆ ਜਾਂਦਾ ਸੀ। ਬਾਬਾ ਨਾਨਕ ਹਰ ਰੋਜ਼ ਕਿਸੇ ਨਾ ਕਿਸੇ ਦੇ ਘਰ ਵਿਚ ਜਾ ਕੇ ਜਾਂ ਅਪਣੇ ਕੋਲ 'ਧਰਮਸ਼ਾਲ' ਲਾਉਂਦੇ ਸਨ। ਉਹ ਪੂਰਨਮਾਸ਼ੀਆਂ ਤੇ ਸੰਗਰਾਂਦਾਂ ਨੂੰ ਮੰਨਦੇ ਹੀ ਨਹੀਂ ਸੀ। ਸਾਰੀ ਕਹਾਣੀ ਹੀ ਗ਼ਲਤ ਹੈ।
ਇਹ ਫੌਕੀ ਦਲੀਲ ਤੇ ਕਹਾਣੀ, ਕੇਵਲ ਗ਼ੈਰ-ਤਿਉਹਾਰੀ ਮੌਸਮ ਵਿਚ ਮਾਇਆ ਇਕੱਤਰ ਕਰਨ ਲਈ ਬਹਾਨੇ ਘੜਨ ਵਾਲਿਆਂ ਦੀ ਹੀ ਘੜੀ ਹੋਈ ਹੈ। ਬਾਬਾ ਨਾਨਕ ਦੁਨੀਆਂ ਦਾ ਇਕੋ ਇਕ ਰਹਿਬਰ ਹੈ ਜਿਸ ਦਾ ਠੀਕ ਜਨਮ ਦਿਨ ਪਤਾ ਹੋਣ ਦੇ ਬਾਵਜੂਦ ਇਹੋ ਜਹੀਆਂ ਬੇਥ੍ਹ ਕਹਾਣੀਆਂ ਨੂੰ ਆਧਾਰ ਬਣਾ ਕੇ ਪੁਜਾਰੀ ਸ੍ਰੇਣੀ ਦੇ ਲਾਭ ਖ਼ਾਤਰ ਗ਼ਲਤ ਮਿਤੀ ਨੂੰ ਮਨਾਇਆ ਜਾ ਰਿਹਾ ਹੈ।
-ਸੰਪਾਦਕ
ਸੰਪਰਕ : 98760-21122