
ਹੀਰ-ਰਾਂਝਾ, ਸੱਸੀ-ਪੁਨੂੰ, ਮਿਰਜ਼ਾ-ਸਾਹਿਬਾਂ ਦੇ ਪਾਠ ਜਾਂ ਨਾਟਕ ਤੇ ਫ਼ਿਲਮ ਸਾਨੂੰ ਚੰਗੇ ਲਗਦੇ ਹਨ
ਲੋਕ ਗਾਇਕ ਹਰਭਜਨ ਮਾਨ ਦੀਆਂ ਇਹ ਤੁਕਾਂ ਵਾਰ-ਵਾਰ ਕੰਨਾਂ ਵਿਚ ਗੂੰਜਦੀਆਂ ਹਨ, ਜਦੋਂ ਉਨ੍ਹਾਂ ਧੀਆਂ ਬਾਰੇ ਸੋਚਦਾ ਹਾਂ ਜਿਨ੍ਹਾਂ ਅਪਣੇ ਪਿਆਰ ਲਈ ਮਾਪਿਆਂ ਤੇ ਸਮਾਜ ਦੀ ਪ੍ਰਵਾਹ ਕੀਤੇ ਬਿਨਾਂ ਅਪਣਾ ਜੀਵਨ ਸਾਥੀ ਚੁਣ ਲਿਆ। ਸਮਾਜ ਦੇ ਠੇਕੇਦਾਰਾਂ, ਲੇਖਕਾਂ ਵਲੋਂ ਹਰ ਵਾਰ ਧੀਆਂ ਨੂੰ ਹੀ ਪਿਉ ਦੀ ਪੱਗ ਦੀ ਦੁਹਾਈ ਦਿਤੀ ਜਾਂਦੀ ਹੈ। ਜਦੋਂ ਲੜਕਾ ਅਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਘਰ ਆ ਜਾਂਦਾ ਹੈ ਤਾਂ ਉਸ ਨੂੰ ਪ੍ਰਵਾਨ ਕਰ ਲੈਂਦੇ ਹਾਂ, ਕਿਉਂ? ਹੀਰ-ਰਾਂਝਾ, ਸੱਸੀ-ਪੁਨੂੰ, ਮਿਰਜ਼ਾ-ਸਾਹਿਬਾਂ ਦੇ ਪਾਠ ਜਾਂ ਨਾਟਕ ਤੇ ਫ਼ਿਲਮ ਸਾਨੂੰ ਚੰਗੇ ਲਗਦੇ ਹਨ। ਫ਼ਿਲਮ ਵਿਚ ਹੀਰੋ-ਹੀਰੋਇਨ ਦਾ ਪਿਆਰ ਸਿਰੇ ਚੜ੍ਹਦਾ ਵਿਖਾਇਆ ਜਾਂਦਾ ਹੈ ਪਰ ਸਾਨੂੰ ਅਪਣੇ ਘਰ ਵਿਚ ਸੱਸੀ, ਸਾਹਿਬਾਂ, ਹੀਰ ਮਨਜ਼ੂਰ ਨਹੀਂ।
ਸਕੂਲਾਂ ਵਿਚ ਇਨ੍ਹਾਂ ਆਸ਼ਕਾਂ ਦੇ ਕਿੱਸੇ ਪੜ੍ਹਾਏ ਜਾਂਦੇ ਹਨ, ਉਨ੍ਹਾਂ ਤੇ ਕੋਈ ਪਾਬੰਦੀ ਨਹੀਂ। ਜਦੋਂ ਸਾਡੀ ਧੀ ਅਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣ ਲਏ ਤਾਂ ਅਸੀ ਉਸ ਤੋਂ ਸਦਾ ਲਈ ਨਾਤਾ ਤੋੜ ਲੈਂਦੇ ਹਾਂ। ਲੇਖਕ ਵੀਰੋ ਕਦੇ ਉਨ੍ਹਾਂ ਧੀਆਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਨਿਤ ਬੂਹੇ ਤੇ ਨਿਗ੍ਹਾ ਰਖਦੀਆਂ ਹਨ ਕਿ ਸ਼ਾਇਦ ਮੇਰੇ ਪੇਕਿਆਂ ਤੋਂ ਕੋਈ ਮਿਲਣ ਹੀ ਆ ਜਾਵੇ। ਝੂਠੀ ਸ਼ਾਨ ਲਈ ਢਿੱਡੋਂ ਜੰਮੀਆਂ ਨੂੰ ਸਦਾ ਲਈ ਭੁਲਾ ਦਿਤਾ ਜਾਂਦਾ ਹੈ। ਅੱਜ ਸਾਡਾ ਕਾਨੂੰਨ 18 ਸਾਲ ਤੋਂ ਉਪਰ ਵਾਲੇ ਨੂੰ ਖ਼ੁਦ ਫ਼ੈਸਲਾ ਲੈਣ ਦੇ ਯੋਗ ਮੰਨਦਾ ਹੈ। ਇਹ ਵੀ ਨਹੀਂ ਕਿ ਵੱਡੇ ਬਜ਼ੁਰਗਾਂ ਦੇ ਫ਼ੈਸਲੇ ਠੀਕ ਹੀ ਹੁੰਦੇ ਹਨ। ਅਸੀ ਬਾਬਾ ਨਾਨਕ ਦੇ ਮਰਦ-ਔਰਤ ਦੇ ਬਰਾਬਰੀ ਦੇ ਸਿਧਾਂਤ ਨੂੰ ਸਟੇਜਾਂ ਤਕ ਹੀ ਸੀਮਤ ਰਖਿਆ ਹੋਇਆ ਹੈ। ਕਈ ਕਹਿਣਗੇ ਕਿ ਲੜਕੀ ਨੇ ਜਿਸ ਲੜਕੇ ਨਾਲ ਸਬੰਧ ਜੋੜਿਆ ਹੈ ਉਹ ਨਸ਼ੇੜੀ ਹੈ। ਪਰ ਜਿਹੜੇ ਲੜਕੀ ਦੇ ਮਾਪੇ ਰਿਸ਼ਤਾ ਜੋੜਦੇ ਹਨ ਕੀ ਉਸ ਲੜਕੇ ਦੀ 100 ਫ਼ੀ ਸਦੀ ਗਰੰਟੀ ਦੇ ਸਕਦੇ ਹਨ? ਕਈ ਸਾਲ ਪਹਿਲਾਂ ਸਾਡੀ ਰਿਸ਼ਤੇਦਾਰੀ ਵਿਚੋਂ ਇਕ ਲੜਕੀ ਅਮੀਰ ਘਰ ਵੇਖ ਕੇ ਹੀ ਦੋ ਬੱਚਿਆਂ ਦੇ ਪਿਉ ਨਾਲ (18 ਸਾਲ ਦੀ ਉਮਰ ਤੇ ਲੜਕੇ ਦੀ 40 ਸਾਲ) ਵਿਆਹ ਦਿਤੀ। ਅੱਜ ਤਕ ਕੋਈ ਬੱਚਾ ਲੜਕੇ ਦੇ ਘਰ ਨਹੀਂ ਹੋਇਆ। ਇਕ ਬੱਚਾ ਮਰ ਗਿਆ ਸੀ।
ਕੀ ਇਹ ਸਿਆਣਪ ਹੈ? ਖ਼ੈਰ ਜੇਕਰ ਲੜਕੀ ਗ਼ਲਤ ਲੜਕੇ ਦੇ ਜਾਲ ਵਿਚ ਫੱਸ ਗਈ ਹੈ, ਉਸ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੈ ਤਾਂ ਗ਼ਲਤੀ ਸੁਧਾਰੀ ਜਾ ਸਕਦੀ ਹੈ। ਅਸੀ ਵੇਖਦੇ ਹਾਂ ਅਮੀਰੀ, ਜਿਸ ਦੇ ਪਰਦੇ ਵਿਚ ਸੱਭ ਔਗੁਣ ਲੁੱਕ ਜਾਂਦੇ ਹਨ, ਗ਼ਰੀਬ ਮਿਹਨਤੀ ਲੜਕੇ ਲਈ ਸੱਭ ਤੋਂ ਵੱਡਾ ਸ਼ਰਾਪ ਗ਼ਰੀਬੀ ਬਣ ਜਾਂਦੀ ਹੈ। ਸੋ ਲੇਖਕ ਬੁਧੀਜੀਵੀ ਸੱਜਣੋ ਕਦੇ ਉਨ੍ਹਾਂ ਧੀਆਂ ਦਾ ਹਾਲ, ਦੁੱਖ ਸਮਾਜ ਅੱਗੇ ਰੱਖੋ ਜਿਨ੍ਹਾਂ ਅਪਣੇ ਪਿਆਰ ਨੂੰ ਵੀ ਨਹੀਂ ਛਡਿਆ ਪਰ ਪਿਛੇ ਜਿੱਥੇ ਜੰਮੀਆਂ, ਭੈਣਾਂ, ਭਰਾਵਾਂ, ਮਾਂ-ਪਿਉ, ਨਾਲ ਰਹੀਆਂ ਉਹ ਘਰ ਵੀ ਨਹੀਂ ਭੁੱਲ ਸਕੀਆਂ। ਪਤੀ ਵਲੋਂ ਚਾਹੇ ਲੱਖ ਪਿਆਰ, ਸਤਿਕਾਰ ਮਿਲਿਆ ਪਰ ਖ਼ੂਨ ਦੇ ਰਿਸ਼ਤੇ ਨਹੀਂ ਭੁਲਦੇ। ਖ਼ੁਸ਼ੀ ਗ਼ਮੀ ਤਿਉਹਾਰ ਦੇ ਅੰਦਰੋਂ ਅੰਦਰ ਰੋ ਕੇ ਅਪਣਾ ਮਨ ਹਲਕਾ ਕਰ ਲੈਂਦੀਆਂ ਹਨ। ਏਨਾ ਵੱਡਾ ਕਿਹੜਾ ਜੁਰਮ ਕਰ ਦਿਤਾ ਕਿ ਮਾਪੇ ਫ਼ੋਨ ਕਰ ਕੇ ਹਾਲ ਪੁਛਣਾ ਵੀ ਠੀਕ ਨਹੀਂ ਸਮਝਦੇ। ਜਦ ਅਸੀ ਗੁਰਬਾਣੀ ਦਾ ਹਵਾਲਾ ਦੇ ਕੇ ਕਹਿਦੇ ਹਾਂ ਕਿ ਪ੍ਰਮਾਤਮਾ ਪਿਤਾ ਬਣ ਕੇ ਅਪਣੇ ਪੁੱਤਰਾਂ ਦੇ ਅਉਗੁਣ ਬਖ਼ਸ਼ ਲੈਂਦਾ ਹੈ:
ਜੈਸਾ ਬਾਲਕੁ ਭਾਇ ਸੁਪਾਈ ਲਖ ਅਪਰਾਧ ਕਮਾਵੈ£
ਕਰ ਉਪਦੇਸ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ£
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ£
(ਸੋਰਠਿ ਮ. 5 (ਅੰਗ-624))
ਤਾਂ ਫਿਰ ਅਸੀ ਗੁਰਬਾਣੀ ਦੀ ਓਟ ਲੈਣ ਵਾਲੇ ਕਿਉਂ ਨਹੀਂ ਅਪਣੀਆਂ ਧੀਆਂ ਦੇ ਮਾਮਲੇ ਦਿਲ ਵੱਡਾ ਕਰਦੇ? ਜਾਂ ਤਾਂ ਲੜਕੇ ਲਈ ਵੀ ਇਹ ਸਖ਼ਤ ਅਸੂਲ ਅਪਨਾਉ ਜਾਂ ਫਿਰ ਧੀਆਂ ਨੂੰ ਵੀ ਅਪਣਾ ਜੀਵਨ ਸਾਥੀ ਚੁਣਨ ਦੀ ਖੁੱਲ੍ਹ ਦਿਉ। ਲੜਕੀਆਂ ਦੇ ਹੱਕ ਦੀ ਗੱਲ ਕਰਨ ਵਾਲੇ ਸਿਰਫ਼ ਸਟੇਜਾਂ ਤਕ ਹੀ ਸੀਮਤ ਹਨ। ਸਕੂਲਾਂ ਦੀਆਂ ਕਿਤਾਬਾਂ ਵਿਚੋਂ ਹੀਰ ਰਾਂਝੇ ਦੇ ਕਿੱਸੇ, ਗੀਤਾਂ, ਫ਼ਿਲਮਾਂ ਵਿਚੋਂ ਪਿਆਰ ਦੇ ਕਿੱਸੇ ਬੰਦ ਕਰ ਦਿਉ ਜਾਂ ਫਿਰ ਅਪਣੀ ਝੂਠੀ ਸ਼ਾਨ ਦੀ ਦੁਹਾਈ ਨਾ ਦਿਉ। ਅੱਖੀਂ ਗੀਤ ਦਾ ਜ਼ਿਕਰ ਜਿਸ ਵਿਚ ਧੀ ਦੇ ਬੋਲ ਹਨ :
'ਇਕ ਘਰ ਤੇਰਾ ਜੋੜਿਆ ਤੇ ਇਕ ਜੋੜਨ ਚੱਲੀ ਨੀ।'
ਹਰ ਇਕ ਨੂ ਅਪਣੀ ਮਰਜ਼ੀ ਨਾਲ ਜਿਊਣ ਦਾ ਹੱਕ ਹੈ।
ਸੰਪਰਕ : 99889-41198