
ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।
ਗੁਰ ਅਰਜਨ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਸਿੱਖਾਂ ਦੇ ਪਂਜਵੇ ਗੁਰੂ ਸਨ। ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰ ਅਮਰਦਾਸ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।
Gurdwara
ਗੁਰ ਅਮਰਦਾਸ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ।
ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ। ਫਿਰ ਗੁਰ ਰਾਮਦਾਸ ਨੇ ਸੰਨ 1577 ਵਿੱਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿਚ ਚੱਕ ਰਾਮਦਾਸ ਪੈ ਗਿਆ।
Gurdwara
ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰਅੰਦੇਸ਼ੀ ਨਾਲ ਅੰਮ੍ਰਿਤ ਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ,
ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ। ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲਗਿਆਂ ਪ੍ਰਸੰਨ ਚਿਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ ਸੀ।
Gurdwara
ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ। ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ।
ਦਸਤਾਰਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ। ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ।
ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈਃ ਵਿੱਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ।
Gurdwara
ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ? 1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ।
1594 ਈਃ ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿੱਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ। ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ।
Gurdwara
ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ।
ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ। ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿਚ ਸੱਤ ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ, ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਸੀ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸਦੇ ਕੁੱਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਹਨ (1) ਸੁਖਮਨੀ (2) ਬਾਰਹਮਾਂਹ (3) ਬਾਵਨ ਅੱਖਰੀ (4) ਫੁਨਹੇ (5) ਮਾਰੂ ਡਖਣੇ (6) ਵਾਰਾਂ, ਜਿੰਨ੍ਹਾਂ ਦੀ ਗਿਣਤੀ ਛੇ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਇਹ ਬਾਣੀ ‘ਦੇਵ ਨਾਗਰੀ` ਲਿਪੀ ਦੀ ਵਰਣਮਾਲ ਦੇ ਅੱਖਰਾਂ ਦੇ ਆਧਾਰ ਤੇ ‘ਆਦਿ ਗ੍ਰੰਥ` ਦੇ ‘ਗਉੜੀ` ਰਾਗ ਵਿੱਚ ਅੰਕਿਤ ਹੈ।
Gurdwara
ਇਸ ਬਾਣੀ ਦੀਆਂ 55 ਪਉੜੀਆਂ ਹਨ ਤੇ ਹਰ ਇੱਕ ਪਉੜੀ ਨਾਲ ਇੱਕ ਸਲੋਕ ਅੰਕਿਤ ਹੈ। ਇਸ ਬਾਣੀ ਦੇ ਆਰੰਭ ਵਿੱਚ ਮੰਗਲਾਚਰਣ ਦੇ ਰੂਪ ਵਿੱਚ ਇੱਕ ਸਲੋਕ ਦਰਜ ਹੈ, ਜਿਸ ਦੀਆਂ 9 ਪੰਕਤੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦੀ ਮਿਹਰ ਭਰੀ ਦ੍ਰਿਸ਼ਟੀ ਪ੍ਰਾਪਤ ਕਰਨ ਲਈ ਪਹਿਲਾਂ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਜ਼ਰੂਰੀ ਹੈ। ਕਿਉਂਕਿ ਗੁਰੂ ਮਨੁੱਖ ਦੇ ਜੀਵਨ ਵਿੱਚ ਨਿਖਾਰ ਲਿਆਉਂਦਾ ਹੈ ਅਤੇ ਉਸ ਨੂੰ ਅਧਿਆਤਮਿਕ ਮਾਰਗ ਉਤੇ ਅੱਗੇ ਤੋਰਦਾ ਹੈ।
ਅਧਿਆਤਮਿਕ ਮਾਰਗ ਉਤੇ ਦ੍ਰਿੜਤਾ ਪੂਰਵਕ ਅੱਗੇ ਵਧਣ ਲਈ ਸਤਿਸੰਗਤਿ ਦੀ ਬਹੁਤ ਲੋੜ ਹੈ। ਫਲਸਰੂਪ, ਸੰਤਾਂ ਦੀ ਚਰਣ ਧੂੜ ਬਨਣ ਦੀ ਕਾਮਨਾ ਵਿਸ਼ੇਸ਼ ਰੂਪ ਵਿੱਚ ਉਭਰਦੀ ਹੈ ਕਰਿ ਕਿਰਪਾ ਪ੍ਰਭ ਦੀਨ ਦਇਆਲਾ। ਤੋਰੇ ਸੰਤਨ ਕੀ ਮਨ ਹੋਇ ਰਵਾਲਾ। ਗੁਰਬਾਣੀ ਵਿੱਚ ਅਧਿਆਤਮਿਕ ਵਾਰਾਂ ਦਾ ਚਿਤਰਣ ਮਿਲਦਾ ਹੈ। ਗੁਰੂ ਨਾਨਕ ਸਾਹਿਬ ਤੋਂ ਹੀ ਇਹਨਾਂ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਅਧਿਆਤਮਿਕ ਵਾਰਾਂ ਦਰਜ ਹਨ।
ਅਸਲ ਵਿਚ ਗੁਰੂ ਸਾਹਿਬਾਨ ਨੇ ਇਸ ਲੋਕ ਕਾਵਿ ਰੂਪ ਵਿੱਚ ਬਾਣੀ ਦੀ ਰਚਨਾ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਸਾਝਾਂ ਸੰਦੇਸ਼ ਦੇਣ ਦਾ ਉਪਰਾਲਾ ਕੀਤਾ। ਗੁਰੂ ਅਰਜਨ ਸਾਹਿਬ ਨੇ ਵੀ ਹੋਰ ਬਾਣੀ ਦੇ ਨਾਲ-ਨਾਲ 6 ਵਾਰਾਂ ਦੀ ਰਚਨਾ ਵੀ ਕੀਤੀ, ਜਿਸ ਵਿੱਚ ਉਹਨਾਂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਪੂਰਨ ਗੁਰਸਿੱਖ ਦੀ ਪਰਿਭਾਸ਼ਾ ਦਰਸਾਉਣ ਦਾ ਵਡੇਰਾ ਯਤਨ ਕੀਤਾ। ਗੁਰੂ ਸਾਹਿਬ ਦੁਆਰਾ ਰਚਿਤ ਇਹਨਾਂ 6 ਵਾਰਾਂ ਦਾ ਵੇਰਵਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਰਾਗਾ ਅਧੀਨ ਮਿਲਦਾ ਹੈ।
ਉਹਨਾਂ ਨੇ ਰਾਗ ਪਉੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਮ ਮਾਰੂ, ਅਤੇ ਰਾਗ ਬਸੰਤ ਵਿੱਚ ਬਾਣੀ ਰਚੀ। ਇਹਨਾਂ ਵਾਰਾਂ ਦਾ ਰਚਨਾ ਵਿਧਾਨ ਵੀ ਉਹੀ ਹੈ ਜੋ ਬਾਕੀ ਗੁਰੂ ਸਾਹਿਬਾਨ ਵਲੋਂ ਲਿਖੀਆਂ ਗਈਆਂ ਵਾਰਾਂ ਦਾ ਹੈ। ਉਹਨਾਂ ਦੀਆਂ ਵਾਰਾਂ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਸ਼ਾਮਲ ਸ਼ਲੋਕ ਉਹਨਾਂ ਦੇ ਆਪਣੇ ਵੀ ਹਨ ਅਤੇ ਦੂਸਰੇ ਗੁਰੂਆਂ ਦੇ ਵੀ ਸ਼ਲੋਕ ਹਨ। ਉਥੇ ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਦੇ ਸ਼ਲੋਕ ਆਪਣੇ ਹੀ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।