Diwali Special: ਖ਼ੁਸ਼ੀ ਮਨਾਉਣ ਦੇ ਹੋਰ ਬਹੁਤ ਸਾਰੇ ਢੰਗ-ਤਰੀਕੇ ਸਾਡੇ ਕੋਲ ਹਨ। ਸੋ ਆਉ ਅਪਣੇ ਬੱਚਿਆਂ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰੀਏ ਤੇ ਵਾਤਾਵਰਣ ਪ੍ਰੇਮੀ ਬਣਾਈਏ।
ਦੀਵਾਲੀ ਦੇ ਤਿਉਹਾਰ ਤੇ ਅਸੀਂ ਅਪਣੇ ਘਰਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਰੌਸ਼ਨੀਆਂ ਤੇ ਦੀਵਿਆਂ ਨਾਲ ਰੌਸ਼ਨ ਕਰਦੇ ਹਾਂ ਕਿ ਸਾਡੇ ਘਰ ਦਾ ਕੋਈ ਵੀ ਕੋਨਾ ਚਾਨਣ ਤੋਂ ਸਖਣਾ ਨਾ ਰਹੇ। ਅਸੀਂ ਇਨ੍ਹਾਂ ਬਨਾਉਟੀ ਰੌਸ਼ਨੀਆਂ ਨਾਲ ਬਾਹਰਲਾ ਹਨ੍ਹੇਰਾ ਤਾਂ ਦੂਰ ਕਰ ਲੈਂਦੇ ਹਾਂ ਪਰ ਜੋ ਬੁਰਾਈਆਂ ਦਾ ਹਨ੍ਹੇਰਾ ਸਾਡੇ ਅੰਦਰ ਛਾਇਆ ਹੋਇਆ ਹੈ, ਉਸ ਨੂੰ ਅਸੀਂ ਸ਼ਾਇਦ ਕਦੇ ਘੱਟ ਕਰਨ ਬਾਰੇ ਸੋਚਦੇ ਹੀ ਨਹੀਂ।
ਅਸੀਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਹੀ ਝਗੜੀ ਜਾ ਰਹੇ ਹਾਂ। ਇਕ ਦੂਜੇ ਨੂੰ ਨੀਵਾਂ ਦਿਖਾਉਣ ’ਤੇ ਹੀ ਅਪਣੀ ਊਰਜਾ ਖਪਤ ਕਰੀਂ ਜਾ ਰਹੇ ਹਾਂ। ਸਾਨੂੰ ਅਪਣੇ ਅੰਦਰ ਝਾਕਣ ਦੀ ਤੇ ਗਿਆਨ ਰੂਪੀ ਦੀਵਾ ਬਾਲਣ ਦੀ ਲੋੜ ਹੈ ਜਿਸ ਦਾ ਤੇਲ-ਬੱਤੀ ਕਦੇ ਵੀ ਖ਼ਤਮ ਨਾ ਹੋਵੇ। ਕੁਦਰਤ ਦੇ ਨੇੜੇ ਰਹੀਏ, ਇਸ ਦੀ ਸਾਂਭ ਸੰਭਾਲ ਕਰੀਏ। ਅੱਜ ਪੂਰੀ ਦੁਨੀਆਂ ਕੋਲ ਦਰਪੇਸ਼ ਮੁਦਿਆਂ ’ਚੋਂ ਇਕ ਮੁੱਖ ਮੁੱਦਾ ਪ੍ਰਦੂਸ਼ਣ ਦਾ ਹੈ ਜੋ ਕਿ ਬਹੁਤ ਹੀ ਅਹਿਮ ਤੇ ਗੰਭੀਰ ਹੈ। ਤਿਉਹਾਰਾਂ ਤੇ ਹੋਰ ਜਸ਼ਨ ਦੇ ਮੌਕਿਆਂ ’ਤੇ ਖ਼ੂਬ ਪਟਾਕੇ ਚਲਾਏ ਜਾਂਦੇ ਹਨ। ਅਸੀਂ ਜ਼ਰਾ ਵੀ ਨਹੀਂ ਸੋਚਦੇ ਕਿ ਅਸੀ ਅਪਣੇ ਵਾਤਾਵਰਣ ਨੂੰ ਜ਼ਹਿਰੀਲਾ ਬਣਾ ਰਹੇ ਹਾਂ।
ਖ਼ੁਸ਼ੀ ਮਨਾਉਣ ਦੇ ਹੋਰ ਬਹੁਤ ਸਾਰੇ ਢੰਗ-ਤਰੀਕੇ ਸਾਡੇ ਕੋਲ ਹਨ। ਸੋ ਆਉ ਅਪਣੇ ਬੱਚਿਆਂ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰੀਏ ਤੇ ਵਾਤਾਵਰਣ ਪ੍ਰੇਮੀ ਬਣਾਈਏ। ਬੱਚਿਆਂ ਨੂੰ ਇਨ੍ਹਾਂ ਤਿਉਹਾਰਾਂ ਦੇ ਮੌਕਿਆਂ ’ਤੇ ਚੰਗੀਆਂ ਕਿਤਾਬਾਂ ਖ਼ਰੀਦ ਕੇ ਦੇਈਏ। ਉਨ੍ਹਾਂ ਦੀ ਪਕਿਆਈ ਵਲ ਵੱਧ ਰਹੀ ਸੋਚ ਨੂੰ ਸਹੀ ਮੋੜਾ ਪਾਈਏ। ਇਸ ਤੋਂ ਇਲਾਵਾ ਨਸ਼ਿਆਂ ਦੀ ਭੈੜੀ ਮਾਰ ਜੋ ਸਾਡੀ ਨੌਜਵਾਨੀ ਨੂੰ ਖੋਖਲਾ ਕਰ ਰਹੀ ਹੈ, ਅਜਿਹੀ ਬੁਰਾਈ ਨਾਲ ਲੜਨ ਲਈ ਤੇ ਇਸ ਨੂੰ ਖ਼ਤਮ ਕਰ ਕੇ ਇਕ ਨਿਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦਾ ਦੀਵਾ ਅਪਣੇ ਅੰਦਰ ਜਗਾਉਣ ਦੀ ਲੋੜ ਹੈ।|- ਲਾਭ ਸਿੰਘ ਸ਼ੇਰਗਿੱਲ (ਸੰਗਰੂਰ)