'ਸੱਚੇ ਸੌਦੇ' ਤੋਂ 'ਕੱਚੇ ਸੌਦੇ' ਤਕ ਦੀ ਗਾਥਾ (1)
Published : Sep 12, 2017, 11:26 pm IST
Updated : Sep 12, 2017, 5:56 pm IST
SHARE ARTICLE

 ਦੇਸ਼ ਭਰ ਦੇ 36 ਜ਼ੈੱਡ-ਸੁਰੱਖਿਆ ਪ੍ਰਾਪਤ ਵਿਸ਼ੇਸ਼ ਵਿਅਕਤੀਆਂ ਵਿਚੋਂ ਇਕ, ਭਾਰਤ ਦੇ 100 ਮੁਹਤਬਰ ਸੱਜਣਾਂ ਵਿਚ ਸ਼ੁਮਾਰ, ਗਿਨੀਜ਼ ਬੁੱਕ ਆਫ਼ ਵਰਲਡ ਰੀਕਾਰਡ ਵਿਚ 22 ਇੰਦਰਾਜਾਂ ਵਾਲਾ ਸੁਪਰਮੈਨ, ਦੁਨੀਆਂ ਭਰ ਵਿਚ ਛੇ ਕਰੋੜ ਪ੍ਰੇਮੀਆਂ ਦਾ ਸਤਿਗੁਰੂ, ਸਾਢੇ ਤਿੰਨ ਹਜ਼ਾਰ ਨਾਮ ਚਰਚਾ ਘਰਾਂ ਦੀ ਜਿੰਦ ਜਾਨ ਅਤੇ ਸ੍ਰੀ ਗੰਗਾਨਗਰ ਦੇ ਇਕ ਆਮ ਪਿੰਡ ਦੇ ਜੱਟ-ਕਿਸਾਨ ਦਾ ਪੰਜਵੀਂ ਪਾਸ ਪੁੱਤਰ ਕਿਵੇਂ ਇਕ ਵੱਡੀ 'ਸਲਤਨਤ' ਦਾ ਮਾਲਕ ਬਣਿਆ ਤੇ ਦੋ ਦੋ ਸੂਬਿਆਂ ਦੀਆਂ ਸਰਕਾਰਾਂ ਨੂੰ ਬੰਧਕ ਬਣਾਉਣ ਅਤੇ ਢਾਹੁਣ ਦੇ ਸਮੱਰਥ ਵੀ? ਇਹ ਗਾਥਾ ਹੈ ਉਸ ਬਹਿਰੂਪੀਏ ਦੀ ਜੋ ਰਾਕਸਟਾਰ ਵੀ ਹੈ ਤੇ ਸਟੰਟਮੈਨ ਵੀ। ਜੋ ਅੱਧੀ ਦਰਜਨ ਫ਼ਿਲਮਾਂ ਦਾ ਅਦਾਕਾਰ, ਨਿਰਦੇਸ਼ਕ, ਪ੍ਰਸਤੁਤਕਰਤਾ ਅਤੇ ਵਿਕਰੇਤਾ ਹੈ।

ਜੋ ਮਰੀਜ਼ਾਂ ਦਾ ਮਸੀਹਾ, ਲਾਚਾਰਾਂ ਦਾ ਸਹਾਰਾ ਅਤੇ ਦੱਬਿਆਂ-ਕੁਚਲਿਆਂ ਦਾ ਮਾਣ-ਤਾਣ ਬਣਨ ਦੀ ਅਦਾਕਾਰੀ ਕਰ ਕੇ ਨੇਤਾਵਾਂ ਨੂੰ ਵੋਟਾਂ ਦਿੰਦਾ ਰਿਹਾ ਤੇ ਉਨ੍ਹਾਂ ਤੋਂ ਨੋਟਾਂ ਦੀਆਂ ਦੱਥੀਆਂ ਲੈਂਦਾ ਰਿਹਾ। ਸਾਰੀ ਜ਼ਿੰਦਗੀ ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ, ਦੇਸ਼-ਦੇਸ਼ ਭਰਮਾਂ-ਗ੍ਰਸੀ ਲੋਕਾਈ ਨੂੰ ਸੱਚ ਦੀ ਸੋਝੀ ਕਰਾਉਣ ਵਾਲੇ ਸਤਿਗੁਰੂ ਜੀ ਦੇ 'ਸੱਚੇ ਸੌਦੇ' ਦਾ ਨਾਂ ਵਰਤ ਕੇ ਉਸ ਨੂੰ ਲਾਜ ਲਾਉਣ ਵਾਲੇ ਇਸ ਦੁਸ਼ਟ ਦੀ ਗਾਥਾ ਬੜੀ ਰੋਚਕ ਵੀ ਹੈ ਤੇ ਜਾਦੂਈ ਵੀ ਜਿਸ ਨੇ ਕੱਚਾ ਸੌਦਾ ਵਿਹਾਜਦਿਆਂ ਜੱਗ-ਹਸਾਈ ਕਰਵਾਈ।

ਸਪੋਕਸਮੈਨ ਵਿਚ ਛਪੇ ਅਪਣੇ ਪਿਛਲੇ ਲੇਖ 'ਪੰਜਾਬੀਆਂ ਵਿਚ ਅਨੈਤਿਕਤਾ' ਵਿਚ, ਮਾਰਕ ਟਵੇਨ ਦਾ ਕਥਨ ਵਿਸਤਾਰਦਿਆਂ ਮੈਂ ਲਿਖਿਆ ਸੀ ਕਿ ਗੰਦੀ ਸਿਆਸਤ ਨੇ ਗ਼ਰੀਬਾਂ ਨੂੰ ਵੋਟ-ਬੈਂਕ ਅਤੇ ਅਮੀਰਾਂ ਨੂੰ ਨੋਟ-ਬੈਂਕ ਵਿਚ ਬਦਲ ਕੇ ਰੱਖ ਦਿਤਾ ਹੈ। ਇਸ ਛਲੇਡੇ ਸਾਧ ਨੇ ਵੀ ਦਲਿਤਾਂ, ਗ਼ਰੀਬਾਂ ਅਤੇ ਬੀਮਾਰਾਂ ਨੂੰ ਬਰਾਬਰੀ, ਮਦਦ, ਸਹਾਰਾ ਅਤੇ ਸਰਪ੍ਰਸਤੀ ਦੇ ਕੇ ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਤੇ ਆਪ ਨੂੰ ਅਪਣੇ ਮਕੜਜਾਲ ਵਿਚ ਫਸਾਉਂਦਿਆਂ ਲੱਖਾਂ ਵੋਟਾਂ ਦਿਵਾਉਣ ਦੇ ਲਾਲਚ ਬਦਲੇ ਅਪਣੇ ਅੱਗੇ ਨਤਮਸਤਕ ਹੋਣ ਲਈ ਮਜਬੂਰ ਕਰ ਦਿਤਾ। ਦੋਵੇਂ ਬਾਦਲਾਂ ਦੀਆਂ ਇਸ ਪਾਖੰਡੀ ਦੇ ਦਰਬਾਰ ਵਿਚਲੀਆਂ ਤਸਵੀਰਾਂ ਕਿਵੇਂ ਸਪੱਸ਼ਟ ਕਰਦੀਆਂ ਹਨ ਕਿ ਅਜਿਹੇ ਸ਼ਾਤਰ ਅਪਰਾਧੀ ਵਲੋਂ ਮਿਲੀ ਹਮਾਇਤ ਕਿੰਨੀ ਕੁ ਵਫ਼ਾਦਾਰ, ਨੈਤਿਕਤਾਪੂਰਨ ਅਤੇ ਸੁਹਿਰਦ ਹੋਵੇਗੀ।

 ਕਿਸੇ ਹੋਰ ਲੇਖ ਵਿਚ ਪਿਛਲੀਆਂ ਵਿਧਾਨ ਸਭਾਈ ਚੋਣਾਂ ਦੌਰਾਨ, ਇਸ ਡੇਰੇ ਢੁੱਕੇ ਨਿਰਲੱਜ ਪੰਜਾਬੀ ਸਿਆਸਤਦਾਨਾਂ ਦਾ ਕੱਚਾ ਚਿੱਠਾ ਫਰੋਲਾਂਗੀ ਜਿਨ੍ਹਾਂ ਦੇ ਇਸ ਬਜਰ ਗੁਨਾਹ ਦੀ ਸਜ਼ਾ ਕੇਵਲ ਜੂਠੇ ਭਾਂਡੇ ਮਾਂਜਣ ਜਾਂ ਜੋੜੇ ਸਾਫ਼ ਕਰਨ ਤਕ ਹੀ ਸੀਮਤ ਰੱਖੀ ਗਈ। ਖੁੱਲ੍ਹੀ ਹਮਾਇਤ ਦੇ ਐਲਾਨ ਉਪਰੰਤ ਵੀ, ਕਿਵੇਂ ਪਿਛਲੀ ਸਰਕਾਰ ਅਪਣੀਆਂ ਕਾਲੀਆਂ ਕਰਤੂਤਾਂ ਕਾਰਨ ਵੇਖਦਿਆਂ ਹੀ ਵੇਖਦਿਆਂ ਔਹ ਗਈ ਔਹ ਗਈ। ਕੇਵਲ 27 ਸਾਲਾਂ ਵਿਚ ਇਕ ਮਹਾਂ 'ਕਾਮਯਾਬ' ਵਿਅਕਤੀ ਬਣ ਜਾਣ ਵਾਲਾ ਸੌਦਾ ਸਾਧ ਅੱਜ ਪੂਰੇ ਜ਼ਮਾਨੇ ਵਿਚ ਚਰਚਾ ਦਾ ਵਿਸ਼ਾ ਹੈ। 'ਬਦਨਾਮ ਹੂਏ ਤੋ ਕਿਆ ਨਾਮ ਨਾ ਹੋਗਾ' ਮੁਤਾਬਕ ਕੱਚੇ ਸੌਦੇ ਦੇ ਇਸ ਵਣਜਾਰੇ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਕੁੱਝ ਉਸ ਦੇ ਪੂਰਬਲੇ ਸਾਥੀਆਂ ਉਤੇ ਝਾਤ ਪਾਉਣੀ ਹੋਰ ਵੀ ਗਿਆਨ ਵਧਾਊ ਅਤੇ ਦਿਲਚਸਪ ਹੋਵੇਗੀ। ਇਸ ਸੂਚੀ ਵਿਚ ਬਹੁਤ ਪਿੱਛੇ ਨਾ ਜਾਂਦਿਆਂ, ਪੰਜ ਚਾਰ ਵਰ੍ਹੇ ਪਹਿਲੇ ਆਡੰਬਰੀ 'ਬਾਪੂ' ਆਸਾਰਾਮ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਜੋ 'ਬਾਪੂ' ਅਖਵਾ ਕੇ ਵੀ ਬੱਚੀਆਂ ਦੀ ਦਹਾਕਿਆਂ ਤਕ ਅਸਮਤ ਲੁਟਦਾ ਰਿਹਾ।

ਉਸ ਦੇ ਚੇਲੇ-ਬਾਲਕਿਆਂ, ਆਸ਼ਰਮਾਂ, ਤਲਿਸਮੀ ਸੰਸਾਰ ਅਤੇ ਪਾਖੰਡ-ਜਾਲ ਦਾ ਘੇਰਾ ਵੀ ਬਹੁਤ ਵਿਸ਼ਾਲ ਸੀ ਤੇ ਜਿੰਨੇ ਔਖੇ ਹੋ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਵੀ ਇਕ ਲੰਮੀ ਦਾਸਤਾਂ ਸੀ। ਉਸ ਦੀ ਤੇ ਉਸ ਦੇ ਪੁੱਤਰ ਨਾਰਾਇਣ ਸਾਈਂ ਦੀ ਸ਼ਾਤਰਤਾ ਨੇ ਇਕ ਵੱਡਾ ਸਾਮਰਾਜ ਖੜਾ ਕਰ ਦਿਤਾ ਸੀ ਜਿਸ ਵਿਚ ਦੇਸ਼-ਵਿਦੇਸ਼ ਦੇ ਅਣਗਿਣਤ ਆਸ਼ਰਮਾਂ, ਤਹਿਖਾਨਿਆਂ, ਸੁਰੰਗਾਂ, ਟਿਕਾਣਿਆਂ ਅਤੇ ਸਮਾਗਮਾਂ ਦੀ ਸ਼ਮੂਲੀਅਤ ਸੀ। ਕਿਵੇਂ ਉਹ ਅਪਣੇ ਪੈਰੋਕਾਰਾਂ ਦੀਆਂ ਮੁਟਿਆਰ ਬੱਚੀਆਂ ਦਾ ਸ਼ੋਸ਼ਣ ਕਰਦਾ ਸੀ ਉਹ ਸੱਭ ਕੁੱਝ ਅੱਜ ਬਾਹਰ ਆ ਚੁੱਕਾ ਹੈ ਪਰ 'ਬਾਪੂ' ਦੇ ਨਾਂ ਨੂੰ ਬਦਨਾਮ ਕਰ ਦੇਣ ਵਾਲਾ ਇਹ ਕਾਮੀ ਬੁੱਢਾ ਅੱਜ ਸਲਾਖਾਂ ਦੇ ਪਿੱਛੇ ਹੈ, ਵਰ੍ਹਿਆਂ ਤੋਂ ਹੈ ਤੇ ਉਸ ਦੀਆਂ ਕਾਲੀਆਂ ਕਰਤੂਤਾਂ ਕਾਰਨ ਸ਼ਾਇਦ ਉਸ ਦਾ ਬਾਕੀ ਸਮਾਂ ਵੀ ਇਨ੍ਹਾਂ ਕੋਠੜੀਆਂ ਵਿਚ ਹੀ ਲੰਘ ਜਾਵੇ। ਹਿਸਾਰ ਦੇ ਰਾਮਪਾਲ ਨੂੰ ਕੌਣ ਨਹੀਂ ਜਾਣਦਾ ਭਲਾ? ਚੁੱਪ ਚੁਪੀਤੇ ਡੇਰੇ ਚਲਾਉਣ ਵਾਲੇ ਤਾਂ ਇੱਥੇ ਬੇਸ਼ੁਮਾਰ ਹਨ ਪਰ 'ਭਗਵਾਨ' ਬਣ ਕੇ ਜ਼ਮਾਨੇ ਵਿਚ ਛਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਉਂਗਲੀਆਂ ਉਤੇ ਗਿਣੇ ਜਾਣ ਵਾਲੇ ਹੀ ਹਨ। 'ਸਤਲੋਕ' ਆਸ਼ਰਮ ਦੇ ਬਾਨੀ, ਹਿੰਸਕ ਰੁਚੀਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਅਤੇ ਇਤਰਾਜ਼ਯੋਗ ਦਵਾਈਆਂ ਦੀ ਤਸਕਰੀ ਵਿਚ ਬੰਦ ਰਾਮਪਾਲ ਹਰਿਆਣੇ ਵਿਚ ਹੀ ਨਹੀਂ ਰਾਜਿਸਥਾਨ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਵੱਡੀ ਜਾਇਦਾਦ ਦਾ ਮਾਲਕ ਹੈ।

 ਸਰਕਾਰੇ ਦਰਬਾਰੇ ਪਹੁੰਚ ਵਾਲੇ ਇਸ ਸ਼ਖ਼ਸ ਦੀ ਗ੍ਰਿਫ਼ਤਾਰੀ ਵੇਲੇ ਵੀ ਜੋ ਮੰਜ਼ਰ ਸਾਹਮਣੇ ਆਇਆ ਸੀ ਉਹ ਦਿਲ ਕੰਬਾਊ ਸੀ। ਆਮ ਲੋਕਾਂ ਹੀ ਨਹੀਂ, ਪੜ੍ਹੇ-ਲਿਖੇ ਤੇ ਬਾਰਸੂਖ ਬੰਦਿਆਂ ਨੂੰ ਉੱਲੂ ਬਣਾਉਣ ਵਿਚ ਵੀ ਇੰਜੀਨੀਅਰ ਤੋਂ ਸੰਤ ਬਣੇ ਇਸ ਰਾਮਪਾਲ ਦਾ ਵੱਡਾ ਹੱਥ ਹੈ ਜੋ ਇਸ ਵੇਲੇ ਜੇਲ ਦੀਆਂ ਸਲਾਖ਼ਾਂ ਪਿੱਛੇ ਬੰਦ ਹੈ। ਦੱਖਣ ਭਾਰਤ ਦਾ ਇਕ ਹੋਰ ਮੱਕਾਰ ਹੈ ਸਵਾਮੀ ਨਿਤਿਆਨੰਦ। ਪੰਜ ਛੇ ਵਰ੍ਹੇ ਪਹਿਲਾਂ, ਜਦੋਂ ਮੈਂ ਬੰਗਲੌਰ ਅਪਣੇ ਡਾਕਟਰ ਬੇਟੇ ਦੇ ਘਰ ਟੀ.ਵੀ. ਲਾਇਆ ਤਾਂ 'ਸਵਾਮੀ' ਅਖਵਾਉਂਦੇ ਨਿਤਿਆਨੰਦ ਬਾਰੇ ਸਟਿੰਗ ਆਪਰੇਸ਼ਨ ਨੂੰ ਨਸ਼ਰ ਕੀਤਾ ਜਾ ਰਿਹਾ ਸੀ। ਉਥੋਂ ਦੇ ਸਿਆਸਤਦਾਨਾਂ ਦਾ ਚਹੇਤਾ ਅਧਿਆਤਮਕ ਗੁਰੂ, ਰਜਨੀਕਾਂਤ ਦਾ ਦਿਲਦਾਦਾ ਤੇ ਹੋਰ ਨੇਤਾਵਾਂ ਨੂੰ ਅਸੀਸਾਂ ਦੇ ਕੇ ਵੋਟਾਂ ਬਖ਼ਸ਼ਦਾ ਨਿਤਿਆਨੰਦ ਨੰਗਾ ਕੀਤਾ ਜਾ ਰਿਹਾ ਸੀ। ਜਦੋਂ ਕੰਨੜ ਅਦਾਕਾਰਾ ਨਾਲ ਉਸ ਦੇ ਹਮਬਿਸਤਰ ਹੋਣ ਦੇ ਦ੍ਰਿਸ਼ ਵਿਖਾਏ ਜਾਣ ਲੱਗੇ ਤਾਂ ਲੋਕਾਂ ਨੇ ਅਪਣੇ ਟੀ.ਵੀ. ਸੈÎੱਟ ਭੰਨ ਦਿਤੇ। ਲੋਕ ਬਾਜ਼ਾਰਾਂ ਵਿਚ ਇਕੱਠੇ ਹੋਣ ਲੱਗ ਪਏ। ਚੈਨਲਾਂ ਦਾ ਸਿਆਪਾ ਕੀਤਾ ਜਾਣ ਲੱਗਾ ਜਿਨ੍ਹਾਂ ਨੇ ਉਨ੍ਹਾਂ ਦੇ ਸਵਾਮੀ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸੁਟਿਆ ਸੀ। ਮੁਕੱਦਮਾ ਦਾਇਰ ਹੋਇਆ। ਸੀ.ਡੀ. ਦੀ ਜਾਂਚ ਹੋਈ। ਸੱਭ ਕੁੱਝ ਸੱਚ ਸਾਬਤ ਹੋਇਆ ਤੇ ਨਿਤਿਆਨੰਦ ਜੇਲ ਦੀ ਕੋਠੜੀ ਦਾ ਵਾਸੀ ਬਣਿਆ। ਜਨਤਾ ਉੱਤਰੀ ਭਾਰਤ ਦੀ ਹੋਵੇ ਜਾਂ ਦਖਣੀ ਭਾਰਤ ਦੀ, ਇਨ੍ਹਾਂ 'ਸਵਾਮੀਆਂ' ਉਤੇ ਅੱਖਾਂ ਮੀਟ ਕੇ ਭਰੋਸਾ ਕਰਨ ਲੱਗ ਪੈਂਦੀ ਹੈ। ਸਵਾਮੀ ਭੀਮਾਨੰਦ ਉਰਫ਼ ਸ਼ਿਵ ਮੂਰਤੀ ਦਿਵੇਦੀ, ਜੋ ਕਦੇ ਨਹਿਰੂ ਪਲੇਸ ਦਿੱਲੀ ਦੇ ਪੰਜ ਸਿਤਾਰਾ ਹੋਟਲ ਵਿਖੇ ਗਾਰਡ ਹੋਇਆ ਕਰਦਾ ਸੀ, ਵੀ ਕਾਮ ਦੇ ਧੰਦੇ ਦਾ ਸਰਗ਼ਨਾ ਬਣ ਕੇ ਅਮੀਰ ਬਣਿਆ। ਦੇਹ ਵਪਾਰ ਦੇ ਵੱਡੇ ਰੈਕਟ ਵਿਚ ਸ਼ਾਮਲ ਭੀਮਾਨੰਦ ਆਲੀਸ਼ਾਨ ਤਹਿਖ਼ਾਨਿਆਂ, ਜ਼ਮੀਨਦੋਜ਼ ਹਾਲਾਂ, ਵਿਸ਼ੇਸ਼ ਤੌਰ ਤੇ ਬਣਾਏ ਖਿੜਕੀਆਂ-ਦਰਵਾਜ਼ਿਆਂ ਅਤੇ ਬਹੁਤ ਸਾਰੀਆਂ ਸਜੀਆਂ ਫਬੀਆਂ ਮੁਟਿਆਰਾਂ, ਨਚਾਰਾਂ, ਸ਼ਰਾਬਖ਼ਾਨਿਆਂ ਅਤੇ ਤਲਿਸਮੀ ਦੁਨੀਆਂ ਦਾ ਸੰਚਾਲਕ ਸੀ।

ਗਾਹਕ ਬਣ ਕੇ ਵਿਛਾਏ ਪੁਲੀਸ-ਜਾਲ ਨੇ ਭੀਮਾਨੰਦ ਦਾ ਸਵਾਮੀਪੁਣਾ ਕੱਢ ਦਿਤਾ ਸੀ। 1997 ਵਿਚ ਉਸ ਨੂੰ ਲਾਜਪਤ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ। ਇਸੇ ਲੜੀ ਵਿਚ ਨੂਰਮਹਿਲੀਆ ਸਾਧ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਜਿਹੜਾ ਸਾਲਾਂ ਤੋਂ ਭਾਵੇਂ ਮਰਿਆ ਪਿਆ ਹੈ ਪਰ ਉਸ ਦੇ ਅੰਧਵਿਸ਼ਵਾਸੀ ਚੇਲਿਆਂ ਨੂੰ ਉਸ ਦੀ ਸਮਾਧੀਲੀਨ ਮੁਦਰਾ ਤੋਂ ਬਿਨਾਂ ਕੁੱਝ ਹੋਰ ਵਿਖਾਈ ਨਹੀਂ ਦੇ ਰਿਹਾ। ਬੜੂੰਦੀ ਵਾਲੇ ਇਕ ਸਾਧ ਦੇ ਰੰਗੀਨ ਕਿੱਸੇ ਵੀ ਮੇਰੀ ਉਮਰ ਜਾਂ ਮੇਰੇ ਤੋਂ ਵੱਡ ਉਮਰੇ ਪਾਠਕ ਜ਼ਰੂਰ ਜਾਣਦੇ ਹੋਣਗੇ ਜੋ ਅੱਜ ਯੂ.ਕੇ. ਦੀ ਧਰਤੀ ਤੇ ਇਕ ਹਰਮਨ ਪਿਆਰਾ ਵਿਦਿਆਦਾਨੀ ਤੇ ਸੰਤ ਬਣ ਕੇ ਵਿਚਰ ਰਿਹਾ ਹੈ। ਸ਼ਿਕਾਗੋ ਵਾਲੇ ਦੀਆਂ ਰੰਗੀਨੀਆਂ ਤੇ ਆਸ਼ਕ ਮਿਜ਼ਾਜੀਆਂ ਭਲਾ ਕਿਸ ਤੋਂ ਲੁਕੀਆਂ ਛੁਪੀਆਂ ਹਨ ਜਿਸ ਨੇ ਮਸ਼ਹੂਰੀ ਖ਼ਾਤਰ ਕਿਹੜੇ ਕਿਹੜੇ ਖੇਖਣ ਨਹੀਂ ਕੀਤੇ। ਪ੍ਰਦੇਸਾਂ ਵਿਚ ਗੁਰਦਵਾਰੇ ਬਣਾਏ, ਲੰਮੀਆਂ ਚੌੜੀਆਂ ਜਾਇਦਾਦਾਂ, ਸਟੋਰ ਤੇ ਗੈਸ ਸਟੇਸ਼ਨ ਬਣਾਏ ਤੇ ਦਹੀਂ ਮਣਸ ਮਣਸ ਕੇ ਭੁੱਲੜ ਬੀਬੀਆਂ ਨੂੰ ਕਿੰਨੇ ਸਬਜ਼ਬਾਗ਼ ਵਿਖਾਉਂਦਾ ਰਿਹਾ। ਆਖ਼ਰ ਰੰਗਰਲੀਆਂ ਮਨਾਉਂਦਾ ਸ਼ਰੇਆਮ ਫੜਿਆ ਗਿਆ। ਇੱਥੇ ਕਈ ਪੰਜਾਬੀ ਔਰਤਾਂ ਨੇ ਵੀ ਦਾਅਵਾ ਕੀਤਾ ਸੀ ਕਿ ਕਛਹਿਰੇ ਦੇ ਹੇਠਾਂ ਉਹ ਕੀ ਪਹਿਨਦਾ ਹੈ, ਇਸ ਦਾ ਜਵਾਬ ਉਹ ਪੁਲਿਸ ਨੂੰ ਵੀ ਦੇ ਸਕਦੀਆਂ ਹਨ। ਮੇਰੇ ਆਲੇ-ਦੁਆਲੇ ਕਈ ਅਜਿਹੇ ਪਾਖੰਡੀ ਡੇਰੇਦਾਰ ਹਨ ਜੋ ਚੌਕੀਆਂ ਲਾਉਂਦੇ, ਸੰਗਤਾਂ ਨੂੰ ਭਰਮਾਉਂਦੇ ਉਨ੍ਹਾਂ ਦੇ 'ਦੁੱਖਾਂ ਦਰਦਾਂ' ਦੇ ਉਪਾਅ ਸੁਝਾਉਂਦੇ ਅਤੇ ਰੱਬ ਨਾਲ ਅਭੇਦ ਹੋ ਚੁੱਕੇ ਹੋਣ ਦਾ ਨਾਟਕ ਕਰਦੇ ਹਨ।

 ਨਿਸਚੇ ਹੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਲੋਕ ਹੀ ਹਨ ਜਿਹੜੇ ਇਨ੍ਹਾਂ ਦੰਭੀਆਂ ਦੀਆਂ ਲੂੰਬੜ-ਚਾਲਾਂ ਵਿਚ ਆ ਕੇ ਬਾਣੀ ਦੀ ਥਾਂ ਇਨ੍ਹਾਂ ਪਾਖੰਡੀਆਂ ਨੂੰ ਅਪਣਾ ਸਰਬਰਾਹ ਸਮਝਣ ਲਗਦੇ ਹਨ। ਪੰਜਾਬ ਦਾ ਇਹ ਘੋਰ ਦੁਖਾਂਤ ਹੀ ਹੈ ਕਿ ਇਸ ਦੇ 12000 ਤੋਂ ਜ਼ਿਆਦਾ ਪਿੰਡਾਂ ਨਾਲੋਂ ਇੱਥੇ ਥਾਂ ਥਾਂ ਬਣੇ ਡੇਰਿਆਂ ਦੀ ਗਿਣਤੀ ਕਿਤੇ ਵੱਧ ਹੈ ਜਿਸ ਕਰ ਕੇ ਗੁਰੂ ਸਾਹਿਬਾਨ ਦੀ ਸਿੱਖੀ ਦੀ ਥਾਂ ਡੇਰਿਆਂ ਦੀ ਸਿੱਖੀ ਦਾ ਵਧੇਰੇ ਬੋਲਬਾਲਾ ਹੈ। ਜ਼ਾਹਰਾ ਤੌਰ ਤੇ ਇਹ ਹਰ ਸਰਕਾਰ ਦੇ ਵੋਟ ਬੈਂਕ ਹਨ ਜਿੱਥੇ ਹਰ ਪਾਰਟੀ ਦੇ ਸਿਰਕੱਢ ਆਗੂ ਜਾਂਦੇ ਹਨ, ਸੁੱਖਣਾਂ ਸੁਖਦੇ ਹਨ, ਮਾਇਆ ਅਰਦਾਸ ਕਰਦੇ ਹਨ ਤੇ ਵੋਟਾਂ ਰੂਪੀ ਪ੍ਰਸ਼ਾਦ ਪ੍ਰਾਪਤ ਕਰਦੇ ਹਨ। ਧੀਆਂ ਭੈਣਾਂ ਦੀ ਖੱਜਲ-ਖੁਆਰੀ ਝੂੰਗੇ ਵਿਚ। ਸੱਚੇ ਸੌਦੇ ਤੋਂ ਕੱਚੇ ਸੌਦੇ ਦੀ ਗਾਥਾ ਦੀ ਪਹਿਲੀ ਕਿਸਤ ਵਜੋਂ ਮੇਰੇ ਮਿਹਰਬਾਨ ਪਾਠਕੋ! ਅੱਜ ਐਨਾ ਹੀ ਪ੍ਰਵਾਨ ਕਰੋ ਜੀ। ਸੰਪਰਕ : 98156-20515

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement