ਸਾਕਾ ਸਾਰਾਗੜ੍ਹੀ - ਸਿੱਖਾਂ ਦੀ ਬਹਾਦਰੀ ਦੀ ਅਦੁਤੀ ਮਿਸਾਲ
Published : Sep 11, 2017, 10:00 pm IST
Updated : Sep 11, 2017, 4:30 pm IST
SHARE ARTICLE

ਸਾਨੂੰ ਫ਼ਖ਼ਰ ਹੈ ਕਿ ਬ੍ਰਿਟਿਸ਼ ਇੰਡੀਆ ਹਕੂਮਤ ਸਮੇਂ ਸਿੱਖ ਸੂਰਮਿਆਂ ਦੀ ਵੀਰਤਾ ਭਰਪੂਰ ਕਾਰਨਾਮਿਆਂ ਵਾਲੀ ਅਨੋਖੀ ਸਾਰਾਗੜ੍ਹੀ ਲੜਾਈ ਦੀ 120ਵੀਂ ਵਰ੍ਹੇਗੰਢ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨਿਊਯਾਰਕ ਦੇ ਵਿਸ਼ੇਸ਼ ਉਪਰਾਲੇ ਸਦਕਾ 9 ਸਤੰਬਰ ਤੋਂ 13 ਸਤੰਬਰ ਦਰਮਿਆਨ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਉਲੀਕ ਕੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਪੰਜਾਬ ਭਰ 'ਚ ਮਨਾਈ ਜਾ ਰਹੀ ਹੈ।

ਇਸ 'ਚ ਮੁੱਖ ਖਿੱਚ ਦਾ ਕੇਂਦਰ ਬ੍ਰਿਟਿਸ਼ ਫ਼ੌਜ ਦੇ ਇਕ ਉੱਚ ਪੱਧਰੀ 14 ਮੈਂਬਰੀ ਵਫ਼ਦ ਦੀ ਪ੍ਰੋਗਰਾਮਾਂ ਅੰਦਰ ਸ਼ਮੂਲੀਅਤ ਹੋਵੇਗੀ ਜਿਸ ਦੀ ਅਗਵਾਈ ਬ੍ਰਿਟਿਸ਼ ਫ਼ੌਜ ਦੇ ਮੇਜਰ ਜਨਰਲ ਡੰਕਨ ਫ਼ਰਾਂਸਿਸ ਕੈਪਸ ਕਰਨਗੇ। ਵਰਣਨਯੋਗ ਹੈ ਕਿ ਇਸ ਗਹਿਗੱਚ ਲੜਾਈ ਦੌਰਾਨ 36 ਸਿੱਖ ਬਟਾਲੀਅਨ (ਹੁਣ 4 ਸਿੱਖ) ਦੇ 22 ਜਾਂਬਾਜ਼ ਸੂਰਮੇ ਸ਼ਹਾਦਤ ਦਾ ਜਾਮ ਪੀ ਗਏ ਸਨ ਜਿਨ੍ਹਾਂ ਦੀਆਂ ਗਾਥਾਵਾਂ ਅੱਜ ਵੀ ਬ੍ਰਿਟਿਸ਼ ਸਰਕਾਰ ਦੇ ਲਬਾਂ ਉਤੇ ਹਨ।
ਸਾਕਾ: ਸਾਲ 1896 ਵਿਚ ਉੱਤਰ-ਪਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਅੰਗਰੇਜ਼ਾਂ ਦੀ ਵਿਸਤਾਰਵਾਦ ਵਾਲੀ ਨੀਤੀ ਵਿਰੁਧ ਵਿਦਰੋਹ ਕਰ ਦਿਤਾ ਅਤੇ ਬ੍ਰਿਟਿਸ਼ ਸੈਨਿਕਾਂ ਦੀ ਤਾਇਨਾਤੀ ਵਿਰੁਧ ਜੇਹਾਦ ਛੇੜ ਦਿਤਾ। ਬਰਤਾਨਵੀ ਹਾਕਮਾਂ ਨੇ ਵਿਦਰੋਹ ਨੂੰ ਕੁਚਲਣ ਖ਼ਾਤਰ ਜੰਗੀ ਰਣਨੀਤੀ ਤੈਅ ਕੀਤੀ ਜਿਸ ਨੂੰ ਤਿਰਾਹ ਮੁਹਿੰਮ ਦਾ ਨਾਂ ਦਿਤਾ ਗਿਆ।

ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ 36 ਸਿੱਖ (ਹੁਣ 4 ਸਿੱਖ) ਪਲਟਨ ਨੂੰ ਸਮਾਣਾ ਰਿੱਜ ਉਤੇ ਤਾਇਨਾਤ ਕਰਨ ਉਪਰੰਤ ਇਸ ਨੂੰ ਦੋ ਹਿੱਸਿਆਂ 'ਚ ਵੰਡ ਦਿਤਾ ਗਿਆ। ਬਟਾਲੀਅਨ ਹੈੱਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਲੈਫ਼. ਕਰਨਲ ਜੋਨ ਹਾਟਨ, ਕਮਾਂਡਿੰਗ ਅਫ਼ਸਰ ਨੇ ਕੀਤੀ ਅਤੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ਉਤੇ ਕਬਜ਼ਾ ਕਰ ਲਿਆ ਅਤੇ ਫ਼ੌਜੀ ਟੁਕੜੀਆਂ ਨੂੰ ਧਾਰ, ਸੰਗਾਰ, ਸਰਤੋਪ, ਕਰਾਰਾ ਤੇ ਸਾਰਾਗੜ੍ਹੀ ਪੋਸਟ ਤਕ ਪਾਲਬੰਦੀ ਕਰ ਕੇ ਗੁਲਸਤਾਨ ਕਿਲ੍ਹੇ ਤਕ ਫੈਲਾ ਦਿਤਾ।

ਖੱਬਾ ਵਿੰਗ, ਜੋ ਕੈਪਟਨ ਡਬਲਿਯੂ. ਡੀ. ਗੋਰਡਨ ਦੇ ਅਧੀਨ ਸੀ, 8 ਜਨਵਰੀ, 1897 ਨੂੰ ਪਰਚਿਨਾਰ ਉਤੇ ਕਬਜ਼ਾ ਕਰ ਕੇ ਅਪਣੀਆਂ ਟੁਕੜੀਆਂ ਨੂੰ ਥਾਲ ਤੇ ਸਾਧਾ ਪੋਸਟਾਂ ਉਤੇ ਭੇਜਿਆ ਗਿਆ। ਲੜਾਈ ਛਿੜਨ ਦੀ ਸੂਰਤ ਵਿਚ ਇਨ੍ਹਾਂ ਲਈ ਪੱਕਾ ਗੈਰੀਜ਼ਨ ਕੋਹਾਟ ਵਿਖੇ ਸੀ, ਜਿਥੇ ਰੀਇਨਫ਼ੋਰਸਮੈਂਟ ਦੀ ਬੰਦੋਬਸਤ ਸੀ ਪਰ ਇਹ ਥਾਂ ਇਨ੍ਹਾਂ ਪੋਸਟਾਂ ਤੋਂ ਪੰਜਾਹ ਮੀਲ ਦੀ ਦੂਰੀ ਤੇ ਸੀ ਜਿਥੇ ਪਹੁੰਚਣ ਲਈ ਲਾਂਘਾ ਦੁਸ਼ਮਣ ਦੇ ਇਲਾਕੇ ਵਿਚੋਂ ਸੀ।

27 ਅਗੱਸਤ ਅਤੇ 8 ਸਤੰਬਰ, 1897 ਦੇ ਦਰਮਿਆਨ ਉਰਕਜ਼ਾਈ ਸੰਪਰਦਾ ਦੇ ਲੜਾਕੂਆਂ ਦੀ ਭਾਰੀ ਗਿਣਤੀ ਖੱਬੇ ਵਿੰਗ ਉਤੇ ਧਾਵੇ ਬੋਲ ਕੇ ਚਲੀ ਗਈ ਪਰ 10 ਸਤੰਬਰ ਤਕ ਰਖਿਆ ਸੈਨਿਕਾਂ ਵਲੋਂ ਪਲਟਵਾਰ ਕਰਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖ਼ਾਕੀ ਘਾਟੀ ਵਿਚ ਜਾਣ ਵਾਸਤੇ ਮਜਬੂਰ ਕਰ ਦਿਤਾ। ਫਿਰ ਅਫ਼ਰੀਦੀ ਲਸ਼ਕਰ, ਜਿਸ ਨਾਲ ਉਰਕਜ਼ਾਈ ਵੀ ਸਨ, ਨੇ ਸਮਾਣਾ ਚੌਕੀ ਉਤੇ ਜ਼ਬਰਦਸਤ ਹਮਲਾ ਕਰ ਦਿਤਾ ਪਰ ਰਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਨੂੰ ਪਛਾੜਦੇ ਹੋਏ ਦੁਸ਼ਮਣ ਨੂੰ ਕਾਫ਼ੀ ਜਾਨੀ ਨੁਕਸਾਨ ਪਹੁੰਚਾਇਆ।

ਸਾਰਾਗੜ੍ਹੀ ਚੌਕੀ ਦੀ ਰਣਨੀਤਕ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ ਮਿਤੀ 12 ਸਤੰਬਰ, 1897 ਨੂੰ ਤਕਰੀਬਨ 8000 ਅਫ਼ਰੀਦੀ ਅਤੇ ਉਰਕਜ਼ਾਈ ਲੜਾਕੂਆਂ ਨੇ ਹਮਲਾ ਕਰ ਕੇ ਚੌਕੀ ਨੂੰ ਚਾਰ ਚੁਫੇਰੇ ਤੋਂ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਦੇ ਯੋਧਿਆਂ ਦਾ ਮੁੱਖ ਰਖਿਆ ਦਸਤਿਆਂ ਤੇ ਬਟਾਲੀਅਨ ਹੈੱਡਕੁਆਰਟਰ ਨਾਲ ਸੰਪਰਕ ਪੂਰਨ ਤੌਰ ਤੇ ਟੁੱਟ ਗਿਆ। ਸਿੱਟੇ ਵਜੋਂ ਦੁਸ਼ਮਣ ਦੇ ਘੇਰੇ 'ਚ ਆਈ ਪੋਸਟ ਤਕ ਕੋਈ ਗੋਲੀ-ਸਿੱਕਾ ਰਾਸ਼ਨ-ਪਾਣੀ ਅਤੇ ਰੀਇਨਫ਼ੋਰਸਮੈਂਟ ਨਾ ਪਹੁੰਚ ਸਕੀ। ਬੁਲੰਦ ਹੌਸਲੇ ਵਾਲੇ ਜੋਸ਼ੀਲੇ, ਮੌਤ ਨੂੰ ਮਖ਼ੌਲਾਂ ਕਰਨ ਵਾਲੇ ਫ਼ੌਜੀ ਸੂਰਬੀਰਾਂ ਪਾਸ ਬਟਾਲੀਅਨ ਹੈੱਡਕੁਆਰਟਰ ਨਾਲ ਪਹਾੜੀ ਇਲਾਕੇ ਵਿਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਪ੍ਰਚਲਤ ਸਾਧਨ ਸਿਰਫ਼ ਹੀਲੀਓਗ੍ਰਾਫ਼ (ਸ਼ੀਸ਼ਾ) ਹੁੰਦਾ ਸੀ।

ਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ਼ ਉਸ ਸਮੇਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ 12 ਸਤੰਬਰ ਨੂੰ ਸਵੇਰੇ 9:30 ਵਜੇ ਸਾਰਾਗੜ੍ਹੀ ਦੀ ਹਿਫ਼ਾਜ਼ਤ ਟੁਕੜੀ ਦੇ ਸਹਾਇਕ ਸਮੇਤ 22 ਸਿੱਖ ਸੈਨਿਕਾਂ ਉਤੇ ਪਹਿਲਾ ਹਮਲਾ ਕੀਤਾ। ਰਖਿਅਕਾਂ ਨੇ ਦੁਸ਼ਮਣ ਦੇ ਹਮਲਿਆਂ ਨੂੰ ਨਾ ਸਿਰਫ਼ ਵਾਰ ਵਾਰ ਪਛਾੜਿਆ ਸਗੋਂ ਹਜ਼ਾਰਾਂ ਦੀ ਗਿਣਤੀ 'ਚ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰਦੇ ਚਲੇ ਗਏ। ਸਿੱਖਾਂ ਦੇ ਸਿਦਕ, ਦ੍ਰਿੜਤਾ ਤੇ ਅਪਣੇ ਫ਼ਰਜ਼ ਦੀ ਪਾਲਣਾ ਕਰਨ ਵਾਲੀ ਭਾਵਨਾ ਨੂੰ ਕੁਚਲਣ ਖ਼ਾਤਰ ਸਾਰਾਗੜ੍ਹੀ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਾ ਕੇ ਧੂੰਆਂਧਾਰ ਕਰ ਦਿਤਾ ਜਿਸ ਦਾ ਫ਼ਾਇਦਾ ਉਠਾ ਕੇ ਧਾੜਵੀ ਪੋਸਟ ਅੰਦਰ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਏ।

ਸ਼ਾਨਾਂਮੱਤੇ ਇਤਿਹਾਸ ਦੀ ਲਖਾਇਕ ਸਿੱਖ ਰੈਜੀਮੈਂਟ ਦੇ ਸਾਰਾਗੜ੍ਹੀ ਸੂਰਮੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ 'ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ' ਦਾ ਜਾਪ ਕਰਦੇ ਹੋਏ ਗੋਲਾ ਬਾਰੂਦ ਦੀ ਘਾਟ ਦੇ ਬਾਵਜੂਦ ਇਕ ਇਕ ਕਰ ਕੇ ਸੈਂਕੜਿਆਂ ਦੀ ਗਿਣਤੀ 'ਚ ਦੁਸ਼ਮਣ ਨੂੰ ਮੌਤ ਦੇ ਮੂੰਹ ਵਿਚ ਝੋਂਕਦੇ ਚਲੇ ਗਏ ਪਰ ਪੋਸਟ ਨਹੀਂ ਛੱਡੀ। ਇਥੋਂ ਤਕ ਕਿ 21 ਸਿੱਖ ਸਿਪਾਹੀਆਂ ਦੇ ਨਾਲ ਸੇਵਾਦਾਰ ਦਾਦ ਨੇ ਵੀ ਸ਼ਹੀਦ ਹੋਏ ਸਾਥੀ ਦੀ ਰਾਈਫ਼ਲ ਚੁੱਕੀ ਤੇ 5 ਪਠਾਣਾਂ ਨੂੰ ਬੰਦੂਕ ਦੀ ਸੰਗੀਨ ਨਾਲ ਮਾਰ ਮੁਕਾਇਆ। ਇਸ ਤਰ੍ਹਾਂ ਸਾਰੇ ਦੇ ਸਾਰੇ 22 ਯੋਧੇ ਆਖ਼ਰੀ ਗੋਲੀ ਤੇ ਆਖ਼ਰੀ ਸਾਹ ਤਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।

ਜਦੋਂ ਲੰਦਨ ਦੀ ਮਲਿਕਾ ਨੂੰ ਇਹ ਖ਼ਬਰ ਮਿਲੀ ਕਿ 21 ਸਿੱਖ ਯੋਧਿਆਂ ਨੇ ਬੇਮਿਸਾਲ ਦਲੇਰੀ ਨਾਲ ਸਾਰਾ ਦਿਨ ਹਜ਼ਾਰਾਂ ਹਮਲਾਵਰਾਂ ਨਾਲ ਜੂਝਦਿਆਂ ਇਕ ਇਕ ਕਰ ਕੇ 'ਸਵਾ ਲਾਖ ਸੇ ਏਕ ਲੜਾਊਂ' ਦੀਆਂ ਨਿਰੋਲ ਖ਼ਾਲਸਾਈ ਪਰੰਪਰਾਵਾਂ ਦਾ ਮੁਜ਼ਾਹਰਾ ਕਰਦੇ ਹੋਏ ਅਪਣਾ ਫ਼ਰਜ਼ ਨਿਭਾਇਆ ਅਤੇ ਕੀਮਤੀ ਜਾਨਾਂ ਕੁਰਬਾਨ ਕਰ ਗਏ ਤਾਂ ਉਸ ਨੇ ਸਾਰੇ 21 ਸਿੱਖ ਸੂਰਮਿਆਂ ਨੂੰ ਇੰਡੀਆ ਆਰਡਰ ਆਫ਼ ਮੈਰਿਟ, ਜੋ ਕਿ ਅਜਕਲ ਪਰਮਵੀਰ ਚੱਕਰ ਵਜੋਂ ਜਾਣਿਆ ਜਾਂਦਾ ਹੈ, ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਦੋ-ਦੋ ਮੁਰੱਬੇ ਜ਼ਮੀਨ ਅਤੇ 500 ਰੁਪਏ ਨਕਦੀ ਨਾਲ ਸਤਿਕਾਰਿਆ। ਬ੍ਰਿਟਿਸ਼ ਪਾਰਲੀਮੈਂਟ ਨੇ ਵੀ ਇਕਜੁਟ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕਦੇ ਵੀ ਏਨੀ ਵੱਡੀ ਗਿਣਤੀ ਵਿਚ ਮਰਨ ਉਪਰੰਤ ਕਿਸੇ ਇਕ ਯੂਨਿਟ ਦੀ ਟੁਕੜੀ ਨੂੰ ਇਕੋ ਸਮੇਂ ਸਰਬਉੱਤਮ ਬਹਾਦਰੀ ਪੁਰਸਕਾਰਾਂ ਨਾਲ ਨਹੀਂ ਨਿਵਾਜਿਆ ਗਿਆ।

ਸਮੀਖਿਆ ਅਤੇ ਸੁਝਾਅ: ਯੂ.ਐਨ.ਓ. ਦੀ ਵਿਦਿਆ ਅਤੇ ਕਲਚਰ ਬਾਰੇ ਸਥਾਪਤ ਸੰਸਥਾ 'ਯੂਨੈਸਕੋ' ਨੇ ਵਿਸ਼ਵ ਭਰ 'ਚੋਂ 6 ਐਸੀਆਂ ਜੰਗਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿਚ ਸੱਭ ਤੋਂ ਵੱਧ ਸਮੂਹਕ ਸੂਰਬੀਰਤਾ, ਦ੍ਰਿੜਤਾ ਅਤੇ ਦਲੇਰੀ ਵਿਖਾਈ ਗਈ ਹੋਵੇ। ਉਨ੍ਹਾਂ ਵਿਚੋਂ ਸਾਰਾਗੜ੍ਹੀ ਦੀ ਲੜਾਈ ਅਜਿਹੀਆਂ ਲੜਾਈਆਂ ਵਿਚੋਂ ਇਕ ਹੈ। ਇਕ ਵਿਦੇਸ਼ੀ ਰਸਾਲੇ ਨੇ ਸਾਰਾਗੜ੍ਹੀ ਨੂੰ ਸੰਸਾਰ ਦੀਆਂ ਥਮੋਪਲਾਏ ਦੀ ਲੜਾਈ, ਜੋ 480 ਬੀ.ਸੀ. ਵਿਚ ਲੜੀ ਗਈ ਸੀ, ਉਸ ਵਾਂਗ 5 ਲੜਾਈਆਂ ਵਿਚ ਸਾਰਾਗੜ੍ਹੀ ਦੀ ਗਿਣਤੀ ਕੀਤੀ ਹੈ। ਇਸ ਮਹੱਤਵਪੂਰਨ ਗੌਰਵਮਈ ਲੜਾਈ ਦਾ ਇਤਿਹਾਸ ਯੂਨੈਸਕੋ ਵਲੋਂ ਸਮੂਹਕ ਤੌਰ ਤੇ ਛਪਣ ਵਾਲੀਆਂ ਇਤਿਹਾਸਕ ਕਹਾਣੀਆਂ ਵਿਚ ਵੀ ਦਰਜ ਹੈ ਅਤੇ ਫ਼ਰਾਂਸ ਵਿਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਹਿੱਸਾ ਵੀ ਰਿਹਾ ਹੈ।

ਜਦੋਂ ਸਾਰਾਗੜ੍ਹੀ ਦੀ ਪਹਿਲੀ ਸ਼ਤਾਬਦੀ ਫ਼ਿਰੋਜ਼ਪੁਰ ਵਿਖੇ ਮਨਾਈ ਗਈ ਤਾਂ ਲੇਖਕ ਵੀ ਬਤੌਰ ਡਾਇਰੈਕਟਰ ਸੈਨਿਕ ਭਲਾਈ ਉਥੇ ਹਾਜ਼ਰ ਸੀ। ਲੈਫ਼. ਜਨਰਲ ਹਰਬਖਸ਼ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਬਾਦਲ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਸੀ ਕਿ ਉਹ ਕਈ ਦਹਾਕਿਆਂ ਤੋਂ ਯਤਨਸ਼ੀਲ ਹਨ ਕਿ ਇਸ ਲੜਾਈ ਨੂੰ ਸਕੂਲੀ ਕਿਤਾਬਾਂ 'ਚ ਸ਼ਾਮਲ ਕੀਤਾ ਜਾਵੇ। ਆਖ਼ਰਕਾਰ ਇਸ ਗੌਰਵਮਈ ਇਤਿਹਾਸ ਨੂੰ 'ਮੈਟ੍ਰੀਕੁਲੇਸ਼ਨ ਸ਼੍ਰੇਣੀਆਂ' ਲਈ ਸੰਨ 2002 'ਚ ਸੰਖੇਪ ਤੌਰ ਤੇ ਸ਼ਾਮਲ ਕਰ ਲਿਆ ਗਿਆ। ਪੰਜਾਬ ਦੇ ਸਮੂਹ ਸੰਸਦ ਮੈਂਬਰਾਂ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਿਸਮ ਦੇ ਵੀਰਤਾ ਭਰਪੂਰ ਕਾਰਨਾਮਿਆਂ ਦਾ ਉਲੱਥਾ ਕਰਵਾ ਕੇ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਛਪਾਉਣ ਵਾਸਤੇ ਭਾਰਤ ਸਰਕਾਰ ਉਤੇ ਦਬਾਅ ਪਾਉਣ।

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਫ਼ਿਰੋਜ਼ਪੁਰ ਛਾਉਣੀ ਅਤੇ ਅੰਮ੍ਰਿਤਸਰ ਵਿਚ ਗੁਰਦਵਾਰੇ ਤਾਂ ਸੁਸ਼ੋਭਿਤ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ 120 ਸਾਲਾ ਯਾਦਗਾਰੀ ਸੂਬਾ ਪੱਧਰੀ ਸੈਮੀਨਾਰ ਅਤੇ ਖੇਡਾਂ ਆਦਿ ਕਾਰਵਾਈਆਂ ਜਾਂਦੀਆਂ। ਵਿਸ਼ੇਸ਼ ਤੌਰ ਤੇ ਹੁਣ ਜਦਕਿ ਬ੍ਰਿਟਿਸ਼ ਫ਼ੌਜੀਆਂ ਦਾ ਵਫ਼ਦ ਵੀ ਇਥੇ ਪਹੁੰਚ ਰਿਹਾ ਹੈ।

ਕੁੱਝ ਸਾਲ ਪਹਿਲਾਂ ਸਾਰਾਗੜ੍ਹੀ ਫ਼ੋਰਮ ਦੀ ਅਹਿਮ ਸ਼ਖ਼ਸੀਅਤ ਸ. ਰਣਜੀਤ ਸਿੰਘ ਖ਼ਾਲਸਾ, ਜੋ ਕਿ ਸਾਰਾਗੜ੍ਹੀ ਪਹੁੰਚ ਕੇ ਸ਼ਹੀਦਾਂ ਨੂੰ ਨਤਮਸਤਕ ਵੀ ਹੋ ਚੁੱਕੇ ਹਨ, ਨੇ ਲੁਧਿਆਣਾ ਦੇ ਉੱਘੇ ਲਿਖਾਰੀਆਂ ਅਤੇ ਕਲਾਕਾਰਾਂ ਦੀ ਟੀਮ, ਜਿਸ ਦੀ ਅਗਵਾਈ ਸ. ਦਲਜੀਤ ਸਿੰਘ ਸਿੱਧੂ, ਮੋਹਿਨੀ ਚਾਵਲਾ, ਅਮਰਜੀਤ ਵਿਰਦੀ, ਗੁਰਇਕਬਾਲ ਸਿੰਘ ਸਿੱਧੂ ਅਤੇ ਕੁੱਝ ਹੋਰ ਸਮਾਜ ਸੇਵੀਆਂ ਨੇ ਮਿਲ ਕੇ ਕੀਤੀ ਅਤੇ ਸਾਰਾਗੜ੍ਹੀ ਸਿੱਖ ਕਾਮਿਕ ਤਿਆਰ ਕਰ ਕੇ ਸਕੂਲੀ ਬੱਚਿਆਂ 'ਚ ਵੰਡਿਆ, ਜਿਸ ਦੀ ਭਰਪੂਰ ਪ੍ਰਸੰਸਾ ਹੋਈ। ਲੋੜ ਇਸ ਗੱਲ ਦੀ ਹੈ ਕਿ ਇਸ ਕਿਸਮ ਦੇ ਉਪਰਾਲੇ ਸਮਾਜ ਵਲੋਂ ਹੁੰਦੇ ਰਹਿਣ।

ਸਾਰਾਗੜ੍ਹੀ ਲੜਾਈ 'ਚ 21 ਜਾਂ 22 ਹਿੰਮਤੀ ਯੋਧਿਆਂ ਨੇ ਉੱਚ ਕੋਟੀ ਦਾ ਪ੍ਰਦਰਸ਼ਨ ਕੀਤਾ? ਇਸ ਬਾਰੇ ਕੁੱਝ ਲਿਖਾਰੀਆਂ/ਇਤਿਹਾਸਕਾਰਾਂ ਅੰਦਰ ਕੁੱਝ ਭਰਮ ਭੁਲੇਖੇ ਪੈਦਾ ਹੋ ਚੁੱਕੇ ਹਨ ਅਤੇ ਉਹ 22ਵੇਂ ਸ਼ਹੀਦ ਨੂੰ ਤਰਜੀਹ ਨਹੀਂ ਦੇਂਦੇ। ਮਿਲਟਰੀ ਇਤਿਹਾਸ ਦੇ ਮਾਹਰ ਅਤੇ ਪ੍ਰਸਿੱਧ ਕਾਲਮਨਵੀਸ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੀ ਖੋਜ ਉਪਰੰਤ 'ਤ੍ਰਿਗ ਸੰਘਰਸ਼' ਸਾਰਾਗੜ੍ਹੀ ਬਾਰੇ ਜੋ ਕਿਤਾਬ ਲਿਖੀ ਅਤੇ ਹਾਲ ਵਿਚ ਹੀ ਲੋਕ ਅਰਪਣ ਕੀਤੀ ਉਸ ਵਿਚ ਇਸ ਬਾਰੇ ਸਾਰੀਆਂ ਗ਼ਲਤਫ਼ਤਹਿਮੀਆਂ ਦੂਰ ਕਰ ਦਿਤੀਆਂ ਹਨ।

22ਵਾਂ ਜੰਗਜੂ ਦਾਦ ਜਿਸ ਦੇ ਜਨਮ ਅਸਥਾਨ ਅਤੇ ਜਾਤ-ਪਾਤ ਬਾਰੇ ਸ਼ੰਕੇ ਤਾਂ ਹੋ ਸਕਦੇ ਹਨ ਪਰ ਉਹ 21 ਸਿੱਖ ਫ਼ੌਜੀਆਂ ਦੇ ਲਾਂਗਰੀ/ਸਫ਼ਾਈ ਸੇਵਕ ਦੇ ਤੌਰ ਤੇ ਨਾਲ ਜੂਝਦਾ ਰਿਹਾ ਪਰ ਜਦੋਂ ਆਖ਼ਰੀ ਸਮਾਂ ਆਇਆ ਤਾਂ ਉਸ ਨੇ ਸ਼ਹੀਦ ਹੋਏ ਫ਼ੌਜੀ ਦਾ ਹਥਿਆਰ ਚੁੱਕ ਕੇ ਰਾਈਫ਼ਲ ਨਾਲ ਲੱਗੀ ਸੰਗੀਨ ਨਾਲ 5 ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਸਾਹਿਬਾਨ ਦੇ ਫ਼ੁਰਮਾਨ ਅਨੁਸਾਰ 'ਰੰਗਰੇਟੇ ਗੁਰੂ ਕੇ ਬੇਟੇ' ਦੇ ਸਿਧਾਂਤ ਉਤੇ ਚਲਦਿਆਂ ਅਪਣੀ ਕਿਤਾਬ ਹੀ 'ਦਾਦ' ਦੇ ਨਾਂ ਸਮਰਪਿਤ ਕਰ ਦਿਤੀ ਜੋ ਕਿ ਮਨੁੱਖਤਾ ਲਈ ਇਕ ਬਹੁਤ ਵੱਡਾ ਸੰਦੇਸ਼ ਹੈ।
ਸੰਪਰਕ : 0172-2740991

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement