
1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ, 12 ਅਕਤੂਬਰ 2015 ਨੂੰ ਬੇਅਦਬੀ ਅਤੇ ਮਹਿਜ਼ ਦੋ ਦਿਨਾਂ ਬਾਅਦ 14 ਅਕਤੂਬਰ ਨੂੰ ...
ਕੋਟਕਪੂਰਾ: 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ, 12 ਅਕਤੂਬਰ 2015 ਨੂੰ ਬੇਅਦਬੀ ਅਤੇ ਮਹਿਜ਼ ਦੋ ਦਿਨਾਂ ਬਾਅਦ 14 ਅਕਤੂਬਰ ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਪੁਲਸੀਆ ਕਹਿਰ ਦੇ ਵਿਰੋਧ 'ਚ ਬਰਗਾੜੀ ਦੀ ਦਾਣਾ ਮੰਡੀ ਵਿਖੇ ਰੱਖੇ ਰੋਸ ਸਮਾਗਮ 'ਚ ਭਾਰੀ ਗਿਣਤੀ 'ਚ ਸੰਗਤ ਨੇ ਸ਼ਿਰਕਤ ਕੀਤੀ।
ਭਾਵੇਂ ਲਗਾਤਾਰ 7 ਘੰਟੇ ਚੱਲੇ ਉਕਤ ਸਮਾਗਮ 'ਚ ਵੱਖ-ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਵਾਈ ਪਰ ਮੁਤਵਾਜ਼ੀ ਜਥੇਦਾਰਾਂ ਤੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੀ ਸ਼ਬਦਾਵਲੀ ਸਖ਼ਤ ਰਹੀ। ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਵਿਰੁਧ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਤਕਰੀਬਨ ਹਰ ਬੁਲਾਰੇ ਨੇ ਉਕਤ ਪਾਰਟੀਆਂ ਨੂੰ ਨਿਸ਼ਾਨੇ 'ਤੇ ਰਖਿਆ।
ਅੰਤ 'ਚ 3 ਮਤਿਆਂ ਦੀ ਸੰਗਤ ਤੋਂ ਪ੍ਰਵਾਨਗੀ ਲੈਣ ਤੋਂ ਪਹਿਲਾਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਗਾੜੀ ਵਿਖੇ ਹੀ ਮੋਰਚਾ ਗੱਡ ਦੇਣ ਦਾ ਐਲਾਨ ਕਰ ਦਿਤਾ। ਪਹਿਲੇ ਮਤੇ 'ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ,
ਦੂਜੇ ਮਤੇ 'ਚ ਬਰਗਾੜੀ ਬੇਅਦਬੀ ਕਾਂਡ ਵਿਰੁਧ ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀ ਸੰਗਤ 'ਤੇ ਢਾਹੇ ਪੁਲਸੀਆ ਕਹਿਰ ਦਾ ਦੋਸ਼ੀ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਰਾਰ ਦਿੰਦਿਆਂ ਉਨ੍ਹਾਂ ਵਿਰੁਧ ਕਾਰਵਾਈ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ। ਇਸੇ ਮਤੇ 'ਚ ਹੀ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਅਨੇਕਾਂ ਨਿਰਦੋਸ਼ ਸਿੱਖਾਂ ਨੂੰ ਜ਼ਖ਼ਮੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਵੀ ਕੀਤੀ ਗਈ। ਤੀਜੇ ਮਤੇ 'ਚ ਬੰਦੀ ਸਿੰਘਾਂ ਰਿਹਾਈ ਦੀ ਮੰਗ ਕੀਤੀ ਗਈ।
ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਵਸਣ ਸਿੰਘ ਜਫ਼ਰਵਾਲ, ਭਾਈ ਮੋਹਕਮ ਸਿੰਘ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਲੱਖਾ ਸਿਧਾਣਾ, ਬਲਦੇਵ ਸਿੰਘ ਸਿਰਸਾ, ਜਸਪਾਲ ਸਿੰਘ ਹੇਰ, ਕੁਲਤਾਰ ਸਿੰਘ ਸੰਧਵਾਂ, ਕਿਰਨਜੀਤ ਸਿੰਘ ਗਹਿਰੀ, ਪ੍ਰੋ. ਬਲਜਿੰਦਰ ਕੌਰ ਆਦਿ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ 'ਚ ਹੋ ਰਹੀ ਦੇਰੀ ਦੀ ਨਿਖੇਧੀ ਕੀਤੀ।
ਉਕਤ ਸਮਾਗਮ ਦੌਰਾਨ ਜਿਥੇ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਪੁਜੀਆਂ ਪੰਥਕ ਸ਼ਖ਼ਸੀਅਤਾਂ, ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਕਿ 'ਆਪ', ਬਸਪਾ, ਲੋਜਪਾ, ਅਕਾਲੀ ਦਲ ਮਾਨ, ਅਕਾਲੀ ਦਲ ਪੰਥਕ, ਅਕਾਲੀ ਦਲ ਸੰਯੁਕਤ ਆਦਿ ਦੇ ਆਗੂਆਂ ਨੇ ਹਾਜ਼ਰੀ ਭਰੀ, ਉਥੇ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਉਕਤ ਸਮਾਗਮ ਤੋਂ ਦੂਰੀ ਬਣਾਈ ਰੱਖੀ।