
ਨਵੰਬਰ ਮਹੀਨੇ 'ਚ ਸੰਗਤ ਲਈ ਖੋਲ੍ਹਿਆ ਜਾਵੇਗਾ ਗੁਰਦੁਆਰਾ ਸਾਹਿਬ
ਲਾਹੌਰ (ਬਾਬਰ ਜਲੰਧਰੀ) : ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਦੇ ਨੌਸ਼ਹਿਰਾ ਵਿਰਕਾਂ, ਜ਼ਿਲ੍ਹਾ ਗੁੱਜਰਾਂਵਾਲਾ (ਪੰਜਾਬ) ਸਥਿਤ ਗੁਰਦੁਆਰਾ ਖਾਰਾ ਸਾਹਿਬ ਅਤੇ ਜਿਹਲਮ ਜ਼ਿਲ੍ਹੇ ਵਿਚ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਘਨ ਝੀਲ ਦੇ ਕੰਢੇ ਸਥਿਤ ਗੁਰਦੁਆਰਾ ਚੋਆ ਸਾਹਿਬ ਨੂੰ ਮੁੜ ਖੋਲ੍ਹੇ ਜਾਣ ਬਾਰੇ ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਸੀ। ਅੱਜ ਗੁਰਦੁਆਰਾ ਚੋਆ ਸਾਹਿਬ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
Inaugurated Gurdwara Choa Sahib
ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਸਾਲ ਨਵੰਬਰ ਮਹੀਨੇ ਤਕ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਸਾਰੇ ਕਾਰਜ ਪੂਰੇ ਹੋ ਜਾਣਗੇ ਅਤੇ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਓਕਾਫ ਬੋਰਡ ਦੇ ਪ੍ਰਧਾਨ ਡਾ. ਅਮਰ ਸਿੰਘ, ਪੀਐਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ, ਗੁਰਦੁਆਰਾ ਨਨਾਕਾਣਾ ਸਾਹਿਬ ਦੇ ਮੈਂਬਰ ਆਦਿ ਹਾਜ਼ਰ ਸਨ। ਇਸ ਗੁਰਦੁਆਰਾ ਸਾਹਿਬ ਦਾ ਚਾਰ ਦਿਨ ਪਹਿਲਾਂ ਉਦਘਾਟਨ ਕੀਤਾ ਜਾਣਾ ਸੀ ਪਰ ਮੌਸਮ ਖ਼ਰਾਬ ਹੋਣ ਕਾਰਨ ਸਮਾਗਮ ਮੁਲਤਵੀ ਕਰਨਾ ਪਿਆ ਸੀ। ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਿਆਂ ਅਤੇ ਸਿੱਖਾਂ ਪ੍ਰਤੀ ਵਿਖਾਈ ਜਾ ਰਹੀ ਦਰਿਆਦਿਲੀ ਤੋਂ ਸੰਗਤ ਬਹੁਤ ਖ਼ੁਸ਼ ਹੈ।
Gurdwara Choa Sahib
ਪ੍ਰਬੰਧਕਾਂ ਨੇ ਕਿਹਾ ਕਿ ਦੇਸ਼ 'ਚ ਹੋਰ ਵੀ ਜਿਹੜੇ ਗੁਰਦੁਆਰੇ ਹਨ, ਉਨ੍ਹਾਂ ਦੀ ਮੁਰੰਮਤ ਕਰਵਾ ਕੇ ਮੁੜ ਸ਼ੁਰੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਸਿੱਖ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਆਰੰਭ ਹੋਇਆ ਸੀ। ਇਹ ਨਗਰ ਕੀਰਤਨ ਪਾਕਿਸਤਾਨ ਤੋਂ ਕਾਫ਼ਲੇ ਦੇ ਰੂਪ 'ਚ ਵੀਰਵਾਰ ਦੁਪਹਿਰ 3 ਵਜੇ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਿਆ ਸੀ।
Gurdwara Choa Sahib
Gurdwara Choa Sahib