
ਜਿਹੜੇ ਲੋਕ ਟੇਕਦੇ ਸਨ ਮੱਥਾ ਉਹ ਹੁਣ ਨਾਮ ਲੈਣ ਲਈ ਵੀ ਤਿਆਰ ਨਹੀਂ
ਅੰਮ੍ਰਿਤਸਰ : ਸੰਗਤਾਂ ਦੇ ਰੋਸ ਦਾ ਸ਼ਿਕਾਰ ਕਾਰਸੇਵਾ ਵਾਲੇ ਸਾਧ ਜਗਤਾਰ ਸਿੰਘ ਬਾਰੇ ਨਿਤ ਨਵੇਂ ਇੰਕਸ਼ਾਫ਼ ਹੋ ਰਹੇ ਹਨ। ਕਲ ਤਕ ਜਿਸ ਸਾਧ ਨੂੰ ਦੁਨੀਆਂ ਭਰ ਦੇ ਲੋਕ ਮੱਥਾ ਟੇਕਦੇ ਸਨ ਅੱਜ ਤਰਨਤਾਰਨ ਵਿਚ ਵੀ ਉਸ ਦਾ ਨਾਮ ਲੈਣ ਲਈ ਕੋਈ ਤਿਆਰ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਸਾਧ ਨੇ ਕਈ ਇਤਿਹਾਸਕ ਇਮਾਰਤਾਂ ਨੂੰ ਮਿੱਟੀ ਵਿਚ ਮਿਲਾਇਆ ਜਿਸ ਵਿਚ ਬੇਬੇ ਨਾਨਕ ਦਾ ਘਰ ਤੋਂ ਲੈ ਕੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਸਥਾਨ ਵੀ ਸ਼ਾਮਲ ਹੈ। ਸਾਧ ਦੇ ਡੇਰੇ ਦੇ ਨੇੜਲੇ ਸੂਤਰਾਂ ਮੁਤਾਬਕ ਸਾਧ ਕਾਰ ਸੇਵਾ ਦੇ ਨਾਮ 'ਤੇ ਸੰਗਤ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਵਿਚ ਕਦੇ ਵੀ ਪਿੱਛੇ ਨਹੀਂ ਹਟਿਆ।
ਕਾਰ ਸੇਵਾ ਵਾਲੇ ਬਾਬਿਆਂ ਵਿਚ ਸੱਭ ਤੋਂ ਅਮੀਰ ਸਾਧ ਜਗਤਾਰ ਸਿੰਘ ਦੇ ਤਰਨਤਾਰਨ-ਗੋਇੰਦਵਾਲ ਮਾਰਗ-ਚੌਕ ਨਾਲ ਲਗਦੇ ਵਿਸ਼ਾਲ ਡੇਰੇ ਅਤੇ ਹਸਪਤਾਲ ਦੀ ਜ਼ਮੀਨ ਵਲ ਹੀ ਝਾਤ ਮਾਰ ਲਈ ਜਾਏ ਤਾਂ ਸਵਾਲ ਉਠਦਾ ਹੈ ਆਖ਼ਰ ਤਰਨਤਾਰਨ ਦੇ ਪਿੰਡ ਮੁਰਾਦਪੁਰਾ ਦੀ ਜ਼ਮੀਨ ਕਿਸ ਦੇ ਨਾਮ ਹੈ? ਕਦੇ ਕਿਹਾ ਜਾਂਦਾ ਸੀ ਕਿ ਕਾਰ ਸੇਵਾ ਵਾਲੇ ਬਾਬੇ ਮਿੱਟੀ ਘੱਟੇ ਨਾਲ ਲਿਬੜੇ ਹੱਥਾਂ ਪੈਰਾਂ ਤੇ ਕਪੜਿਆਂ ਨਾਲ ਕਿਸੇ ਗੁਰਧਾਮ ਦੀ ਸੇਵਾ ਸੰਭਾਲ ਜਾਂ ਇਤਿਹਾਸਕ ਸਰੋਵਰ ਦੀ ਕਾਰ ਸੇਵਾ ਵਿਚ ਹਿੱਸਾ ਪਾਉਂਦੇ ਹਨ ਤਾਂ ਵੇਖਣ ਵਾਲਾ ਹਰ ਕੋਈ ਕਹਿ ਉਠਦਾ ਹੈ “ਇਹ ਸੇਵਾ ਭਾਗਾਂ ਵਾਲੇ ਨੂੰ ਮਿਲਦੀ ਹੈ'' ਪਰ ਅੱਜ ਕਾਰ ਸੇਵਾ ਵਾਲੇ ਸਾਧਾਂ ਨੂੰ ਦੇਖ ਕੇ ਹਰ ਪੰਥਦਰਦੀ ਕਹਿੰਦਾ ਹੈ ਕਿ ਅਸੀ “ਮੁੱਠੀ ਭਰ ਸਿੱਖਾਂ ਨੇ ਵਿਦੇਸ਼ੀ ਧਾੜਵੀਆਂ ਦਾ ਮੁਕਾਬਲਾ ਤਾਂ ਕਰ ਲਿਆ ਤੇ ਇਨ੍ਹਾਂ ਆਪ ਸਹੇੜੇ ਮੁੱਠੀ ਭਰ ਧਾੜਵੀਆਂ ਦਾ ਲੇਖਾ ਕੌਣ ਕਰੇਗਾ?''
ਸ਼੍ਰੋਮਣੀ ਕਮੇਟੀ ਦੇ ਇਕ ਅਹੁਦੇਦਾਰ ਤੇ ਅਧਿਕਾਰੀ ਦੀ ਮਿਲੀਭੁਗਤ ਨਾਲ ਰਾਤ ਦੇ ਹਨੇਰੇ ਵਿਚ ਦਰਸ਼ਨੀ ਡਿਉਢੀ ਨੂੰ ਮਲੀਆਮੇਟ ਕਰਨ ਨਿਕਲੇ ਅਤੇ ਸੰਗਤ ਦੇ ਰੋਹ ਦਾ ਕਾਰਨ ਬਣੇ ਸਾਧ ਜਗਤਾਰ ਸਿੰਘ ਦੇ ਸਾਥੀਆਂ ਨੇ 31 ਮਾਰਚ ਤੋਂ ਹੀ ਦੁਹਰਾ ਰਹੇ ਹਨ ਕਿ ਜੋ ਵੀ ਕਾਰਵਾਈ ਅੰਜ਼ਾਮ ਦਿਤੀ ਹੈ ਉਹ ਸ਼੍ਰੋਮਣੀ ਕਮੇਟੀ ਵਲੋਂ ਮਿਲੇ ਆਦੇਸ਼ਾਂ ਅਤੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹੀ ਗਈ ਹੈ। ਸਾਧ ਤੇ ਉਸ ਦੇ ਸਾਥੀ ਵਾਰ-ਵਾਰ ਇਹ ਵੀ ਦੁਹਰਾ ਰਹੇ ਹਨ ਕਿ ਉਹ ਜੋ ਵੀ ਕੋਈ ਉਸਾਰੀ ਕਰਦੇ ਹਨ ਉਹ ਸੰਗਤਾਂ ਵਲੋਂ ਦਿਤੀ ਤਿੱਲ ਫੁੱਲ ਭੇਟਾ ਨਾਲ ਹੀ ਹੁੰਦਾ ਹੈ।