
ਸਬ ਡਵੀਜ਼ਨ ਸਮਾਣਾ ਦੇ ਪਿੰਡ ਖੇੜੀ ਫੱਤਣ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋ ਜਾਣ ਦੀ ਮੰਦਭਾਗੀ ਘਟਨਾ ਵਾਪਰਨ ਦੀ ਗੱਲ ਸਾਹਮਣੇ ਆਈ ਹੈ ...............
ਸਮਾਣਾ : ਸਬ ਡਵੀਜ਼ਨ ਸਮਾਣਾ ਦੇ ਪਿੰਡ ਖੇੜੀ ਫੱਤਣ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋ ਜਾਣ ਦੀ ਮੰਦਭਾਗੀ ਘਟਨਾ ਵਾਪਰਨ ਦੀ ਗੱਲ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਖੇੜੀ ਫੱਤਣ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹਰਨਾਮ ਸਿੰਘ ਨੇ ਦਸਿਆ ਕਿ ਉਹ ਸਵੇਰੇ 9:30 ਵਜੇ ਦੇ ਕਰੀਬ ਪਿੰਡ ਵਿਚ ਹੀ ਕਿਸੇ ਪਰਵਾਰ ਦੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈ ਕੇ ਗੁਰੂਦੁਆਰਾ ਸਾਹਿਬ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਵਿਚ ਪ੍ਰਕਾਸ਼ ਹੋਏ ਸਰੂਪ ਦੇ ਰੁਮਾਲਾ ਸਾਹਿਬ ਖਿਲਰੇ ਪਏ ਹੋਣ ਕਾਰਨ ਸ਼ੱਕ ਪਿਆ
ਤਾਂ ਜਦੋਂ ਦੇਖਿਆ ਤਾਂ ਮਹਾਰਾਜ ਦੇ ਸਰੂਪ ਦੇ ਅੰਗ ਖੰਡਿਤ ਕੀਤੇ ਮਿਲੇ ਜਿਸ ਦਾ ਇਕ ਪੰਨਾ ਅੰਗ 674 ਤੇ 674 ਨੰਬਰ ਗਾਇਬ ਸੀ। ਗ੍ਰੰਥੀ ਸਿੰਘ ਨੇ ਦਸਿਆ ਕਿ ਉਸ ਨੇ ਤੁਰਤ ਇਸ ਮੰਦਭਾਗੀ ਘਟਨਾ ਬਾਰੇ ਸਪੀਕਰ ਵਿਚ ਆਵਾਜ਼ ਦੇ ਕੇ ਪਿੰਡ ਵਾਸੀਆਂ ਨੂੰ ਤੁਰਤ ਗੁਰਦੁਆਰਾ ਸਾਹਿਬ 'ਚ ਆਉਣ ਦੀ ਅਪੀਲ ਕੀਤੀ। ਗੁਰਦੁਆਰਾ ਸਾਹਿਬ 'ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਗੁਰਦਵਾਰਾ ਸਾਹਿਬ 'ਚ ਮੌਜੂਦ ਬਜ਼ੁਰਗ ਔਰਤ ਕੋਲੋਂ ਸ਼ੱਕ ਪੈਣ 'ਤੇ ਪੁੱਛ-ਪੜਤਾਲ ਕੀਤੀ ਤਾਂ ਉਹ ਨਾ ਮੰਨੀ ਜਿਸ ਦੀ ਪਿੰਡ ਦੀਆਂ ਔਰਤਾਂ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ ਖੰਡਿਤ ਕੀਤਾ ਪੰਨਾ ਮਿਲ ਗਿਆ।
ਪਿੰਡ ਦੇ ਲੋਕਾਂ ਨੇ ਉਕਤ ਔਰਤ ਨੂੰ ਕਾਬੂ ਕਰ ਕੇ ਸਮਾਣਾ ਪੁਲਿਸ ਨੂੰ ਸੂਚਿਤ ਕਰ ਦਿਤਾ ਅਤੇ ਮੌਕੇ 'ਤੇ ਥਾਣਾ ਸਦਰ ਪੁਲਿਸ, ਥਾਣਾ ਸਿਟੀ ਦੇ ਇੰਚਾਰਜ ਸੁਰਿੰਦਰ ਭੱਲਾ ਅਤੇ ਥਾਣਾ ਪਸਿਆਣਾ ਦੀ ਪੁਲਿਸ ਵੱਡੀ ਗਿਣਤੀ 'ਚ ਘਟਨਾ ਵਾਲੀ ਜਗ੍ਹਾਂ 'ਤੇ ਪਹੁੰਚ ਕੇ ਘਟਨਾ ਨੂੰ ਅੰਜਾਮ ਦੇਣ ਵਾਲੀ ਬਜ਼ੁਰਗ ਔਰਤ ਨੂੰ ਕਾਬੂ ਕਰ ਕੇ ਪਿੰਡ ਵਾਸੀਆਂ ਤੋਂ ਵਾਪਰੀ ਮੰਦਭਾਗੀ ਘਟਨਾ ਸਬੰਧੀ ਜਾਣਕਾਰੀ ਇੱਕਤਰ ਕਰਨੀ ਸ਼ੁਰੂ ਕਰ ਦਿਤੀ।
ਇਸ ਵਾਪਰੀ ਮੰਦਭਾਗੀ ਘਟਨਾ ਸਬੰਧੀ ਡੀ ਐਸ ਪੀ ਸਮਾਣਾ ਰਾਜਵਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਨਾਮ ਸਿੰਘ ਦੇ ਬਿਆਨਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੀ ਮੁੰਨੀ ਦੇਵੀ ਪਤਨੀ ਪਵਨ ਕੁਮਾਰ ਵਾਸੀ ਬਿਜਲਪੁਰ ਥਾਣਾ ਸਮਾਣਾ ਵਿਰੁਧ ਥਾਣਾ ਸਦਰ ਸਮਾਣਾ ਵਿਖੇ ਮਾਮਲਾ ਦਰਜ ਕਰ ਕੇ ਔਰਤ ਨੂੰ ਕਾਬੂ ਕਰ ਲਿਆ ਹੈ।