
15 ਅਗੱਸਤ ਦੀ ਰਾਤ ਲਗਭਗ 1:40 ਵਜੇ ਗੁਰੂ ਗ੍ਰੰਥ ਸਹਿਬ ਜੀ ਦੇ ਸੁਖ ਆਸਨ ਵਾਲੇ ਕਮਰੇ ਵਿਚ ਜਿਥੇ 6 ਸਰੂਪ ਬਿਰਾਜਮਾਨ ਸਨ
ਟਾਂਗਰਾ, 17 ਅਗੱਸਤ (ਖ਼ਾਲਸਾ): ਨੇੜਲੇ ਪਿੰਡ ਛੱਜਲਵੱਡੀ ਵਿਚ ਗੁਰਦਵਾਰਾ ਬਾਬਾ ਸਾਵਣ ਮੱਲ ਕਰੀਰ ਸਾਹਿਬ ਵਿਚ ਲੁਟਣ ਦੀ ਨੀਅਤ ਨਾਲ ਦਾਖ਼ਲ ਹੋਏ ਲੁਟੇਰਿਆਂ ਵਲੋਂ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਪੁਲਿਸ ਥਾਣਾ ਖਿਲਚੀਆਂ ਵਿਚ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਅਜੈਬ ਸਿੰਘ ਨੇ ਦਸਿਆ ਹੈ ਕਿ 15 ਅਗੱਸਤ ਦੀ ਰਾਤ ਲਗਭਗ 1:40 ਵਜੇ ਗੁਰੂ ਗ੍ਰੰਥ ਸਹਿਬ ਜੀ ਦੇ ਸੁਖ ਆਸਨ ਵਾਲੇ ਕਮਰੇ ਵਿਚ ਜਿਥੇ 6 ਸਰੂਪ ਬਿਰਾਜਮਾਨ ਸਨ, ਲੁਟੇਰਿਆਂ ਵਲੋ ਇਸ ਕਮਰੇ ਦੀ ਬਾਰੀ ਦਾ ਤਖ਼ਤਾ ਪੁੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਉਪਰ ਪੈਰ ਰਖਕੇ ਇਕ ਵਿਅਕਤੀ ਅੰਦਰ ਦਾਖ਼ਲ ਹੋਇਆ। ਸਵੇਰੇ 3:15 ਵਜੇ ਪਿੰਡ ਦੇ ਸੇਵਾਦਾਰ ਅਤੇ ਗ੍ਰੰਥੀ ਸ. ਅੰਗਰੇਜ ਸਿੰਘ ਨੇ ਸੇਵਾ ਕਰਨ ਲਈ ਮੇਨ ਦਰਵਾਜੇ ਦਾ ਜਿੰਦਰਾ ਖੋਲ੍ਹਿਆ ਤਾਂ ਇਸ ਘਟਨਾ ਦਾ ਪਤਾ ਲੱਗਾ। ਇਹ ਸਾਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ। ਏਐਸਆਈ ਕਸ਼ਮੀਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਪਿੰਡ ਦੀ ਸੰਘਣੀ ਆਬਾਦੀ ਦੇ ਅੰਦਰ ਜਿਸ ਤਰ੍ਹਾਂ ਸਕੂਲ ਵਾਲੇ ਗੇਟ ਦਾ ਜਿੰਦਰਾ ਤੋੜ ਕੇ ਲੁਟੇਰੇ ਗੁਰਦਵਾਰੇ ਵਿਖੇ ਦਾਖ਼ਲ ਹੋਣ ਦੇ ਸਾਰੇ ਹਾਲਾਤਾਂ ਤੋਂ ਜਾਣਕਾਰ ਲਗਦੇ ਹਨ।