
ਕਿਹਾ - ਸਰਕਾਰ ਨੂੰ ਜਬਰ ਜ਼ੁਲਮ ਦਾ ਰਾਹ ਛੱਡ ਕੇ ਕੈਦੀਆਂ ਨਾਲ ਮਨੁੱਖੀ ਵਰਤਾਅ ਕਰਨਾ ਚਾਹੀਦਾ ਹੈ
ਅੰਮ੍ਰਿਤਸਰ : ਚਮਨ ਲਾਲ ਦੀ ਬਰਸੀ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਈ ਗਈ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਭੋਗ ਪਾਏ ਗਏ। ਚਮਨ ਲਾਲ ਜਿਨ੍ਹਾਂ ਨੇ ਅਪਣੇ ਪੁੱਤਰ ਗੁਲਸ਼ਨ ਕੁਮਾਰ ਦੇ ਤਿੰਨ ਹੋਰਨਾਂ ਨਾਲ ਬਣਾਏ ਝੂਠੇ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਾਰੀ ਉਮਰ ਸੰਘਰਸ਼ ਕੀਤਾ ਦੀ ਯਾਦ ਤਾਜ਼ਾ ਕੀਤੀ ਗਈ।
Parmjeet Kaur Khalra
ਸਮਾਗਮ ਸਮੇਂ ਹੋਈ ਮੀਟਿੰਗ ਤੋਂ ਬਾਅਦ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਆਗੂਆਂ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਰਨੈਲ ਸਿੰਘ, ਹਰਜਿੰਦਰ ਸਿੰਘ, ਕਾਬਲ ਸਿੰਘ ਨੇ ਕਿਹਾ ਕਿ ਪੰਥ ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦਾ 550ਵਾਂ ਸਾਲ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚਾੜ੍ਹਨ ਵਾਲੀ, 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰਨ ਵਾਲੀ, ਨਵੰਬਰ 84 ਦਾ ਕਤਲੇਆਮ ਕਰਨ ਵਾਲੀ, ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਦੋਸ਼ੀ, ਜਵਾਨੀ ਨੂੰ ਨਸ਼ਿਆਂ ਵਿਚ ਬਰਬਾਦ ਕਰਨ ਵਾਲੀ ਕਿਸੇ ਵੀ ਪਾਰਟੀ ਨਾਲ ਰਲ ਕੇ ਨਹੀਂ ਮਨਾ ਸਕਦਾ।
Guru Purb
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ 'ਤੇ ਜੂਨ 84 ਤੇ ਬੇਅਦਬੀਆਂ ਦੀ ਦੋਸ਼ੀ ਧਿਰਾਂ ਵਲੋਂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕੀਤੀ ਮੀਟਿੰਗ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਜੇਲਾਂ ਦੀ ਸੁਰੱਖਿਆ ਸੀ.ਆਰ.ਪੀ ਹਵਾਲੇ ਕਰਨੀ ਤਾਕਤਾਂ ਦੇ ਕੇਂਦਰੀਕਰਨ ਦੀ ਹਮਾਇਤ ਹੈ ਅਤੇ ਸਰਕਾਰ ਨੂੰ ਜਬਰ ਜ਼ੁਲਮ ਦਾ ਰਾਹ ਛੱਡ ਕੇ ਕੈਦੀਆਂ ਨਾਲ ਮਨੁੱਖੀ ਵਰਤਾਅ ਕਰਨਾ ਚਾਹੀਦਾ ਹੈ।
Sauda Sadh
ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਭਾਜਪਾ ਵਲੋਂ ਪੈਰੋਲ ਦੇਣ ਦੀ ਹਮਾਇਤ ਸਾਬਤ ਕਰਦੀ ਹੈ ਕਿ ਭਾਜਪਾ ਕਾਤਲਾਂ, ਬਲਾਤਕਾਰੀਆਂ ਦੀ ਹਮਾਇਤੀ ਹੈ ਅਤੇ ਉਹ ਬੇਟੀ ਬਚਾਉ ਬੇਟੀ ਪੜ੍ਹਾਉਣ ਦੇ ਝੂਠੇ ਨਾਹਰੇ ਲਾਉਂਦੀ ਰਹੀ ਹੈ। ਸਮਾਗਮ ਵਿਚ ਪ੍ਰਵੀਨ ਕੁਮਾਰ, ਬੌਬੀ ਕੁਮਾਰ, ਬਲਵਿੰਦਰ ਕੁਮਾਰ, ਗੁਰਭੇਜ ਸਿੰਘ, ਸਤਵਿੰਦਰ ਸਿੰਘ, ਸ਼ਿਵ ਕੁਮਾਰ, ਸੰਤੋਖ ਸਿੰਘ ਕੰਡਿਆਲਾ,ਨਿਰਵੈਲ ਸਿੰਘ ਹਰੀਕੇ ਆਦਿ ਨੇ ਹਾਜ਼ਰੀ ਭਰੀ।