
ਦਿੱਲੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਵਿਚ ਇਥੋਂ ਦੀ ਇਕ ਅਦਾਲਤ ਵਿਚ ਪੇਸ਼ ਕੀਤਾ.......
ਨਵੀਂ ਦਿੱਲੀ : ਦਿੱਲੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਵਿਚ ਇਥੋਂ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਚਲ ਰਹੇ ਇਸ ਕੇਸ ਦੌਰਾਨ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਜ਼ਮਾਨਤ 'ਤੇ ਹਨ, ਉਹ ਆਪ ਨਿਜੀ ਤੌਰ 'ਤੇ ਪੇਸ਼ ਹੋਏ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਲੋਂ ਪਹਿਲਾਂ ਭਾਈ ਸੁੱਖੀ ਨੂੰ ਸਮੇਂ ਸਿਰ ਪੇਸ਼ ਨਾ ਕਰਨ ਕਰ ਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋ ਸਕੀ। ਬੀਤੇ ਕਲ ਮੁੜ ਚਲੇ ਇਸ ਮਾਮਲੇ ਵਿਚ ਉਕਤ ਸਿੰਘਾਂ ਵਲੋਂ ਵਕੀਲ ਸਮੇਂ ਸਿਰ ਹਾਜ਼ਰ ਨਹੀ ਹੋਏ ਜਿਸ ਕਰ ਕੇ ਮਾਮਲਾ ਸਮੇਂ ਸਿਰ ਚਾਲੂ ਨਹੀਂ ਹੋ ਸਕਿਆ।
ਸਰਕਾਰੀ ਧਿਰ ਵਲੋਂ ਆਈ.ਓ ਪੇਸ਼ ਹੋਇਆ ਜਿਸ ਨੇ ਤਕਰੀਬਨ ਚਾਰ ਘੰਟੇ ਤਕ ਅਦਾਲਤ ਨੂੰ ਸਾਰੇ ਕੇਸ ਬਾਰੇ ਦਸਿਆ। ਚਲ ਰਿਹਾ ਮੌਜੁਦਾ ਕੇਸ ਅਪਣੇ ਆਖ਼ਰੀ ਗੇੜ ਵਿਚ ਹੈ ਤੇ ਉਪਰਲੀ ਅਦਾਲਤ ਵਲੋਂ ਵੀ ਇਸ ਨੂੰ ਛੇਤੀ ਖ਼ਤਮ ਕਰਨ ਦੇ ਆਦੇਸ਼ ਦਿਤੇ ਹੋਏ ਹਨ। ਇਸ ਕੇਸ ਦੇ ਇਕ ਨਾਮਜ਼ਦ ਸਿੰਘ ਜਸਵੰਤ ਸਿੰਘ ਕਾਲਾ ਨੂੰ ਪੰਜਾਬ ਪੁਲਿਸ ਵਲੋਂ ਕੁੱਝ ਕੇਸ ਪਾ ਕੇ ਮੁੜ ਲੁਧਿਆਣਾ ਜੇਲ ਅੰਦਰ ਬੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਈ ਕਾਲਾ ਸੌਦਾ ਸਾਧ ਕੇਸ ਵਿਚੋਂ ਕੱਟੀ ਕਟਾਈ ਲੈ ਕੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਨਾਲ ਰਹਿ ਰਿਹਾ ਸੀ।
ਅਦਾਲਤ ਵਿਚ ਆਈ.ਓ ਦੀ ਗਵਾਹੀ ਜਿਆਦੀ ਲੰਮੀ ਚੱਲਣ ਕਰ ਕੇ ਮਾਮਲੇ ਦੀ ਅਗਲੀ ਤਰੀਕ 12 ਜੁਲਾਈ ਮੁੱਕਰਰ ਕੀਤੀ ਗਈ ਹੈ। ਜਿਸ ਵਿਚ ਭਾਈ ਮਾਣਕਿਆ ਬਾਰੇ ਦਸਿਆ ਜਾਵੇਗਾ।ਇਸ ਮੌਕੇ ਅਦਾਲਤ ਵਿਚ ਭਾਈ ਲਾਹੌਰੀਆ, ਭਾਈ ਸੁੱਖੀ ਤੇ ਭਾਈ ਮਾਣਕਿਆ ਨੂੰ ਮਿਲਣ ਵਾਸਤੇ ਭਾਈ ਦਿਆ ਸਿੰਘ ਲਾਹੌਰੀਆ ਦੀ ਸੁਪਤਨੀ ਬੀਬੀ ਕਮਲਜੀਤ ਕੌਰ ਤੇ ਹੋਰ ਸੱਜਣ ਵੀ ਮੌਜੂਦ ਸਨ।