
ਬੀਤੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨੂੰ ਇੰਟਰਵਿਊ ਦਿਤੀ ਅਤੇ ਜੋ ਵੀ ਤੱਥ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਲਿਖੇ ਤਕਰੀਬਨ ਬਾਦਲ............
ਲੁਧਿਆਣਾ : ਬੀਤੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨੂੰ ਇੰਟਰਵਿਊ ਦਿਤੀ ਅਤੇ ਜੋ ਵੀ ਤੱਥ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਲਿਖੇ ਤਕਰੀਬਨ ਬਾਦਲ ਨੇ ਸਾਰਾ ਕੁੱਝ ਹੀ ਮਨ ਲਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਦਿਨ ਕੋਟਕਪੁਰਾ ਵਿਚ ਧਰਨਾਕਾਰੀਆਂ ਨੂੰ ਜ਼ਬਰਦਸਤੀ ਚੁਕਿਆ ਅਤੇ ਉਥੇ ਲਾਠੀਚਾਰਜ ਤੇ ਗੋਲੀ ਚਲਾਈ ਉਸ ਰਾਤ ਨੂੰ ਉਹ ਡੀ.ਜੀ.ਪੀ ਅਤੇ ਹੋਰ ਮੌਕੇ ਦੇ ਅਫ਼ਸਰਾਂ ਨਾਲ ਲਗਾਤਾਰ ਸੰਪਰਕ ਵਿਚ ਸਨ। ਜਸਟਿਸ ਰਣਜੀਤ ਸਿੰਘ ਨੇ ਵੀ ਇਹੋ ਲਿਖਿਆ ਕਿ ਪ੍ਰਕਾਸ਼ ਸਿੰਘ ਬਾਦਲ ਤੇ ਡੀ.ਜੀ.ਪੀ ਨੂੰ ਲਗਾਤਾਰ ਪਤਾ ਸੀ ਕਿ ਜੋ-ਜੋ ਉਥੇ ਹੋਇਆ ਉਹ ਇਨ੍ਹਾਂ ਦੀ ਸਹਿਮਤੀ ਨਾਲ ਹੀ ਹੋਇਆ।
ਅੱਜ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਵੀ ਮੰਨੀ ਹੈ ਕਿ ਕੋਟਕਪੁਰਾ ਵਿਚ ਸ਼ਾਂਤਮਈ ਧਰਨਾ ਸੀ ਅਤੇ ਧਰਨੇ ਵਾਲਿਆਂ ਨੇ ਕਿਹਾ ਕਿ ਅਸੀਂ ਗ੍ਰਿਫ਼ਤਾਰੀਆਂ ਦੇਣ ਲਈ ਤਿਆਰ ਹਾਂ । ਪਹਿਲਾਂ ਪੁਲਿਸ ਅਧਿਕਾਰੀ ਧਰਨਾਕਾਰੀਆਂ ਨੂੰ ਗ੍ਰਿਫ਼ਤਾਰ ਕਰਨਗੇ ਪ੍ਰੰਤੂ ਫਿਰ ਉਨ੍ਹਾਂ ਨੇ ਮਨ੍ਹਾ ਕਰ ਦਿਤਾ ਕਿਉਂਕਿ ਡੀ.ਜੀ.ਪੀ. ਤੇ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਸੰਪਰਕ ਵਿਚ ਸੀ ਤੇ ਪੁਲਿਸ ਨੇ ਸ਼ਾਂਤਮਈ ਤਰੀਕੇ ਨਾਲ ਗ੍ਰਿਫ਼ਤਾਰੀ ਦੀ ਬਜਾਏ ਉਥੇ ਜ਼ਬਰਦਸਤੀ ਧੱਕੇ ਨਾਲ ਉਠਾਉਣ ਦੀ ਕੋਸ਼ਿਸ਼ ਕੀਤੀ।
ਇਹ ਹੁਣ ਸਾਫ਼ ਜ਼ਾਹਰ ਹੈ ਕਿ ਇਹ ਆਰਡਰ ਉਪਰੋਂ ਆਏ ਕਿ ਗ੍ਰਿਫ਼ਤਾਰ ਨਹੀਂ ਕਰਨਾ ਇਨ੍ਹਾਂ ਨੂੰ ਧੱਕੇ ਨਾਲ ਉਠਾਉ। ਜਦੋਂ ਧੱਕੇ ਨਾਲ ਉਠਾਇਆ ਤਾਂ ਉਥੇ ਲਾਠੀਚਾਰਜ ਵੀ ਹੋਇਆ ਤੇ ਗੋਲੀ ਵੀ ਚਲੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਹੁਣ ਸ. ਬਾਦਲ ਨੇ ਅਪਣੀ ਇੰਟਰਵਿਊ ਵਿਚ ਕਿਹਾ ਕਿ ਕੋਟਕਪੁਰਾ ਬਾਰੇ ਤਾਂ ਮੈਨੂੰ ਪਤਾ ਸੀ ਪ੍ਰੰਤੂ ਬਹਿਬਲ ਕਲਾਂ ਬਾਰੇ ਮੈਨੂੰ ਪਤਾ ਨਹੀਂ ਸੀ ਜਿਥੇ ਗੋਲੀ ਲੱਗਣ ਨਾਲ ਸਿੱਖ ਸ਼ਹੀਦ ਹੋਏ ਅਤੇ ਜੋ ਕੋਟਕਪੁਰੇ ਵਾਲਾ ਵਾਕਿਆ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰੀਪੋਰਟ ਵਿਚ ਲਿਖਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਮੰਨ ਲਿਆ।
ਹੁਣ ਅਕਾਲੀ ਦਲ ਕੋਲ ਕੀ ਵਜ੍ਹਾ ਬਾਕੀ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਨਕਾਰਨ ਦੀ। ਅਕਾਲੀ ਦਲ ਨੇ ਜੋ ਅਸੈਂਬਲੀ ਤੋਂ ਵਾਕਆਊਟ ਕੀਤੇ ਤੇ ਇਹ ਕਹਿ ਕੇ ਕੀ ਰੀਪੋਰਟ ਬਿਲਕੁਲ ਗ਼ਲਤ ਹੈ ਕੀ ਉਸ ਸਮੇਂ ਇਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਸੀ ਪੁਛਿਆ ਕਿ ਜੋ ਰੀਪੋਰਟ ਵਿਚ ਲਿਖਿਆ ਉਹ ਸਹੀ ਹੈ ਜਾਂ ਗ਼ਲਤ? ਕੀ ਇਹ ਵਿਧਾਨ ਸਭਾ ਤੋਂ ਸਿਰਫ਼ ਇਸ ਕਰ ਕੇ ਭੱਜੇ ਕਿ ਜੋ ਰਣਜੀਤ ਸਿੰਘ ਦੀ ਰੀਪਰੋਟ ਵਿਚ ਲਿਖਿਆ ਸੀ ਉਹੀਉ ਸੱਭ ਸੱਚ ਸੀ ਤੇ ਅਕਾਲੀ ਦਲ ਕੋਲ ਉਸ 'ਤੇ ਕੋਈ ਜਵਾਬ ਨਹੀਂ ਸੀ।