
ਸੰਗਤਾਂ ਦਾ ਆਇਆ ਹੜ੍ਹ , ਥਾ-ਥਾ ਲਗੇ ਵੱਖ ਵੱਖ ਤਰ੍ਹਾ ਦੇ ਪਕਵਾਨਾਂ ਦੇ ਲੰਗਰ
ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ-ਪੁਰਬ ਦੀ ਖੁਸ਼ੀ ‘ਚ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਵਲੋਂ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ।
Nagar Kirtan
ਜਿਸ ‘ਚ ਵਿਸ਼ੇਸ਼ ਤੌਰ ‘ਤੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਜਥੇ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਤਿੰਦਰਪਾਲ ਸਿੰਘ ਮਾਂਟੂ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐੱਸ. ਡੀ. ਐੱਮ. ਬਟਾਲਾ ਆਦਿ ਪਹੁੰਚੇ। ਨਗਰ ਕੀਰਤਨ ਦੀ ਆਰੰਭਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ‘ਚ ਸੁਸ਼ੋਭਿਤ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਸਮੁੱਚੀ ਪੁਲਸ ਫੋਰਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
Nagar Kirtan
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਆਕਾਸ਼-ਗੂੰਜਾਊ ਜੈਕਾਰਿਆਂ ਨਾਲ ਸ਼ੁਰੂ ਹੋ ਕੇ ਖਜੂਰੀ ਗੇਟ, ਪ੍ਰੇਮਨਗਰ ਬੋਹੜਾਂਵਾਲ, ਆਰ. ਆਰ. ਬਾਵਾ ਕਾਲਜ ਰੋਡ, ਹੰਸਲੀ ਪੁਲ ਰਾਹੀਂ ਫੁਆਰਾ ਚੌਕ, ਜਲੰਧਰ ਰੋਡ ਕਾਹਨੂੰਵਾਨ ਰੋਡ, ਸਿੰਬਲ ਚੌਕੀ, ਕਰਤਾਰ ਨਗਰ, ਕਾਦੀਆਂ ਰੇਲਵੇ ਫਾਟਕ ਜੀ. ਟੀ. ਰੋਡ, ਪੁਲਸ ਲਾਈਨ ਰੋਡ, ਕਾਹਨੂੰਵਾਨ ਚੌਕ ਤੋਂ ਐੱਸ. ਐੱਸ. ਪੀ. ਦਫਤਰ, ਗਾਂਧੀ ਚੌਕ, ਲੋਹਾ ਮੰਡੀ, ਨਹਿਰੂ ਗੇਟ, ਥਾਣਾ ਸਿਟੀ ਅਤੇ ਪੁਰਾਣੀ ਡੀ. ਐੱਸ. ਪੀ. ਕੋਠੀ ਤੋਂ ਹੁੰਦਾ ਹੋਇਆ ਕੱਚਾ ਕੋਟ, ਭੰਡਾਰੀ ਮੁਹੱਲਾ, ਠਠਿਆਰੀ ਗੇਟ ਰਾਹੀਂ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਦੇਰ ਸ਼ਾਮ ਸੰਪੂਰਨ ਹੋਇਆ।
Nagar Kirtan
ਇਸ ਨਗਰ ਕੀਰਤਨ ਦਾ ਸਾਰੇ ਰਸਤੇ ‘ਚ ਇਲਾਕਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਇਲਾਕਾ ਵਾਸੀਆਂ ਵਲੋਂ ਥਾਂ-ਥਾਂ ‘ਤੇ ਸਵਾਗਤੀ ਗੇਟ ਬਣਾਏ ਗਏ ਸਨ। ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲਾਏ ਲੰਗਰ ਦਾ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੀ ਸੰਗਤ ਨੇ ਆਨੰਦ ਮਾਣਿਆ।