
ਸੰਗਤ ਨੇ ਭਰਪੂਰ ਆਤਿਸ਼ਬਾਜ਼ੀ ਕੀਤੀ ਅਤੇ ਦੀਪਮਾਲਾ ਵੀ ਖਿੱਚ ਦਾ ਕੇਂਦਰ ਰਹੀ
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਉਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ 'ਚ ਸਥਿਤ ਗੁਰਦਵਾਰਾ ਸ੍ਰੀ ਸਿੰਘ ਸਭਾ ਤੋਂ ਪੰਥਕ ਜਾਹੋ-ਜਲਾਲ ਨਾਲ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਇਥੇ ਆਰੰਭਤਾ ਤੋਂ ਪਹਿਲਾਂ ਭਾਈ ਫੂਲਾ ਸਿੰਘ ਨੇ ਅਰਦਾਸ ਕੀਤੀ।
International Nagar Kirtan departure from Bareilly
ਆਰੰਭਤਾ ਸਮੇਂ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਉਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸੰਤੋਸ਼ ਗੰਗਵਾਰ ਨੇ ਵੀ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ। ਇਸ ਤੋਂ ਪਹਿਲਾਂ ਬੀਤੀ ਰਾਤ ਬਰੇਲੀ ਪਹੁੰਚਣ 'ਤੇ ਨਗਰ ਕੀਰਤਨ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਹੋਇਆ। ਇਥੇ ਸੰਗਤ ਨੇ ਭਰਪੂਰ ਆਤਿਸ਼ਬਾਜ਼ੀ ਕੀਤੀ ਅਤੇ ਦੀਪਮਾਲਾ ਵੀ ਖਿੱਚ ਦਾ ਕੇਂਦਰ ਰਹੀ। ਦੇਰ ਰਾਤ ਤਕ ਸੰਗਤਾਂ ਸ਼ਰਧਾ ਨਾਲ ਨਗਰ ਕੀਰਤਨ ਦੀ ਉਡੀਕ ਕਰਦੀਆਂ ਰਹੀਆਂ।
International Nagar Kirtan departure from Bareilly
ਸੰਗਤ ਵਲੋਂ ਜਿਥੇ ਨਗਰ ਕੀਰਤਨ ਦੇ ਸਤਿਕਾਰ ਲਈ ਫੁੱਲਾਂ ਦੀ ਵਰਖਾ ਕੀਤੀ ਗਈ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਵੀ ਭੇਟ ਕੀਤੇ ਗਏ। ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਸੰਗਤ ਨੇ ਸਿਰੋਪਾਉ ਦੇ ਕੇ ਸਤਿਕਾਰ ਦਿਤਾ। ਨਗਰ ਕੀਰਤਨ ਨਾਲ ਚਲ ਰਹੀ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਵਾਲੀ ਬੱਸ 'ਚ ਸੁਸ਼ੋਭਿਤ ਇਤਿਹਾਸਕ ਸ਼ਸਤਰਾਂ ਬਸਤਰਾਂ 'ਤੇ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਵੀ ਸੰਗਤ ਨੇ ਵਿਸ਼ੇਸ਼ ਰੁਚੀ ਦਿਖਾਈ।
International Nagar Kirtan departure from Bareilly
ਬਰੇਲੀ ਤੋਂ ਅੱਗੇ ਰਵਾਨਗੀ ਸਮੇਂ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕਰਮਬੀਰ ਸਿੰਘ ਕਿਆਮਪੁਰ, ਇੰਚਾਰਜ ਸ. ਗੁਰਦਿਆਲ ਸਿੰਘ, ਸੁਪਰਵਾਈਜ਼ਰ ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਭਾਈ ਬ੍ਰਿਜਪਾਲ ਸਿੰਘ ਇੰਚਾਰਜ ਯੂ.ਪੀ. ਸਿੱਖ ਮਿਸ਼ਨ ਹਾਪੜ, ਸ. ਮਹਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸ. ਗੁਰਚਰਨ ਸਿੰਘ ਲਵਲੀ ਸੈਕਟਰੀ ਆਦਿ ਸ਼ਾਮਲ ਸਨ।