
ਸੁਪਰੀਮ ਕੋਰਟ ਵਿਚ ਚਲ ਰਿਹਾ ਕੇਸ ਵਾਪਸ ਕਰਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤੇ ਜਾਣ
ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਵਿਚ ਚਲ ਰਿਹਾ ਕੇਸ ਵਾਪਸ ਕਰਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤੇ ਜਾਣ। ਝੀਂਡਾ ਮੁਤਾਬਕ ਸੰਗਤ ਵਲੋ ਦਸਾਂ ਨਹੁਆਂ ਦੀ ਕਿਰਤ ਕਮਾਈ ਵਿਚੋਂ ਪੈਸਾ ਗੁਰੂ ਘਰ ਚੜ੍ਹਾਇਆ ਜਾਂਦਾ ਹੈ, ਜੋ ਮੁਕੱਦਮੇਬਾਜ਼ੀ 'ਚ ਪੈ ਕੇ ਕਰੋੜਾਂ ਰੁਪਏ ਵਕੀਲਾਂ 'ਤੇ ਖ਼ਰਚ ਹੋ ਰਿਹਾ ਹੈ। ਝੀਂਡਾ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਖਰੀ ਕਰਨ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸਾਂ ਲਈ 9 ਵਕੀਲ ਸ਼੍ਰੋਮਣੀ ਕਮੇਟੀ ਤੇ 4 ਵਕੀਲ ਹਰਿਆਣਾ ਕਮੇਟੀ ਨੇ ਕੀਤੇ ਹਨ।
ਸ਼੍ਰੋਮਣੀ ਕਮੇਟੀ ਇਕ ਪੇਸ਼ੀ ਦਾ 25 ਲੱਖ ਅਤੇ ਹਰਿਆਣਾ ਕਮੇਟੀ 15 ਲੱਖ ਖ਼ਰਚ ਕਰ ਰਹੀ ਹੈ। ਦੋਵੇਂ ਸੰਗਠਨ ਕਰੋੜਾਂ ਰੁਪਏ ਖ਼ਰਚ ਕਰ ਚੁੱਕੇ ਹਨ। ਪਬਲਿਕ ਸਕੂਲਾਂ 'ਤੇ ਖ਼ਰਚ ਕਰਨ ਦੀ ਥਾਂ ਸ਼੍ਰੋਮਣੀ ਕਮੇਟੀ ਮੁਕਦਮਿਆਂ 'ਤੇ ਖ਼ਰਚ ਕਰ ਰਹੀ ਹੈ।
Dhinda
ਹਰਿਆਣਾ ਦੇ ਗੁਰੂਧਾਮਾਂ ਤੋ ਲਗਭਗ 70 ਕਰੋੜ ਤੋਂ ਵੱਧ ਆਮਦਨ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਹੈ ਪਰ ਇਸ ਦੇ ਬਾਵਜੂਦ ਬਜਟ ਵਿਚ ਹਰਿਆਣਾ ਨੂੰ ਅੱਖੋ-ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਦੇ ਗੁਰੂਧਾਮਾਂ ਦੀ ਆਮਦਨ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਤੇ ਵਿਕਾਸ ਕਾਰਜਾਂ ਉਪਰ ਖ਼ਰਚ ਹੋਵੇ। ਝਂੀਡਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਸਥਿਤ ਗੁਰਧਾਮਾਂ ਨਾਲ ਵਿਤਕਰਾ ਕਰ ਰਹੀ ਹੈ ਜੋ 31 ਮਾਰਚ ਨੂੰ ਪੇਸ਼ ਹੋਏ ਬਜਟ ਵਿਚ ਸਪੱਸ਼ਟ ਹੋਇਆ ਹੈ। ਹਰਿਆਣਾ ਵਿਚ ਸਿੱਖਾਂ ਦਾ ਇਕੋ ਇਕ ਮੈਡੀਕਲ ਕਾਲਜ ਹੈ, ਜੇ ਸ਼੍ਰੋਮਣੀ ਕਮੇਟੀ ਵਿਤਕਰਾ ਨਾ ਕਰਦੀ ਤਾਂ ਹਰਿਆਣਾ ਦੇ ਸਿੱਖ ਬੱਚਿਆਂ ਨੂੰ ਭਾਰੀ ਲਾਭ ਹੋਣਾ ਸੀ ਤੇ ਉਹ ਡਾਕਟਰ ਬਣ ਸਕਦੇ ਸਨ। ਝੀਂਡਾ ਨੇ ਦਸਿਆ ਕਿ ਪਾਣੀਪਤ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਡਿਗਣ ਨਾਲ ਇਕ ਸੇਵਾਦਾਰ ਤੇ ਦੂਜਾ ਪ੍ਰਵਾਸੀ ਮਜਦੂਰ ਮਾਰਿਆ ਗਿਆ ਪਰ ਸ਼੍ਰੋਮਣੀ ਕਮੇਟੀ ਨੇ ਕੋਈ ਰਾਹਤ ਨਹੀਂ ਦਿਤੀ। ਹਰਿਆਣਾ ਸ਼ੋਮਣੀ ਕਮੇਟੀ ਨੇ ਪੰਜ-ਪੰਜ ਹਜਾਰ ਪੈਨਸ਼ਨ ਪੀੜਤ ਪਰਵਾਰਾਂ ਨੂੰ ਦੇਣ ਦਾ ਫ਼ੈਸਲਾ ਲਿਆ ਤੇ ਜ਼ਖ਼ਮੀਆਂ ਨੂੰ ਵੀ ਮਾਲੀ ਸਹਾਇਤਾ ਦਿਤੀ ਗਈ।