
ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਮਸ਼ਹੂਰ ਟਰੈਫਲ ਸੁਕਾਇਰ ਵਿਖੇ ਰੈਫ਼ਰੰਡਮ 2020 ਦੇ “ਲੰਡਨ ਐਲਾਨਨਾਮੇ” ਦੀ ਰੂਪ ਰੇਖਾ ਦੇ ਕੀਤੇ ਜਾਣ ਵਾਲੇ ਵੱਡੇ ਐਲਾਨ.................
ਬੈਲਜੀਅਮ : ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਮਸ਼ਹੂਰ ਟਰੈਫਲ ਸੁਕਾਇਰ ਵਿਖੇ ਰੈਫ਼ਰੰਡਮ 2020 ਦੇ “ਲੰਡਨ ਐਲਾਨਨਾਮੇ” ਦੀ ਰੂਪ ਰੇਖਾ ਦੇ ਕੀਤੇ ਜਾਣ ਵਾਲੇ ਵੱਡੇ ਐਲਾਨ ਵਿਚ ਯੂਰਪ ਭਰ ਦੀ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਯੂਰਪੀਨ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜ਼ਰਲੈਂਡ, ਭਾਈ ਮਨਜੀਤ ਸਿੰਘ ਹੇਲਰਾਂ ਇੰਗਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਗਮੋਹਣ ਸਿੰਘ ਮੰਡ ਨੇ ਸਮੂਹ ਯੂਰਪ ਦੀ ਸਿੱਖ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ
ਇਹ ਸਿੱਖ ਕੌਮ ਦੀ ਅਜ਼ਾਦੀ ਦਾ ਮਾਮਲਾ ਹੈ। ਇਸ ਕਰ ਕੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਨ ਦੀ ਬਜਾਏ ਕੌਮੀ ਅਜ਼ਾਦੀ ਲਈ ਸੰਘਰਸ਼ ਕਰ ਰਹੀਆਂ ਧਿਰਾਂ ਦਾ ਸਾਥ ਦੇਣ ਲਈ ਸਾਰੇ ਅੱਗੇ ਆਉਣ। ਇਟਲੀ, ਫ਼ਰਾਂਸ, ਜਰਮਨ, ਸਵਿਸ, ਹਾਲੈਂਡ, ਡੈਨਮਾਰਕ ਵਿਚੋਂ ਭਾਰੀ ਗਿਣਤੀ ਵਿਚ ਸਿੱਖਾਂ ਵਲੋਂ ਪਹੁੰਚਣ ਦਾ ਐਲਾਨ ਕੀਤਾ ਗਿਆ ਪ੍ਰੰਤੂ ਸੂਤਰਾਂ ਅਨੁਸਾਰ ਲੰਡਨ ਭਾਰਤੀ ਸਫ਼ਾਰਤਖ਼ਾਨੇ ਵਲੋਂ ਇਸ ਸਮਾਗਮ ਨੂੰ ਫ਼ੇਲ੍ਹ ਕਰਨ ਤੇ ਰੱਦ ਕਰਨ ਲਈ ਅੱਡੀ ਚੋਟੀ ਦੀ ਜ਼ੋਰ ਲਾਇਆ ਜਾ ਰਿਹਾ ਹੈ। ਸਿੱਖਜ਼ ਫ਼ਾਰ ਜਸਟਿਸ ਦੇ ਕਾਰਕੁਨਾਂ ਵਲੋਂ ਟੀ-ਸ਼ਰਟਾਂ ਪਾ ਕੇ ਸਾਊਥਾਲ, ਬਰਮਿੰਘਮ ਵਿਚ ਪੈਦਲ ਮਾਰਚ ਕਰ ਲੋਕਾਂ ਨੂੰ ਜਾਗਰੂਕ ਕਰ ਕੇ ਅਪਣੀ ਮੁਹਿੰਮ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ।