
ਸਿੱਖ ਜਥੇਬੰਦੀਆਂ ਮਿਲੀਆਂ ਜੇਲ ਮੰਤਰੀ ਨੂੰ
ਚੰਡੀਗੜ੍ਹ : ਦੋ ਹਫ਼ਤੇ ਪਹਿਲਾਂ 22 ਸਾਲਾ ਸਿੱਖ ਹਰਜੀਤ ਸਿੰਘ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਦੋਸ਼ੀਆਂ 4 ਪੁਲਿਸ ਵਾਲਿਆਂ ਨੂੰ ਪਟਿਆਲਾ ਜੇਲ ਵਿਚੋਂ ਰਿਹਾਅ ਕਰਨ ਦੇ ਪੰਜਾਬ ਕਾਂਗਰਸ ਸਰਕਾਰ ਦੇ ਵਿਸ਼ੇਸ਼ ਫ਼ੈਸਲੇ ਨੇ ਇਸ ਕਦਰ ਗਰਮਾਹਟ ਤੇ ਹਮਦਰਦੀ ਪੈਦਾ ਕਰ ਦਿਤੀ ਹੈ ਕਿ ਦਹਾਕਿਆਂ ਤੋਂ ਜੇਲਾਂ ਵਿਚ ਬੰਦ 22 ਸਿੱਖਾਂ ਦੀ ਰਿਹਾਈ ਨੇ ਹਵਾ ਵਿਚ ਤੇਜ਼ੀ ਲਿਆਂਦੀ ਹੈ। ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਮਿਲ ਕੇ ਸਜ਼ਾ ਜ਼ਾਬਤਾ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਵੀ ਜ਼ੋਰ ਸ਼ੋਰ ਨਾਲ ਉਠਾਉਣ ਲਈ ਚਰਚਾ ਕੀਤੀ ਹੈ।
Harjit Singh
ਇਨ੍ਹਾਂ ਸਿੱਖ ਜਥੇਬੰਦੀਆਂ ਨੇ ਤਰਕ ਦਿਤਾ ਕਿ ਜੇ ਪੰਜਾਬ ਪੁਲਿਸ ਇੰਸਪੈਕਟਰ ਹਰਿੰਦਰ ਸਿੰਘ ਅਤੇ ਯੂ.ਪੀ. ਪੁਲਿਸ ਦੇ 3 ਹੋਰ ਰਵਿੰਦਰ ਕੁਮਾਰ, ਬ੍ਰਿਜ ਲਾਲ ਤੇ ਉਂਕਾਰ ਸਿੰਘ ਨੂੰ ਮੁੱਖ ਮੰਤਰੀ ਵਿਸ਼ੇਸ਼ ਰਿਹਾਈ ਦੇ ਸਕਦਾ ਹੈ ਤਾਂ ਉਮਰ ਕੈਦ ਜਾਂ ਸਜ਼ਾ ਮੌਤ ਤਹਿਤ 20 ਤੋਂ 30 ਸਾਲ ਜੇਲਾਂ ਵਿਚ ਬੰਦ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਖੇੜਾ, ਪਰਮਜੀਤ ਭਿਉਰਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ ਤੇ ਜਗਤਾਰ ਤਾਰਾ ਸਮੇਤ 22 ਸਿੱਖ ਕੈਦੀਆਂ ਨੂੰ ਵਿਸ਼ੇਸ਼ ਸਜ਼ਾ ਮਾਫ਼ੀ ਵੀ ਦੁਆਈ ਜਾ ਸਕਦੀ ਹੈ। ਜੇਲ ਮੰਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਟਾਡਾ ਅਤੇ ਹੋਰ ਸੰਗੀਨ ਕਤਲਾਂ ਵਿਚ ਉਮਰ ਕੈਦ ਕੱਟ ਰਹੇ ਹਨ, ਜਿਨ੍ਹਾਂ ਬਾਰੇ ਕੇਂਦਰ ਸਰਕਾਰ ਨੇ ਫ਼ੈਸਲਾ ਲੈਣਾ ਹੁੰਦਾ ਹੈ।
Bhai Balwant Singh Rajoana
ਜੇਲ ਮੰਤਰੀ ਨੇ ਕੇਂਦਰੀ ਗ੍ਰਹਿ ਸਕੱਤਰ ਨਾਲ ਇਸ ਸਬੰਧ ਵਿਚ ਪਿਛੇ ਜਿਹੇ ਗੱਲਬਾਤ ਵੀ ਕੀਤੀ ਸੀ। ਚਾਰ ਪੁਲਿਸ ਵਾਲਿਆਂ ਦੀ ਰਿਹਾਈ ਬਾਰੇ ਸੁਖਜਿੰਦਰ ਰੰਧਾਵਾ ਨੇ ਇਹ ਕਹਿ ਕੇ ਪਿਛਾ ਛੁਡਾਉਣਾ ਚਾਹਿਆ ਕਿ ਮਾਮਲੇ ਦੀ ਫ਼ਾਈਲ ਬਾਦਲ ਸਰਕਾਰ ਵੇਲੇ ਨਵੰਬਰ 2016 ਵਿਚ ਤੋਰੀ ਗਈ ਅਤੇ ਰਾਜਪਾਲ ਨੇ ਫ਼ੈਸਲਾ ਹੁਣ ਮਈ ਮਹੀਨੇ ਹੀ ਕੀਤਾ ਸੀ। ਉਂਜ ਤਾਂ ਅਕਾਲੀ ਦਲ ਦਾ ਉਚ ਪਧਰੀ ਵਫ਼ਦ ਸੁਖਬੀਰ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਪੰਜਾਬ ਗਵਰਨਰ ਨੂੰ ਮਿਲ ਚੁਕਾ ਹੈ ਪਰ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੰਬਰ 12 ਦੇ ਸਮਾਗਮ ਵਾਸਤੇ ਸੱਦਾ ਦੇਣ ਦੀ ਪਹਿਲ ਨੇ ਇਸ ਸਿਆਸਤ ਨੂੰ ਹੋਰ ਪੇਚੀਦਾ ਹਾਲਤ ਵਿਚ ਪਹੁੰਚਾ ਦਿਤਾ ਹੈ।
Sukhjinder Singh Randhawa
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬੀਰ ਸਿੰਘ ਬਾਦਲ ਇਕ ਤਿੱਖੀ ਸ਼ਬਦੀ ਜੰਗ ਵਿਚ ਫਸ ਗਏ ਹਨ ਅਤੇ ਆਉਂਦੇ ਦਿਨਾਂ ਵਿਚ ਇਹ ਸ਼ਬਦੀ ਤਕਰਾਰ ਅਤੇ ਧਾਰਮਕ ਪਵਿੱਤਰ ਸਥਾਨਾਂ 'ਤੇ ਮਨਾਏ ਜਾਣ ਵਾਲੇ ਇਹ ਗੁਰਪੁਰਬ ਹੋਰ ਕੁੜੱਤਣ ਪੈਦਾ ਕਰਨਗੇ। ਸ. ਰੰਧਾਵਾ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਤਾਂ ਸ਼੍ਰੋਮਣੀ ਕਮੇਟੀ ਨੂੰ ਅਪਣੀ ਜਗੀਰ ਸਮਝਦਾ ਹੈ ਅਤੇ ਚਾਹੀਦਾ ਇਹ ਸੀ ਕਿ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਵੇਲੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਜਾਣਾ ਬਣਦਾ ਸੀ।
Gobind Singh Longowal
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਾਜਪਾਈ ਵੇਲੇ ਅਤੇ ਡਾ. ਮਨਮੋਹਨ ਸਿੰਘ ਵੇਲੇ ਖ਼ਾਲਸੇ ਦੀ ਤੀਜੀ ਸ਼ਤਾਬਦੀ ਮੌਕੇ 1999 ਅਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਤੀ ਦੀ ਤੀਜੀ ਸ਼ਤਾਬਦੀ ਮੌਕੇ 2005 ਵਿਚ ਸਾਰੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਵਿਚ ਹੋਏ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਨਾਲ ਜੁੜੇ ਗੁਰੂਆਂ ਤੇ ਗੁਰਦਵਾਰਿਆਂ ਦੇ ਸਾਰੇ ਧਾਰਮਕ ਪ੍ਰੋਗਰਾਮ, ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ ਤੇ ਮੌਕੇ ਦੀ ਕੇਂਦਰ ਤੇ ਰਾਜ ਸਰਕਾਰ ਨੇ ਪੂਰਾ ਸਹਿਯੋਗ ਦੇਣਾ ਹੁੰਦਾ ਹੈ।