ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕੀਤੀ ਕਾਰਵਾਈ ਦੀ ਮੰਗ
ਬੜਵਾਨੀ: ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ 'ਚ ਪੁਲਿਸ ਦੀ ਬੇਰਹਿਮੀ ਦਾ ਵੀਡੀਉ ਵਾਇਰਲ ਹੋ ਰਿਹਾ ਹੈ। ਇਸ 'ਚ ਪੁਲਸ ਸਿਕਲੀਗਰ ਸਿੱਖ ਨੌਜਵਾਨ ਦੀ ਬੇਦਰਦੀ ਨਾਲ ਕੁੱਟਮਾਰ ਕਰ ਰਹੀ ਹੈ। ਘਟਨਾ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਜਿਥੇ ਇਸ ਘਟਨਾ ਦੀ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਨਿੰਦਾ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਐੱਸ.ਡੀ.ਉ.ਪੀ. ਨੇ ਘਟਨਾ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਪਲਸੂਦ ਥਾਣਾ ਖੇਤਰ 'ਚ ਸਿਕਲੀਗਰ ਸਿੱਖ ਨੌਜਵਾਨ ਪ੍ਰੇਮ ਸਿੰਘ ਨਾਲ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਇਸ ਮਾਮਲੇ ਨੂੰ ਲੈ ਕੇ ਪ੍ਰੇਮ ਸਿੰਘ ਨੇ ਕਿਹਾ ਕਿ ਉਹ ਤਾਲਾ-ਚਾਬੀ ਦੀ ਦੁਕਾਨ ਲੱਗਾ ਕੇ ਪੁਰਾਣੀ ਪੁਲਿਸ ਚੌਕੀ ਕੋਲ ਬੈਠਾ ਸੀ, ਜਿਥੇ ਪੁਲਿਸ ਮੁਲਾਜ਼ਮ ਆਏ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲਗੇ। ਉਸ ਦੇ ਮਨ੍ਹਾ ਕਰਨ 'ਤੇ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਪੱਗੜੀ ਉਤਾਰ ਕੇ ਘਸੀਟਿਆ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਐਸ.ਪੀ. ਦਾ ਕਹਿਣਾ ਹੈ ਕਿ ਪੁਲਿਸ ਵਲੋਂ ਚਲਾਨੀ ਕਾਰਵਾਈ ਕੀਤੀ ਜਾ ਰਹੀ ਸੀ, ਇਸੇ ਕਾਰਨ ਪ੍ਰੇਮ ਸਿੰਘ ਨੂੰ ਵੀ ਰੋਕਿਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਜਦੋਂ ਉਸ ਤੋਂ ਲਾਇਸੈਂਸ ਮੰਗਿਆ ਤਾਂ ਉਸ ਕੋਲ ਨਹੀਂ ਸੀ, ਨਾਲ ਹੀ ਇਕ ਹੋਰ ਜੋ ਇਸ ਨਾਲ ਬਾਈਕ 'ਤੇ ਬੈਠਾ ਸੀ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਐਸ.ਪੀ. ਅਨੁਸਾਰ ਪ੍ਰੇਮ ਸਿੰਘ ਵਿਰੁਧ ਜਬਲਪੁਰ 'ਚ ਚੋਰੀ ਦੇ 3 ਮਾਮਲੇ ਦਰਜ ਹਨ ਅਤੇ ਉਸ ਨੇ ਪੁਲਿਸ ਵਲੋਂ ਥਾਣੇ ਲਿਜਾਉਣ 'ਤੇ ਹੰਗਾਮਾ ਸ਼ੁਰੂ ਕਰ ਦਿਤਾ ਸੀ। ਫਿਰ ਵੀ ਉਨ੍ਹਾਂ ਨੇ ਮਾਮਲਾ ਨੋਟਿਸ 'ਚ ਲੈਂਦੇ ਹੋਏ ਐਸ.ਡੀ.ਉ.ਪੀ. ਰਾਜਪੁਰ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ। ਰੀਪੋਰਟ ਆਉਣ ਤੋਂ ਬਾਅਦ ਜੋ ਵੀ ਉਚਿਤ ਕਾਰਵਾਈ ਕੀਤੀ ਜਾਵੇਗੀ।
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਘਟਨਾ ਦਾ ਵੀਡੀਉ ਸ਼ੇਅਰ ਕਰਦੇ ਹੋਏ ਕਿਹਾ ਕਿ ਬੜਵਾਨੀ ਦੇ ਪਲਸੂਦ 'ਚ ਪ੍ਰੇਮ ਸਿੰਘ ਗ੍ਰੰਥੀ ਜੋ ਵੀ ਸਾਲਾਂ ਤੋਂ ਪੁਲਿਸ ਚੌਕੀ ਕੋਲ ਇਕ ਛੋਟੀ ਜਿਹੀ ਦੁਕਾਨ ਲਗਾ ਕੇ ਅਪਣਾ ਗੁਜ਼ਾਰਾ ਚਲਾਉਂਦਾ ਹੈ, ਨੂੰ ਪੁਲਿਸ ਨੇ ਅਣਮਨੁੱਖੀ ਤਰੀਕੇ ਨਾਲ ਕੁੱਟਿਆ, ਉਸ ਦੀ ਪੱਗੜੀ ਉਤਾਰ ਦਿਤੀ ਅਤੇ ਕੇਸਾਂ ਤੋਂ ਫੜ ਕੇ ਸੜਕ 'ਤੇ ਬੁਰੀ ਤਰ੍ਹਾਂ ਘੜੀਸਿਆ ਜੋ ਕਿ ਸਿੱਖ ਧਰਮ ਦੀਆਂ ਪਵਿੱਤਰ ਧਾਰਮਕ ਪਰੰਪਰਾਵਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਕਮਲਨਾਥ ਨੇ ਕਿਹਾ ਕਿ ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰਤ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਵੇ ਅਤੇ ਪੀੜਤ ਵਿਅਕਤੀ ਨੂੰ ਨਿਆਂ ਦਿਤਾ ਜਾਵੇ। ਮੱਧ
ਪ੍ਰਦੇਸ਼ ਸਰਕਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕਰੇ : ਭਾਈ ਲੌਂਗੋਵਾਲ- ਮੱਧ ਪ੍ਰਦੇਸ਼ ਦੇ ਪਿੰਡ ਪਲਸੂਦ ਜ਼ਿਲ੍ਹਾ ਬੜਵਾਨੀ ਵਿਖੇ ਗ੍ਰੰਥੀ ਪ੍ਰੇਮ ਸਿੰਘ ਖ਼ਾਲਸਾ ਦੀ ਪੁਲਿਸ ਮੁਲਾਜ਼ਮਾਂ ਵਲੋਂ ਸ਼ਰ੍ਹੇਆਮ ਕੀਤੀ ਗਈ ਮਾਰ ਕੁਟਾਈ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ। ਇਸ ਲਈ ਸਬੰਧਤ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਿਥੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ,
ਉਥੇ ਹੀ ਮਨੁੱਖਤਾ ਨੂੰ ਵੀ ਸ਼ਰਮਸ਼ਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਗ਼ਲਤੀ ਵੀ ਕੀਤੀ ਹੈ ਤਾਂ ਉਸ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਕਾਨੂੰਨ ਦੇ ਰਖਵਾਲੇ ਹੀ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਭਾਈ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਾਸੋਂ ਮੰਗ ਕੀਤੀ ਕਿ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਅਨੁਸਾਰ ਕਰੜੀ ਸਜ਼ਾ ਦੇ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।