
ਪਾਉਂਟਾ ਸਾਹਿਬ ਹੀ ਇਕੋ ਇਕ ਅਜਿਹਾ ਸ਼ਹਿਰ ਹੈ ਜਿਸ ਦਾ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਖਿਆ ਸੀ
ਪੂਰੇ ਸੰਸਾਰ ਵਿਚ ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਂਕਿ ਪਾਉਂਟਾ ਸਾਹਿਬ ਹੀ ਇਕੋ ਇਕ ਅਜਿਹਾ ਸ਼ਹਿਰ ਹੈ ਜਿਸ ਦਾ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਖਿਆ ਸੀ ਅਤੇ ਇਸ ਦਾ ਨਾਮ ਪਾਉਂਟਾ ਸਾਹਿਬ ਉਨ੍ਹਾਂ ਹੀ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿਚ ਸਥਿਤ ਹਿਮਾਚਲ ਪ੍ਰਦੇਸ਼ ਵਿਚ ਜਮਨਾ ਨਦੀ ਦੇ ਕੰਢੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਤੋਂ ਵੀ ਵੱਧ ਸਮਾਂ ਰਹੇ।
Paonta Sahib
ਸਿੱਖ ਇਤਿਹਾਸ ਅਨੁਸਾਰ ਦਸਮ ਪਿਤਾ ਨੇ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਉਤੇ 1685 ਈ: ਵਿਚ ਨਾਹਨ ਪਹੁੰਚੇ ਸਨ ਅਤੇ ਬਹੁਤ ਹੀ ਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਪ੍ਰਭਾਸ਼ਾਲੀ ਵਾਤਾਵਰਣ ਨੂੰ ਮੁੱਖ ਰੱਖ ਕੇ ਦਸਮ ਪਿਤਾ ਨੇ ਇਹ ਸ਼ਹਿਰ ਵਸਾਇਆ ਸੀ। ਬਹੁਤ ਥੋੜੀ ਦੇਰ ਵਿਚ ਹੀ ਇਥੇ ਜੰਗਲ ਵਿਚ ਮੰਗਲ ਲੱਗ ਗਿਆ ਅਤੇ ਇਹ ਇਕ ਅਨੰਦਮਈ ਨਗਰ ਬਣ ਗਿਆ। ਗੁਰੂ ਜੀ ਦੇ ਇਥੇ ਰਹਿਣ ਸਮੇਂ ਦੇ ਜੀਵਨ ਨੂੰ ਦਰਸਾਉਂਦੀਆਂ ਅਨੇਕਾਂ ਯਾਦਗਾਰਾਂ ਹਨ, ਜਿਥੇ ਅਜਕਲ ਸ਼ਾਨਦਾਰ ਗੁਰਦਵਾਰੇ ਸਾਹਿਬ ਸ਼ੁਸੋਬਤ ਹਨ। ਇਨ੍ਹਾਂ ਵਿਚ ਪ੍ਰਮੁਖ ਇਸ ਪ੍ਰਕਾਰ ਹਨ।
Guru Gobind Singh Ji
ਗੁਰਦਵਾਰਾ ਸ੍ਰੀ ਹਰਿਮੰਦਰ ਸਾਹਿਬ: ਜਮਨਾ ਨਦੀ ਦੇ ਕੰਢੇ ਇਹ ਉਹ ਪਵਿੱਤਰ ਸਥਾਨ ਹੈ, ਜਿਥੇ ਗੁਰੂ ਜੀ ਨੇ ਆ ਕੇ ਅਪਣੇ ਠਹਿਰਣ ਲਈ ਪਹਿਲਾਂ ਕੈਂਪ ਲਗਾਇਆ। ਬਹੁਤ ਹੀ ਰਮਣੀਕ, ਸੁੰਦਰ ਕੁਦਰਤੀ ਅਸਥਾਨ ਤੇ ਗੁਰੂ ਜੀ ਨੇ ਕਿਲੇ੍ਹ ਵਰਗੀ ਇਮਾਰਤ ਉਸਾਰੀ ਅਤੇ ਇਥੇ ਹੀ ਪਾਉਂਟਾ ਨਗਰ ਦਾ ਨੀਂਹ ਪੱਥਰ ਰਖਿਆ। ਇਸ ਅਸਥਾਨ ਉਤੇ ਅਜਕਲ ਬਹੁਤ ਹੀ ਸ਼ਾਨਦਾਰ ਗੁਰਦਵਾਰਾ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਇਥੇ ਗੁਰੂ ਜੀ ਚਾਰ ਸਾਲ ਤੋਂ ਵੀ ਵੱਧ ਸਮੇਂ ਲਈ ਅਧਿਆਤਮਕ ਗਿਆਨ ਦੀ ਪੂਜੀ ਪ੍ਰਦਾਨ ਕਰਦੇ ਰਹੇ। ਗੁਰੂ ਜੀ ਦੇ ਜੀਵਨ ਨਾਲ ਸਬੰਧਤ ਕੁੱਝ ਨਿਸ਼ਾਨੀਆਂ ਵੀ ਇਥੇ ਸੰਭਾਲੀਆਂ ਹੋਈਆਂ ਹਨ। ਇਸ ਸਥਾਨ ਉਤੇ ਸਦਾ ਸੰਗਤਾਂ ਦੀ ਚਹਿਲ ਪਹਿਲ ਰਹਿੰਦੀ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਸੰਗਤਾਂ, ਇਥੇ ਵੀ ਜ਼ਰੂਰ ਨਤਮਸਤਕ ਹੁੰਦੀਆਂ ਹਨ।
Paonta Sahib
ਗੁਰਦਵਾਰਾ ਸ੍ਰੀ ਦਸਤਾਰ ਅਸਥਾਨ ਸਾਹਿਬ: ਇਹ ਉਹ ਪਵਿੱਤਰ ਸਥਾਨ ਹੈ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁੰਦਰ ਦਸਤਾਰਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ ਅਤੇ ਇਨਾਮ ਵੰਡਿਆਂ ਕਰਦੇ ਸਨ। ਇਸ ਸਥਾਨ ਉਤੇ ਹੀ ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਸੀ ਅਤੇ ਸਿਰੋਪਾ ਬਖ਼ਸ਼ਿਆ ਸੀ ਅਤੇ ਪੀਰ ਬੁੱਧੂ ਸ਼ਾਹ ਜੀ ਦੀ ਬੇਨਤੀ ਤੇ ਉਨ੍ਹਾਂ ਨੂੰ ਇਕ ਕੰਘਾ ਪਵਿੱਤਰ ਕੇਸਾ ਸਮੇਤ ਯਾਦ ਨਿਸ਼ਾਨੀ ਦੇ ਤੌਰ ਉਤੇ ਦੇ ਦਿਤਾ ਸੀ ਜੋ ਸਦੀਆਂ ਤੋਂ ਪੀਰ ਜੀ ਦੀ ਸੰਤਾਨ ਪਾਸ ਸੰਭਾਲਿਆ ਰਿਹਾ।
Gurdwara Sri Dastar Asthan Sahib
ਕਵੀ ਦਰਬਾਰ ਅਸਥਾਨ: ਗੁਰਦਵਾਰਾ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਦੀ ਢਲਾਣ, ਯਮਨਾ ਨਦੀ ਦੇ ਬਿਲਕੁਲ ਕੰਢੇ ਤੇ ਗੁਰੂ ਜੀ ਦੇ ਅਪਣੇ 52 ਪ੍ਰਸਿੱਧ ਕਵੀਆਂ ਨਾਲ ਕਵੀ ਦਰਬਾਰ ਸਜਾਉਣ ਵਾਲੀ ਪਵਿੱਤਰ ਥਾਂ ਕਵੀ ਦਰਬਾਰ ਅਸਥਾਨ ਵਜੋਂ ਪ੍ਰਸਿੱਧ ਹੈ। ਗੁਰੂ ਜੀ ਨੇ ਕਈ ਬਾਣੀਆ ਜਿਨ੍ਹਾਂ ਵਿਚ ਜਾਪੁ ਸਾਹਿਬ, ਸਵੱਯੇ ਪਾਤਸ਼ਾਹੀ ਦਸਵੀ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਬਚਿਤ੍ਰ ਨਾਟਕ ਦੇ ਬਹੁਤ ਹਿੱਸੇ ਦੀ ਰਚਨਾ ਇਸ ਅਸਥਾਨ ਤੇ ਹੀ ਕੀਤੀ ਸੀ। ਇਸ ਅਸਥਾਨ ਤੇ ਹੀ ਬਹਤ ਬਹੁ-ਮੁੱਲੇ ਸਾਹਿਤ ਦੀ ਰਚਨਾ ਹੋਈ। ਅਜਕਲ ਇਸ ਸਥਾਨ ਨੂੰ ਵਧੀਆ ਦਿਖ ਦਿਤੀ ਜਾ ਚੁੱਕੀ ਹੈ ਅਤੇ ਪ੍ਰਬੰਧਕਾਂ ਵਲੋਂ ਹਰ ਪੂਰਨਮਾਸੀ ਦੀ ਰਾਤ ਕਵੀ ਦਰਬਾਰ ਦੀ ਪ੍ਰੰਪਰਾ ਉਸੇ ਤਰ੍ਹਾਂ ਜਾਰੀ ਹੈ। ਇਥੇ ਹੀ ਗਰੂ ਜੀ ਨੇ ਅਪਣੇ 52 ਕਵੀਆਂ ਵਿਚੋਂ ਚੰਦਨ ਕਵੀ ਦਾ ਹੰਕਾਰ ਵੀ ਧੰਨਾ ਘਾਹੀਆ ਜੀ ਰਾਹੀਂ ਤੋੜਿਆ ਸੀ।
Kavi Darbar Asthan
ਗੁਰਦਵਾਰਾ ਸ਼ੇਰਗਾਹ ਸਾਹਿਬ: ਗੁਰਦਵਾਰਾ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਨੂੰ ਜਾਣ ਵਾਲੇ ਰਸਤੇ ਪਰ ਪਿੰਡ ਨਿਹਾਲਗੜ੍ਹ ਵਿਖੇ ਗੁਰਦੁਆਰਾ ਸ਼ੇਰਗਾਹ ਸਾਹਿਬ ਸਸੋਬਿਤ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਜਾ ਨਾਹਨ ਮੇਦਨੀ ਪ੍ਰਕਾਸ਼ ਅਤੇ ਮਹਾਰਾਜਾ ਫ਼ਤਹਿ ਚੰਦ ਗੜ੍ਹਵਾਲ ਦੇ ਸਾਹਮਣੇ ਭਿਆਨਕ ਸ਼ੇਰ ਨੂੰ ਮਾਰਨ ਦੀ ਯਾਦ ਸਮੇਟੇ ਹੋਏ ਹੈ। ਗੁਰੂ ਜੀ ਨੇ ਅਪਣੀ ਅਥਾਹ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ। ਗੁਰਦਵਾਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਤਿਆਰ ਹੋ ਚੁੱਕੀ ਹੈ। ਸਦਾ ਗੁਰੂ ਦੇ ਲੰਗਰ ਅਤੁੱਟ ਵਰਤਦੇ ਹਨ। ਗੁਰਦਵਾਰਾ ਭੰਗਾਣੀ ਸਾਹਿਬ ਨੂੰ ਜਾਣ ਵਾਲੀਆ ੰਸੰਗਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੀਆਂ ਹਨ।
Gurudwara Shergarh Sahib
ਗੁਰਦਵਾਰਾ ਭੰਗਾਣੀ ਸਾਹਿਬ: ਗੁਰਦਵਾਰਾ ਭੰਗਾਣੀ ਸਾਹਿਬ ਉਸ ਪਵਿੱਤਰ ਸਥਾਨ ਉਤੇ ਸੁਸ਼ੋਭਿਤ ਹੈ ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਜੀਵਨ ਕਾਲ ਦਾ ਸੱਭ ਤੋਂ ਪਹਿਲਾਂ ਯੁੱਧ ਲੜਿਆ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀਆਂ 20-25 ਹਜ਼ਾਰ ਫ਼ੌਜਾਂ ਨੂੰ ਹਰਾ ਕੇ ਅਪਣੀ ਸੂਰਬੀਰਤਾ, ਸੁਚੱਜੀ ਅਗਵਾਈ, ਅਨੋਖੀ ਵਿਊਂਤਬੰਦੀ ਅਤੇ ਤੀਰ ਨਿਪੁੰਨਤਾ ਦੀ ਮਿਸਾਲ ਪੇਸ਼ ਕੀਤੀ। ਮੁੱਖ ਗੁਰਦੁਆਰਾ ਹਰਿਮੰਦਰ ਸਾਹਿਬ ਪਾਉਂਟਾ ਸਾਹਿਬ ਤੋਂ 21 ਕਿਲੋਮੀਟਰ ਦੂਰ ਹਰੇ ਭਰੇ ਖੇਤਾਂ ਵਿਚ ਇਕਾਂਤ ਥਾਂ ਉਤੇ ਇਹ ਗੁਰਦਵਾਰਾ ਸਾਹਿਬ, ਕਿਸੇ ਭਿਆਨਕ ਜੰਗ ਦੀ ਯਾਦ ਕਰਵਾਉਂਦਾ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਨਵਾਂ ਦੀਵਾਨ ਹਾਲ ਤਿਆਰ ਹੋ ਚੁੱਕਿਆ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਨਵੀਂ ਬਹੁ-ਮੰਜ਼ਲੀ ਸਰਾਂ ਬਣ ਰਹੀ ਹੈ। ਇਸ ਥਾਂ ਉਤੇ ਇਕ ਪੁਰਾਣਾ ਇਤਹਾਸਿਕ ਜਾਮਣ ਦਾ ਰੁੱਖ ਸਥਿਤ ਹੈ ਜਿਸ ਨਾਲ ਗੁਰੂ ਜੀ ਅਪਣਾ ਘੋੜਾ ਬੰਨਿ੍ਹਆ ਕਰਦੇ ਸਨ।
Gurudwara Bhangani Sahib
ਗੁਰਦਵਾਰਾ ਤੀਰਗੜ੍ਹੀ ਸਾਹਿਬ: ਪਾਉਂਟਾ ਸਾਹਿਬ ਦੀ ਧਰਤੀ ਉਤੇ ਗੁਰਦਵਾਰਾ ਤੀਰਗੜ੍ਹੀ ਸਾਹਿਬ ਦੀ ਵੀ ਵਿਸ਼ੇਸ਼ ਮਹਾਨਤਾ ਹੈ ਕਿਉਂਕਿ ਭੰਗਾਣੀ ਦੇ ਯੁਧ ਸਮੇਂ ਗੁਰੂ ਜੀ ਇਥੇ ਉੱਚੇ ਟਿੱਲੇ ਉਤੇ ਖੜ੍ਹੇ ਹੋ ਕੇ ਦੁਸ਼ਮਣਾਂ ਵਲ ਤੀਰ ਚਲਾਉਂਦੇ ਸਨ ਅਤੇ ਰਾਜਾ ਹਰੀ ਚੰਦ ਜਿਹੇ ਤੀਰ ਨਿਪੁੰਨ ਯੋਧਿਆਂ ਨੂੰ ਅਪਣੀ ਤੀਰ ਅੰਦਾਜ਼ੀ ਦਾ ਅਹਿਸਾਸ ਕਰਾਉਂਦੇ ਸਨ। ਗੁਰਦਵਾਰਾ ਤੀਰਗੜ੍ਹੀ ਸਾਹਿਬ ਪਾਉਂਟਾ ਸਾਹਿਬ ਤੋਂ 18 ਕਿਲੋਮੀਟਰ ਦੀ ਦੂਰੀ ਪਰ ਇਕ ਉੱਚੀ ਥਾਂ ਉਤੇ ਸੁਸ਼ੋਭਿਤ ਹੈ। ਇਸ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕੰਮ ਦੀ ਸੇਵਾ ਸੰਤ ਸਰੂਪ ਸਿੰਘ ਜੀ ਨੇ ਕਰਵਾਈ ਹੈ।
Gurudwara Tir Garhi Sahib
ਗੁਰਦਵਾਰਾ ਦਸਮੇਸ਼ ਦਰਬਾਰ ਛਾਉਣੀ ਵਾਲਾ ਸਾਹਿਬ: ਇਹ ਪਵਿੱਤਰ ਅਸਥਾਨ ਗੁਰਦਵਾਰਾ ਪਾਉਂਟਾ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ਪਰ ਭੰਗਾਣੀ ਸਾਹਿਬ ਰੋਡ ਪਰ ਹੀ ਸਥਿਤ ਹੈ। ਇਸ ਸਥਾਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁਧ ਸਮੇਂ ਅਪਣੇ ਜੰਗੀ ਸੂਰਮਿਆਂ ਨਾਲ ਗੁਪਤ ਮੀਟਿੰਗਾਂ ਅਤੇ ਯੁਧ ਸਬੰਧੀ ਸਲਾਹਾਂ ਕਰਦੇ ਸਨ। ਇਸ ਗੁਰਦਵਾਰਾ ਸਾਹਿਬ ਪਹੁੰਚਣ ਲਈ ਪਿੰਡ ਹਰੀਪੁਰ ਤੋਂ ਲਿੰਕ ਰੋਡ ਜਾਂਦੀ ਹੈ। ਇਸ ਅਸਥਾਨ ਦੀ ਸੇਵਾ ਨਿਮਰਤਾ ਦੇ ਪੁੰਜ ਬਾਬਾ ਕੁਲਦੀਪ ਸਿਘ ਜੀ ਕਰਵਾ ਰਹੇ ਹਨ ਅਤੇ ਇਲਾਕੇ ਵਿਚ ਸਿੱਖੀ ਦਾ ਖ਼ੂਬ ਪ੍ਰਚਾਰ ਕਰ ਰਹੇ ਹਨ।
ਗੁਰਦਵਾਰਾ ਸ੍ਰੀ ਰਣਥੰਮ ਸਾਹਿਬ ਪਾਤਸ਼ਾਹੀ 10ਵੀਂ: ਇਹ ਉਹ ਇਤਿਹਾਸਕ ਸਥਾਨ ਹੈ, ਜਿਥੇ ਸ੍ਰੀ ਗੁਰੂ ਗੋਬਿੰਦ ਸਿਘ ਜੀ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੀ ਭੂਆ ਬੀਬੀ ਵੀਰੋ ਦੇ ਸਪੁੱਤਰ ਅਤੇ ਸਿੱਖ ਫ਼ੌਜਾਂ ਦੇ ਸੈਨਾਪਤੀ ਸ੍ਰੀ ਸੰਗੋਸ਼ਾਹ ਨੇ ਅਪਣੀ ਅੱਧੀ ਫ਼ੌਜ ਜੰਗੇ ਮੈਦਾਨ ਵਿਚ ਅੱਗੇ ਵਧਾ ਦੇ ਇਕ ਰਣਥੰਮ ਗੱਡ ਕੇ ਹੁਕਮ ਕਰ ਦਿਤਾ ਕਿ ਇਸ ਤੋਂ ਪਿੱਛੇ ਨਹੀਂ ਹਟਣਾ। ਉਨ੍ਹਾਂ ਦੀ ਰਣਨੀਤੀ ਕੰਮ ਆਈ ਅਤੇ ਗੁਰੂ ਜੀ ਦੇ ਮਰਜੀਵੜਿਆਂ ਸੇਵਕਾਂ ਨੇ ਦੁਸ਼ਮਣਾਂ ਦੀਆਂ 20-25 ਹਜ਼ਾਰ ਫ਼ੌਜਾਂ ਨੂੰ ਕਰਾਰੇ ਹੱਥ ਦਿਖਾਏ। ਇਸ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਸੇਵਾ ਪਾਉਂਟਾ ਸਾਹਿਬ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਲੋਂ ਨਿਭਾਈ ਜਾ ਰਹੀ ਹੈ ਅਤੇ ਇਹ ਸਥਾਨ ਗੁਰਦਵਾਰਾ ਭੰਗਾਣੀ ਸਾਹਿਬ ਅਤੇ ਗੁਰਦਲਾਰਾ ਤੀਰਗੜ੍ਹੀ ਸਾਹਿਬ ਦੇ ਵਿਚਕਾਰ ਸਥਿਤ ਹੈ। ਸੰਗਤਾਂ ਦਰਸ਼ਨ ਕਰ ਕੇ ਗੁਰੂ ਜੀ ਦੀ ਯੁੱਧ ਰਣ ਨੀਤੀ ਦੀ ਪ੍ਰਸ਼ੰਸਾ ਵਿਚ ਧੰਨ ਧੰਨ ਕਹਿ ਉਠਦੀਆਂ ਹਨ।
ਤਪ ਅਸਥਾਨ ਗੁਰਦਵਾਰਾ ਸ੍ਰੀ ਕ੍ਰਿਪਾਲ ਸਿਲਾ ਸਾਹਿਬ: ਇਹ ਅਸਥਾਨ ਦਰਬਾਰ ਸ੍ਰੀ ਪਾਉਂਟਾ ਸਾਹਿਬ ਤੋਂ ਪੂਰਬ ਵਲ ਥੋੜੀ ਹੀ ਦੂਰੀ ਉਤੇ ਹੈ। ਇਹ ਸਥਾਨ ਉਦਾਸੀਆਂ ਦੇ ਮਹੰਤ ਕ੍ਰਿਪਾਲ ਦਾਸ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਇਸ ਜਗ੍ਹਾ ਪਰ ਮਹੰਤ ਜੀ ਕਈ ਕਈ ਘੰਟੇ ਤਪ ਕਰਿਆ ਕਰਦੇ ਸਨ ਉਨ੍ਹਾਂ ਪਾਸ 500 ਦੇ ਕਰੀਬ ਉਦਾਸੀ ਸਾਧੂ ਰਹਿੰਦੇ ਸਨ। ਪਰ ਭੰਗਾਣੀ ਦੇ ਯੁੱਧ ਦੀ ਖ਼ਬਰ ਸੁਣ ਕੇ ਸੱਭ ਦੌੜ ਗਏ। ਸੰਤ ਕ੍ਰਿਪਾਲ ਦਾਸ ਜੀ ਆਪ ਅਪਣਾ ਕੁਤਕਾ ਲੈ ਕੇ ਜੰਗ ਵਿਚ ਸ਼ਾਮਲ ਹੋ ਗਏ ਅਤੇ ਇਸ ਨਾਲ ਹੀ ਹਯਾਤ ਖ਼ਾਨ ਨੁੰ ਬੁਰੀ ਤਰ੍ਹਾਂ ਮਾਰ ਮੁਕਾਇਆ। ਗੁਰੂ ਜੀ ਨੇ ਮਹੰਤ ਕ੍ਰਿਪਾਲ ਦਾਸ ਜੀ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ। ਇਸ ਅਸਥਾਨ ਉਤੇ ਅੱਜ ਵੀ ਉਹ ਸਿਲਾ ਮੌਜੂਦ ਹੈ ਜਿਸ ਉਤੇ ਬੈਠ ਕੇ ਮਹੰਤ ਜੀ ਤਪ ਕਰਦੇ ਸਨ। ਇਨ੍ਹਾਂ ਅਸਥਾਨਾਂ ਤੋਂ ਬਿਨਾਂ ਇਸ ਇਲਾਕੇ ਵਿਚ ਕਾਲਪੀ ਰਿਸ਼ੀ ਦੀ ਯਾਦਗਾਰ, ਗੁਰਦਵਾਰਾ ਸ੍ਰੀ ਟੋਕਾ ਸਾਹਿਬ ਅਤੇ ਨਾਹਨ ਵਿਖੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਵੀ ਦਰਸ਼ਨ ਯੋਗ ਪਵਿੱਤਰ ਇਤਿਹਾਸਕ ਸਥਾਨ ਹਨ। ਮਨ ਕਰਦਾ ਹੈ ਕਿ ਇਤਨੀ ਪਵਿੱਤਰ ਭੂਮੀ ਦੇ ਦਰਸ਼ਨ ਕਰ ਕੇ ਵਾਰ ਵਾਰ ਨਤਮਸਤਕ ਹੋਇਆ ਜਾਵੇ।
ਬਹਾਦਰ ਸਿੰਘ ਗੋਸਲ
ਸੰਪਰਕ: 98764-52223