
ਜਲਿਆਂਵਾਲਾ ਬਾਗ਼ ਮੈਮੋਰਿਅਲ 'ਚ ਸਿਰ ਝੁਕਾ ਕੇ ਮਾਫ਼ੀ ਮੰਗੀ
ਅੰਮ੍ਰਿਤਸਰ : ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਅਤੇ ਸ੍ਰੀਮਤੀ ਕੈਲੋਰੀਨ ਵੈਲਬੀ 7 ਮੈਂਬਰੀ ਵਫ਼ਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਇਤਿਹਾਸਕ ਮੌਕੇ ਦੋਹਾਂ ਧਾਰਮਕ ਆਗੂਆਂ ਨੇ ਆਪਸੀ ਸਦਭਾਵਨਾ ਅਤੇ ਵਿਸ਼ਵ ਵਿਆਪੀ ਭਾਈਚਾਰੇ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ।
Archbishop of Canterbury says sorry for Jallianwala Bagh massacre
ਇਸ ਮੌਕੇ ਪੋਰਟਲ ਵੈਲਬੀ ਜਲਿਆਂਵਾਲਾ ਬਾਗ਼ ਮੈਮੋਰਿਅਲ ਵੀ ਗਏ। ਉਥੇ ਉਨ੍ਹਾਂ ਨੇ ਸਿਰ ਝੁਕਾ ਕੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਥੇ ਜਿਹੜੇ ਵੀ ਅਪਰਾਧ ਹੋਏ ਸਨ ਉਸ ਦੇ ਲਈ ਉਹ ਸ਼ਰਮਸਾਰ ਹਨ ਅਤੇ ਮਾਫ਼ੀ ਮੰਗਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਸ਼ਾਂਤੀ ਧਾਰਮਕ ਸਹਿਣਸ਼ੀਲਤਾ, ਔਰਤਾਂ ਦੇ ਅਧਿਕਾਰਾਂ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਲਈ ਅੱਗੇ ਹੋ ਕੇ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਇਨ੍ਹਾਂ ਮੁੱਦਿਆਂ 'ਤੇ ਕਾਰਜਸ਼ੀਲ ਰਹੇਗੀ। ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਬਿਹਤਰ ਭਵਿੱਖ ਲਈ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦੀ ਸਿਰਜਣਾ ਕਰਨਾ ਜ਼ਰੂਰੀ ਹੈ।
Archbishop of Canterbury says sorry for Jallianwala Bagh massacre
ਇਸ ਮੌਕੇ ਗਲੋਬਲ ਸਿੱਖ ਕੌਂਸਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਰਸਮੀ ਸਵਾਗਤ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਦਸਿਆ ਕਿ ਆਰਚ ਬਿਸ਼ਪ ਦੀ ਇਹ ਨਿਜੀ ਯਾਤਰਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚਲ ਰਹੀਆਂ ਤਿਆਰੀਆਂ ਨਾਲ ਸਬੰਧਤ ਹੈ। ਉਨ੍ਹਾਂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਜਸਟਿਨ ਵੈਲਬੀ ਇਸ ਮੁੱਦੇ 'ਤੇ ਇਕਮਤ ਨੇ ਕਿ ਬਰਾਬਰਤਾ ਹੀ ਮਨੁੱਖਤਾ ਦੇ ਬਚਾਅ ਲਈ ਇਕ ਕੁੰਜੀ ਹੈ। ਅਜੋਕੇ ਸਮੇਂ ਵਿਚ ਬਰਾਬਰਤਾ ਦੀ ਪ੍ਰਸੰਗਤਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਦੁਨੀਆਂ ਇਕ ਗਲੋਬਲ ਪਿੰਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।
Archbishop of Canterbury says sorry for Jallianwala Bagh massacre
ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਸਿੱਖ ਰਵਾਇਤਾਂ ਅਨੁਸਾਰ ਜਸਟਿਨ ਪੋਰਟਲ ਵੈਲਬੀ ਅਤੇ ਸ੍ਰੀਮਤੀ ਕੈਲੋਰੀਨ ਵੈਲਬੀ ਦਾ ਸਨਮਾਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਕ ਪੁਸਤਕ ਭੇਟ ਕੀਤੀ ਗਈ। ਗਲੋਬਲ ਸਿੱਖ ਕੌਂਸਲ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਪੇਂਟਿੰਗ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਕਾਲ ਨਾਲ ਸਬੰਧਤ ਸਿੱਕੇ ਭੇਂਟ ਕੀਤੇ।