
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ
ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਇੰਤਜ਼ਾਰ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਹੁਣ ਤਕ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਭਾਵੇਂ ਕਿ ਇਹ ਭਰੋਸਾ ਦਿਤਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ। ਲਾਂਘਾ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਇਕ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਕਿ ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ 9 ਨਵੰਬਰ ਤੋਂ ਪਵਿੱਤਰ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣ ਦੇ ਲਗਭਗ ਇਕ ਮਹੀਨੇ ਬਾਅਦ ਇਹ ਬਿਆਨ ਦਿਤਾ ਹੈ।
Kartarpur Corridor
ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਇਥੇ ਇਕ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ,''ਕਰਤਾਰਪੁਰ ਲਾਂਘੇ ਦਾ ਕੰਮ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਦਿਤੇ ਵਾਅਦੇ ਮੁਤਾਬਕ ਸਮੇਂ 'ਤੇ ਪੂਰਾ ਹੋ ਜਾਵੇਗਾ। ਇਸ ਦਾ ਉਦਘਾਟਨ ਸਮੇਂ 'ਤੇ ਹੋਵੇਗਾ ਪਰ ਮੈਂ ਇਸ ਲਈ ਕਿਸੇ ਨਿਸ਼ਚਤ ਤਰੀਕ ਬਾਰੇ ਨਹੀਂ ਦਸ ਸਕਦਾ ਕਿਉਂਕਿ ਉਦਘਾਟਨ ਦੀ ਤਰੀਕ ਹੁਣ ਤਕ ਤੈਅ ਨਹੀਂ ਕੀਤੀ ਗਈ ਹੈ।'' ਉਨ੍ਹਾਂ ਭਰੋਸਾ ਦਿਤਾ ਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ।
Kartarpur Corridor
ਜ਼ਿਕਰਯੋਗ ਹੈ ਕਿ ਅਗਲੇ ਮਹੀਨੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤੀ ਪੰਜਾਬ ਸਮੇਤ ਪੂਰੀ ਦੁਨੀਆਂ ਵਿਚ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਤਰਫ਼ੋਂ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਕਰੀਬ ਇਕ ਮਹੀਨਾ ਪਹਿਲਾ ਕੋਰੀਡੋਰ ਮਨਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਭਾਰਤੀ ਸਿੱਖ ਯਾਤਰੀਆਂ ਲਈ ਕਰਤਾਰਪੁਰ ਸਾਹਿਬ ਯਾਤਰਾ 9 ਨਵੰਬਰ ਤੋਂ ਖੋਲ੍ਹ ਦੇਵੇਗਾ।