
ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਦਿਨੋਂ-ਦਿਨ ਸਿੱਖਾਂ ਉਪਰ ਭਾਵੇਂ ਦੇਸ਼ ਹੋਵੇ ਜਾ ਵਿਦੇਸ਼.................
ਅੰਮ੍ਰਿਤਸਰ : ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਦਿਨੋਂ-ਦਿਨ ਸਿੱਖਾਂ ਉਪਰ ਭਾਵੇਂ ਦੇਸ਼ ਹੋਵੇ ਜਾ ਵਿਦੇਸ਼, ਕਦੀ ਸਿੱਖ ਪਹਿਲਵਾਨਾਂ ਨੂੰ ਕੁਸ਼ਤੀ ਨਹੀਂ ਕਰਨ ਦਿਤੀ ਜਾਂਦੀ, ਕਦੇ ਸਿੱਖ ਬੱਚਿਆਂ ਨੂੰ ਇਮਤਿਹਾਨਾਂ ਜਾਂ ਉੱਚ ਅਹੁਦਿਆਂ ਦੀ ਪ੍ਰੀਖਿਆ ਵਿਚ ਨਹੀਂ ਬੈਠਣ ਦਿਤਾ ਜਾਂਦਾ, ਉਨ੍ਹਾਂ ਦੇ ਕਕਾਰ ਲੁਹਾਏ ਜਾਂਦੇ ਹਨ ਅਤੇ ਭੱਦੀ ਸ਼ਬਦਾਵਲੀ ਬੋਲ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਦਿੱਲੀ ਵਿਖੇ ਮਨਜੀਤ ਸਿੰਘ ਜੀ.ਕੇ (ਪ੍ਰਧਾਨ ਦਿੱਲੀ ਸਿੱਖ ਗੁ: ਪ੍ਰ: ਕਮੇਟੀ) ਵਲੋਂ ਜੋ 1984 ਦੀ ਹੋਈ ਸਿੱਖ ਨਸਲਕੁਸ਼ੀ ਦੇ ਸਬੰਧ ਵਿਚ ਲੜਾਈ ਲੜੀ ਜਾ ਰਹੀ ਹੈ
ਉਸ ਵਿਚ ਉਨ੍ਹਾਂ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਦੋਸ਼ੀਆਂ ਦੇ ਪਰਦੇ ਫ਼ਾਸ਼ ਕੀਤੇ ਜਾ ਰਹੇ ਹਨ। ਉਥੇ ਸਿੱਖਾਂ ਨੂੰ ਨਿਆਂ ਦਿਵਾਉਣ ਦੀ ਬਜਾਏ ਉਨ੍ਹਾਂ ਉਪਰ ਐਫ਼.ਆਈ.ਆਰਾਂ ਕੱਟੀਆਂ ਜਾ ਰਹੀਆਂ ਹਨ। ਹੁਣ ਪੁਲਿਸ ਵਲੋਂ ਪਟਿਆਲਾ ਦੇ ਸਨੋਰ ਕਸਬੇ ਵਿਚ ਅੰਮ੍ਰਿਤਧਾਰੀ ਬੱਚਿਆਂ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਬੱਚੇ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਅਜੇ ਉਸ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਅਤੇ ਸਾਰੇ ਸਰੀਰ ਉਪਰ ਕੁੱਟਮਾਰ ਦੇ ਨਿਸ਼ਾਨ ਪਏ ਹੋਏ ਹਨ।
'ਜਥੇਦਾਰ' ਨੇ ਕਿਹਾ ਕਿ ਇਸ ਆਜ਼ਾਦ ਭਾਰਤ ਵਿਚ ਕਿਸ ਨੂੰ ਨਹੀਂ ਪਤਾ ਕਿ ਸਿੱਖ ਧਰਮ ਦੀਆਂ ਕੀ ਵਿਸ਼ੇਸ਼ਤਾਈਆਂ ਹਨ ਜਾਂ ਸਿੱਖੀ ਦੇ ਕੀ ਅਸੂਲ ਹਨ। ਇੰਜ ਲਗਦਾ ਹੈ ਕਿ ਸਿੱਖ ਆਜ਼ਾਦ ਭਾਰਤ ਵਿਚ ਵੀ ਅਜੇ ਅਜ਼ਾਦੀ ਦਾ ਨਿੱਘ ਨਹੀਂ ਮਾਣ ਰਹੇ। ਇਸੇ ਕਰ ਕੇ ਸਿੱਖਾਂ ਉਪਰ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਹੋ ਰਹੇ ਹਨ।
ਸੰਸਾਰ ਭਰ ਵਿਚ ਵਸਦੀਆਂ ਸਮੁੱਚੀਆਂ ਸਿੱਖ ਸੰਗਤਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਇਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋਈਏ ਤਾਂ ਹੀ ਸਾਰੇ ਮਸਲਿਆਂ ਦਾ ਹੱਲ ਨਿਕਲ ਸਕੇਗਾ।