
ਫ਼ਿਲਮ ਪੰਜ ਜੂਨ ਨੂੰ ਰਿਲੀਜ਼ ਹੋਵੇਗੀ
ਖਾਲੜਾ : ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਤੋਂ ਬਾਅਦ ਹੁਣ ਐਨੀਮੇਸ਼ਨ 'ਦਾਸਤਾਨ ਏ ਮੀਰੀ ਪੀਰੀ' ਬਹੁਤ ਛੇਤੀ ਆ ਰਹੀ ਹੈ। ਇਹ ਫ਼ਿਲਮ ਪੰਜ ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਫ਼ਿਲਮ ਗੁਰੂ ਸਾਹਿਬਾਨ ਦੀਆਂ ਸ਼ਖ਼ਸੀਅਤਾਂ ਦਾ ਫ਼ਿਲਮਾਂਕਣ ਕਰੇਗੀ। ਇਸ ਵਿਚ ਗੁਰੂ ਅਰਜੁਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਐਨੀਮੇਸ਼ਨ ਰਾਹੀਂ ਦਿਖਾ ਕੇ 'ਨਾਨਕ ਸ਼ਾਹ ਫ਼ਕੀਰ' ਵਾਲਾ ਅਧੂਰਾ ਅਧਿਆਇ ਪੂਰਾ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਘੇ ਵਿਦਵਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਕੀਤਾ।
Pic-1
ਉਨ੍ਹਾਂ ਕਿਹਾ ਕਿ ਸਾਡੇ ਜ਼ਿੰਮੇਵਾਰ ਧਾਰਮਕ ਆਗੂ ਅਜੇ ਵੋਟਾਂ ਕਰ ਕੇ ਰੁਝੇਵੇਂ ਵਿਚ ਹਨ ਕਿਉਂਕਿ ਉਨ੍ਹਾਂ ਦੇ ਫ਼ਰਜ਼ ਤਾਂ ਖ਼ਾਸ ਪ੍ਰਵਾਰ ਅਤੇ ਮੁੱਠੀ ਭਰ ਆਕਾਵਾਂ ਦੀ ਕੈਦ ਵਿਚ ਹਨ। ਹੁਣ ਵੇਖੋ ਕਦੋਂ ਉਨ੍ਹਾਂ ਦੀ ਜਾਗ ਖੁਲ੍ਹਦੀ ਹੈ। ਭਾਈ ਸਭਰਾ ਨੇ ਕਿਹਾ ਕਿ 'ਜਥੇਦਾਰਾਂ' ਦੀ ਪੂਰੀ ਪਲਟਣ ਭਰਤੀ ਕਰਨ ਤੋਂ ਬਾਅਦ ਕਿਸੇ ਸਾਧਾਰਨ ਸਿੱਖ ਨੂੰ ਹੀ ਦਸਣਾ ਪੈਂਦਾ ਹੈ ਕਿ ਠੇਕੇਦਾਰੋ ਨੋਟਿਸ ਲਵੋ ਨਹੀਂ ਤਾਂ ਕੁੰਭਕਰਨ ਦੀ ਨੀਂਦ ਦੇ ਰੀਕਾਰਡ ਤੋੜਨ ਵਾਲੇ ਕੌਮ ਦੇ ਬਣੇ ਰਹਿਨੁਮਾ ਦੀਵਾਲੀ ਦੀਆਂ ਵਧਾਈਆਂ ਦੇਣ ਜੋਗੇ ਹੀ ਰਹਿ ਜਾਣਗੇ।
Animation Film 'Dastaan-E-Miri Piri'
ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਗੱਲ ਇਹ ਹੈ ਕਿ ਜੇ ਗੁਰਬਾਣੀ ਅਤੇ ਇਤਿਹਾਸ ਵਿਚੋਂ ਸਿੱਖੀ ਨਾਲ ਨਹੀਂ ਜੁੜਿਆ ਗਿਆ ਜਾਂ ਹੋਰ ਪ੍ਰਚਾਰ ਸਾਧਨਾਂ ਤੋਂ ਗੁਰੂ ਸਾਹਿਬ ਬਾਰੇ ਜਾਣਕਾਰੀ ਨਹੀਂ ਮਿਲੀ ਤਾਂ ਤੁਹਾਨੂੰ ਫ਼ਿਲਮਾਂਕਣ ਕਿਰਿਆ ਤੋਂ ਪਹਿਲਾਂ ਕਿਵੇਂ ਸਿੱਖੀ ਦਾ ਪਤਾ ਲਗਦਾ ਰਿਹਾ? ਗੁਰੂ ਸਾਹਿਬਾਨ ਨੂੰ ਤਸਵੀਰਾਂ, ਮੂਰਤੀਆਂ ਅਤੇ ਕਾਰਟੂਨਾਂ ਦੇ ਦਾਇਰੇ ਵਿਚ ਲਿਆ ਕੇ ਕਿਹੜਾ ਪ੍ਰਚਾਰ ਭਾਲਦੇ ਹੋ? ਇਸਲਾਮ ਵਿਚ ਅਜੇ ਤਕ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਕੋਈ ਨਹੀਂ ਚਿੱਤਰ ਸਕਿਆ।
Animation Film 'Dastaan-E-Miri Piri'
ਇਸ ਸਬੰਧੀ ਗੱਲ ਕਰਦਿਆਂ ਪ੍ਰਚਾਰਕ ਭਾਈ ਕਰਨਬੀਰ ਸਿੰਘ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ, ਨਿਰਮਲ ਸਿੰਘ ਸੁਰਸਿੰਘ ਨੇ ਕਿਹਾ ਕਿ ਪਹਿਲਾਂ ਹੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਿੱਖ ਪਾਰਲੀਮੈਂਟ ਕਹੀ ਜਾਂਦੀ ਸੰਸਥਾ ਦੇ ਨੱਕ ਹੇਠਾਂ ਗੁਰੁ ਸਾਹਿਬਾਨ ਦੀਆਂ ਚਾਈਨਾਂ ਤੋਂ ਬਣੀਆਂ ਮੂਰਤੀਆਂ ਧੜਾਧੜ ਵਿਕ ਰਹੀਆਂ ਹਨ ਅਤੇ ਇਸ ਫ਼ਿਲਮ ਦੇ ਆਉਣ ਤੋਂ ਬਾਅਦ ਪਤਾ ਨਹੀਂ ਕਿਹੜਾ ਚੰਦ ਚੜ੍ਹੇਗਾ?