
ਬਰਗਾੜੀ ਕਾਂਡ ਦੇ ਮਾਮਲੇ 'ਚ ਸ਼ੱਕ ਦੀਆਂ ਸੂਈਆਂ ਡੇਰਾ ਪ੍ਰੇਮੀਆਂ ਵਲ ਉਠਣ ਤੋਂ ਬਾਅਦ ਪੰਥਕ ਧਿਰਾਂ ਨੇ ਇਸ ਮਸਲੇ 'ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ....
ਬਠਿੰਡਾ, ਬਰਗਾੜੀ ਕਾਂਡ ਦੇ ਮਾਮਲੇ 'ਚ ਸ਼ੱਕ ਦੀਆਂ ਸੂਈਆਂ ਡੇਰਾ ਪ੍ਰੇਮੀਆਂ ਵਲ ਉਠਣ ਤੋਂ ਬਾਅਦ ਪੰਥਕ ਧਿਰਾਂ ਨੇ ਇਸ ਮਸਲੇ 'ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਭੂਮਿਕਾ ਉਪਰ ਸਵਾਲ ਉਠਾਏ ਹਨ। ਅੱਜ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਪੰਥਕ ਆਗੂਆਂ ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਸਹੋਲੀ, ਸੁਰਜੀਤ ਸਿੰਘ ਅਰਾਈਆਵਾਲਾ ਤੇ ਚਮਕੌਰ ਸਿੰਘ ਭਾਈਰੂਪਾ ਨੇ ਦਾਅਵਾ ਕੀਤਾ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡੇਰਾ ਪ੍ਰੇਮੀਆਂ ਨੂੰ ਬਚਾਉਣ ਲਈ ਪੰਥਕ ਧਿਰਾਂ 'ਤੇ ਤਸ਼ਦੱਦ ਕੀਤਾ ਸੀ।
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮੁਤਾਬਕ ਭਾਈ ਗੁਰਦੀਪ ਸਿੰਘ ਸਹਿਤ ਹੋਰਨਾਂ ਪੰਥਕ ਆਗੂਆਂ ਵਿਰੁਧ ਇਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ। ਆਗੂਆਂ ਨੇ ਦਾਅਵਾ ਕੀਤਾ ਕਿ ਇਸ ਕਾਂਡ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਐਕਸ਼ਨ ਕਮੇਟੀ ਵਲੋਂ ਵੀ ਅਪਣੀ ਰੀਪੋਰਟ ਵਿਚ ਡੇਰਾ ਪ੍ਰੇਮੀਆਂ 'ਤੇ ਉਂਗਲ ਉਠਾਈ ਸੀ ਪਰ ਸਿਆਸੀ ਲਾਹਾ ਲੈਣ ਲਈ ਅਕਾਲੀ ਸਰਕਾਰ ਨੇ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇਈ ਰੱਖੀ, ਇਥੋਂ ਤਕ ਕਿ ਅਕਾਲ ਤਖ਼ਤ ਤੋਂ ਵੀ ਸੌਦਾ ਸਾਧ ਨੂੰ ਮਾਫ਼ੀ ਦਿਵਾ ਦਿਤੀ।
ਪੰਥਕ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦਿਆਂ ਕਿਹਾ ਕਿ ਬਰਗਾੜੀ ਗੋਲੀ ਕਾਂਡ 'ਚ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਬਰਾਬਰ ਦੇ ਜ਼ਿੰਮੇਵਾਰ ਹਨ ਜਿਸ ਦੇ ਚਲਦੇ ਇਨ੍ਹਾਂ ਵਿਰੁਧ ਵੀ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਨੂੰ 'ਪਾਜ਼ੇਟਿਵ' ਮੰਨਦਿਆਂ ਇਨ੍ਹਾਂ ਆਗੂਆਂ ਇਸ਼ਾਰਿਆਂ ਵਿਚ ਇਹ ਵੀ ਪ੍ਰਗਟਾਵਾ ਕੀਤਾ ਕਿ ਕੈਪਟਨ ਇਕ-ਦੋ ਦਿਨਾਂ 'ਚ ਖ਼ੁਦ ਬਰਗਾੜੀ ਕਾਂਡ ਨੂੰ ਜਨਤਕ ਕਰਨਗੇ।
ਪੰਥਕ ਆਗੂਆਂ ਨੇ ਪਿਛਲੀ ਸਰਕਾਰ ਦੁਆਰਾ ਬਣਾਏ ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਸੀਬੀਆਈ ਵਲੋਂ ਬੇਅਦਬੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਬਿਆਨ ਵੀ ਦਰਜ ਨਾ ਕਰਨ ਦੇ ਦੋਸ਼ ਲਗਾਏ। ਜਦਕਿ ਜਸਟਿਸ ਰਣਜੀਤ ਸਿੰਘ ਵਲੋਂ ਆਗਾਮੀ 13 ਜੂਨ ਨੂੰ ਇਸ ਕਮੇਟੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੰਥਕ ਆਗੂਆਂ ਨੇ ਐਲਾਨ ਕੀਤਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਟਿਹਰੇ ਵਿਚ ਖੜਾ ਕਰਨ, ਬਰਗਾੜੀ 'ਚ ਗੋਲੀ ਚਲਾਉਣ ਵਾਲੇ ਜ਼ਿੰਮੇਵਾਰਾਂ ਵਿਰੁਧ ਪਰਚੇ ਦਰਜ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਤਕ ਭਾਈ ਧਿਆਨ ਵਿਚ ਮੰਡ ਦੀ ਅਗਵਾਈ 'ਚ ਸ਼ੁਰੂ ਹੋਇਆ ਮੋਰਚਾ ਜਾਰੀ ਰਹੇਗਾ।