
ਲੰਘੀ ਇਕ ਜੂਨ ਤੋਂ ਬਰਗਾੜੀ ਵਿਖੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ੁਰੂ ਹੋਏ ਇਨਸਾਫ਼ ਮੋਰਚੇ ਦੇ ਪੰਥਕ ਆਗੂ.........
ਬਠਿੰਡਾ : ਲੰਘੀ ਇਕ ਜੂਨ ਤੋਂ ਬਰਗਾੜੀ ਵਿਖੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸ਼ੁਰੂ ਹੋਏ ਇਨਸਾਫ਼ ਮੋਰਚੇ ਦੇ ਪੰਥਕ ਆਗੂ ਹੁਣ ਬੰਦੀ ਸਿੱਖਾਂ ਦੀ ਰਿਹਾਈ ਦੀ ਆਖ਼ਰੀ ਮੰਗ ਪੂਰੀ ਹੋਣ ਤੋਂ ਬਾਅਦ ਮੋਰਚੇ ਦੀ ਸਮਾਪਤੀ ਲਈ ਸਹਿਮਤ ਹੁੰਦੇ ਨਜ਼ਰ ਆ ਰਹੇ ਹਨ। ਅੱਜ ਬਠਿੰਡਾ 'ਚ ਪੰਥਕ ਆਗੂਆਂ ਦੀ ਹੋਈ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਕੈਪਟਨ ਸਰਕਾਰ ਪੰਜਾਬ ਅਤੇ ਦੂਜੇ ਸੂਬਿਆਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਮੋਰਚੇ ਦੇ ਕਨਵੀਨਰ ਧਿਆਨ ਸਿੰਘ ਮੰਡ ਨੂੰ ਮੋਰਚੇ ਦੀ ਸਮਾਪਤੀ ਲਈ ਅਪੀਲ ਕੀਤੀ ਜਾ ਸਕਦੀ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਗੁਰਦੀਪ ਸਿੰਘ ਬਠਿੰਡਾ ਆਦਿ ਨੇ ਹੁਣ ਤਕ ਬਰਗਾੜੀ ਮੋਰਚੇ ਦੀ ਸਫ਼ਲਤਾ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਮੋਰਚੇ ਕਾਰਨ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਸਾਹਮਣੇ ਆਈ ਹੈ ਤੇ ਹੁਣ ਇਸ ਮੁੱਦੇ 'ਤੇ ਵਿਧਾਨ ਸਭਾ ਵਿਚ ਵੀ ਬਹਿਸ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਦੇ ਬਹੁਤ ਸਾਰੇ ਦੋਸ਼ੀ ਫੜੇ ਜਾ ਚੁੱਕੇ ਹਨ ਪ੍ਰੰਤੂ ਹਾਲੇ ਤਕ ਸਰਕਾਰ ਇਸ ਬਾਰੇ ਐਲਾਨ ਨਹੀਂ ਕਰ ਸਕੀ
ਜਿਸ ਦੇ ਚਲਦੇ ਉਸ ਨੂੰ ਇਸ ਬਾਰੇ ਐਲਾਨ ਕਰ ਦੇਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਮਾਮਲੇ 'ਚ ਬਾਦਲਾਂ ਦੀ ਭੂਮਿਕਾ ਸਾਹਮਣੇ ਆਉਣ 'ਤੇ ਵੀ ਕਾਰਵਾਈ ਦੀ ਮੰਗ ਕੀਤੀ। ਇਸੇ ਤਰ੍ਹਾਂ ਦੂਜੀ ਮੰਗ, ਜਿਸ ਵਿਚ ਬਹਿਬਲ ਕਲਾਂ ਤੇ ਹੋਰਨਾਂ ਥਾਵਾਂ 'ਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਦੋਸ਼ੀਆਂ ਵਿਰੁਧ ਕਾਰਵਾਈ ਦੇ ਮਾਮਲੇ 'ਚ ਵੀ ਪੁਲਿਸ ਅਧਿਕਾਰੀਆਂ ਉਪਰ ਪਰਚਾ ਦਰਜ ਹੋ ਚੁਕਾ ਹੈ। ਪੰਥਕ ਆਗੂਆਂ ਨੇ ਕਿਹਾ ਕਿ ਹੁਣ ਮੋਰਚੇ ਦੀ ਤੀਜੀ ਪ੍ਰਮੁੱਖ ਮੰਗ ਸਿੱਖ ਕੈਦੀਆਂ ਨੂੰ ਰਿਹਾਈ ਕਰਨ ਦੀ ਬਾਕੀ ਹੈ, ਜਿਸ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਸ: ਮਾਨ ਨ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 161 ਮੁਤਾਬਕ ਸੂਬੇ ਦਾ ਗਵਰਨਰ ਸਬੰਧਤ ਰਾਜ ਵਿਚੋਂ ਅਤੇ ਦੂਜੇ ਰਾਜਾਂ ਨਾਲ ਸਬੰਧਤ ਕੇਸਾਂ ਵਿਚ ਰਾਸ਼ਟਰਪਤੀ ਬੰਦੀਆਂ ਨੂੰ ਰਿਹਾਈ ਦੇ ਸਕਦਾ ਹੈ ਜਿਸ ਦੇ ਚਲਦੇ ਕੈਪਟਨ ਸਰਕਾਰ ਇਸ ਪਾਸੇ ਸ਼ੁਰੂਆਤ ਕਰੇ। ਮੋਰਚੇ ਨੂੰ ਸਮਾਪਤ ਕਰਨ ਸਬੰਧੀ ਕੋਈ ਤੈਅਸ਼ੁਦਾ ਸਮੇਂ ਬਾਰੇ ਪੁਛੇ ਜਾਣ 'ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਮੋਰਚਾ ਭਾਈ ਧਿਆਨ ਸਿੰਘ ਮੰਡ ਦੀ ਰਹਿਨੁਮਾਈ ਹੇਠ ਲੱਗਾ ਹੈ
ਜਿਸ ਦੇ ਚਲਦੇ ਪੰਥਕ ਧਿਰਾਂ ਸਿਰਫ਼ ਉਨ੍ਹਾਂ ਨੂੰ ਸੁਝਾਅ ਹੀ ਦੇ ਸਕਦੀਆਂ ਹਨ। ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਉਹ ਅੱਜ ਪੰਥਕ ਆਗੂਆਂ ਦੀ ਹੋਈ ਮੀਟਿੰਗ ਵਿਚ ਸਾਹਮਣੇ ਆਏ ਸੁਝਾਆਂ ਨੂੰ ਭਾਈ ਧਿਆਨ ਮੰਡ ਦੇ ਅੱਗੇ ਰੱਖਣਗੇ। ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਗੁਰਸੇਵਕ ਸਿੰਘ ਜਵਾਹਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਪਾਲ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।