
ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਚੇਤ ਕਰਦਿਆਂ ਆਖਿਆ............
ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਚੇਤ ਕਰਦਿਆਂ ਆਖਿਆ ਕਿ ਕੌਮ ਨੇ ਉਨ੍ਹਾਂ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਦਿਤਾ ਹੋਇਆ ਹੈ ਪਰ ਬਾਦਲ ਲਾਣਾ ਭਾਈ ਰਾਜੋਆਣਾ ਨੂੰ ਖ਼ੁਦਕੁਸ਼ੀ ਦੇ ਰਾਹ ਤੋਰਨ ਲਈ ਯਤਨਸ਼ੀਲ ਹੈ। ਇਸ ਵਾਸਤੇ ਉਹ ਅਕਾਲ ਤਖ਼ਤ ਦੀ ਜਥੇਦਾਰੀ ਪ੍ਰਵਾਨ ਨਾ ਕਰਨ ਕਿਉਂਕਿ ਬਾਦਲਾਂ ਦੀ ਇਸ ਪਿੱਛੇ ਕੋਈ ਡੂੰਘੀ ਸਾਜ਼ਸ਼ ਨਜ਼ਰ ਆ ਰਹੀ ਹੈ। ਇਨਸਾਫ਼ ਮੋਰਚੇ ਦੇ 84ਵੇਂ ਦਿਨ ਉਕਤ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਲਗਾਤਾਰ ਦਿਨ ਰਾਤ ਚਲ ਰਹੇ
ਇਸ ਮੋਰਚੇ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਤਿਹਾੜ ਜੇਲ 'ਚੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ ਤੇ ਰੋਜ਼ਾਨਾ ਸਿੱਖ ਸੰਗਤਾਂ ਦੇ ਕਾਫ਼ਲੇ ਹਾਜ਼ਰੀਆਂ ਭਰ ਰਹੇ ਹਨ। ਉਨ੍ਹਾਂ ਬਾਦਲ ਪਰਵਾਰ ਨੂੰ ਬੇਅਦਬੀ ਕਾਂਡ ਅਤੇ ਬੇਕਸੂਰ ਸਿੱਖ ਸੰਗਤਾਂ ਉਪਰ ਢਾਹੇ ਪੁਲਿਸੀਆ ਅਤਿਆਚਾਰ ਦਾ ਦੋਸ਼ੀ ਗਰਦਾਨਦਿਆਂ ਆਖਿਆ ਕਿ ਬਾਦਲਾਂ ਦੇ ਪਾਪ ਕੰਬ ਰਹੇ ਹਨ ਕਿਉਂਕਿ ਬਰਗਾੜੀ, ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਘਟਨਾਵਾਂ 'ਚ ਬਾਦਲਾਂ ਦਾ ਹੱਥ ਹੈ,
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ 'ਚ ਪੇਸ਼ ਹੋਣ ਵਾਲੀ ਜਾਂਚ ਰੀਪੋਰਟ ਤੋਂ ਘਬਰਾ ਕੇ ਉਹ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਦਾ 'ਜਥੇਦਾਰ' ਬਣਾਉਣ ਦਾ ਪੰਥਕ ਪੱਤਾ ਖੇਡਣ ਦੀ ਤਿਆਰੀ 'ਚ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੂਟਾ ਸਿੰਘ ਰਣਸੀਂਹ, ਗੁਰਦੀਪ ਸਿੰਘ ਬਠਿੰਡਾ, ਆਪ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਆਦਿ ਨੇ ਵੀ ਸੰਬੋਧਨ ਕੀਤਾ।