
ਬੇਅਦਬੀ ਕਾਂਡ ਨਾਲ ਸਬੰਧਤ ਬਾਹਰ ਆ ਰਹੀਆਂ ਖ਼ਬਰਾਂ ਮੁਤਾਬਕ ਪੁਲਿਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਭਣ ਦੀ ਸਿਰਦਰਦੀ ਵੱਧ ਗਈ ਹੈ ਕਿਉਂਕਿ...
ਕੋਟਕਪੂਰਾ, ਬੇਅਦਬੀ ਕਾਂਡ ਨਾਲ ਸਬੰਧਤ ਬਾਹਰ ਆ ਰਹੀਆਂ ਖ਼ਬਰਾਂ ਮੁਤਾਬਕ ਪੁਲਿਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੱਭਣ ਦੀ ਸਿਰਦਰਦੀ ਵੱਧ ਗਈ ਹੈ ਕਿਉਂਕਿ ਨੇੜਲੇ ਪਿੰਡ ਡੱਗੋਰੋਮਾਣਾ ਵਿਖੇ ਇਕ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰੋਂ ਧਰਤੀ 'ਚ ਦੱਬੇ ਗੁਰੂ ਸਾਹਿਬ ਦੇ ਕੁੱਝ ਕੁ ਪੰਨੇ ਬਰਾਮਦ ਹੋਣ ਨਾਲ ਮਾਮਲਾ ਹੋਰ ਉਲਝ ਗਿਆ ਹੈ। ਥਾਣਾ ਬਾਜਾਖਾਨਾ ਵਿਖੇ 2 ਜੂਨ 2015, 25 ਸਤੰਬਰ 2015 ਅਤੇ 12 ਅਕਤੂਬਰ 2015 ਨੂੰ ਅਣਪਛਾਤੇ ਵਿਅਕਤੀਆਂ ਵਿਰੁਧ ਜੋ ਤਿੰਨ ਮਾਮਲੇ ਦਰਜ ਹੋਏ ਸਨ, ਉਨ੍ਹਾਂ ਤਿੰਨ ਮਾਮਲਿਆਂ 'ਚ ਡੇਰਾ ਪ੍ਰੇਮੀਆਂ ਨੂੰ ਸ਼ਾਮਲ ਕਰਨ ਦੀ ਪੁਲਿਸ ਨੇ ਪ੍ਰਕਿਰਿਆ ਆਰੰਭ ਦਿਤੀ ਹੈ।
ਬਾਜਾਖਾਨਾ ਥਾਣੇ ਦੇ ਮੁਖੀ ਸੁਨੀਲ ਸ਼ਰਮਾ ਨੇ ਇਹ ਕਹਿ ਕੇ ਪੱਲਾ ਝਾੜ ਦਿਤਾ ਕਿ ਉਹ ਤਾਂ ਬਰਗਾੜੀ ਵਿਖੇ ਲੱਗੇ ਧਰਨੇ ਦੀ ਡਿਊਟੀ 'ਤੇ ਤੈਨਾਤ ਹਨ। ਸੂਤਰ ਦਸਦੇ ਹਨ ਕਿ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਵਾਲੀਆਂ ਟੀਮਾ ਵਖੋ ਵਖਰੀਆਂ ਸਨ। ਬੇਅਦਬੀ ਕਰਨ ਮੌਕੇ ਪਾਵਨ ਸਰੂਪ ਨੂੰ ਬਰਗਾੜੀ ਵਿਖੇ ਨਹੀਂ ਲਿਜਾਇਆ ਗਿਆ, ਬਲਕਿ ਕਿਸੇ ਡੇਰਾ ਪ੍ਰੇਮੀ ਦੇ ਘਰ ਪਏ ਸਰੂਪ ਦੇ ਪੰਨੇ ਪਾੜ ਕੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਗਏ।
ਪੁਲਿਸ ਹੱਥ ਸੁਰਾਗ ਲੱਗਾ ਹੈ ਕਿ ਡੇਰਾ ਪ੍ਰੇਮੀਆਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਪਾਵਨ ਸਰੂਪ ਦੇ ਪੰਨਿਆਂ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡ ਕੇ ਵੱਖ-ਵੱਖ ਘਰਾਂ 'ਚ ਰੱਖ ਦਿਤਾ। ਜਦ ਮਾਮਲਾ ਭੱਖ ਗਿਆ ਤੇ ਪੰਥਕ ਜਥੇਬੰਦੀਆਂ ਰੋਹ 'ਚ ਆ ਗਈਆਂ ਤਾਂ ਕੁੱਝ ਪ੍ਰੇਮੀਆਂ ਨੇ ਅਪਣੇ ਘਰਾਂ 'ਚ ਪਏ ਪੰਨਿਆਂ ਨੂੰ ਅਗਨ ਭੇਂਟ ਕਰ ਦਿਤਾ ਤੇ ਸ਼ਕਤੀ ਸਿੰਘ ਨੇ ਅਪਣੇ ਘਰ ਅੰਦਰ ਧਰਤੀ 'ਚ ਦੱਬ ਕੇ ਸਬੂਤ ਮਿਟਾਉਣ ਦਾ ਭੁਲੇਖਾ ਮਨ 'ਚ ਪਾਲ ਲਿਆ।
ਪੁਲਿਸ ਨੇ ਉਕਤ ਪੰਨੇ ਸ਼ਕਤੀ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ ਤੇ ਉਸ ਸਮੇਂ ਪੁਲਿਸ ਨੇ ਅਪਣੇ ਨਾਲ ਕੁੱਝ ਡੇਰਾ ਪ੍ਰ੍ਰੇਮੀਆਂ ਨੂੰ ਵੀ ਲਿਆਂਦਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਜ਼ਮੀਨ ਪੁੱਟਣ ਉਪਰੰਤ ਪਾਵਨ ਸਰੂਪ ਦੇ ਕੁੱਝ ਪੰਨੇ ਬਰਾਮਦ ਹੋਏ। ਇਸ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ ਟਿਪਣੀ ਕਰਨ ਨੂੰ ਤਿਆਰ ਨਹੀਂ ਪਰ ਪਿੰਡ ਵਾਸੀ ਸ਼ਰੇਆਮ ਉਕਤ ਮਾਮਲੇ ਦੀ ਪੁਸ਼ਟੀ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਕਤੀ ਸਿੰਘ ਦੇ ਮਾਤਾ-ਪਿਤਾ ਨੇ ਅਪਣੇ ਪੁੱਤਰ ਨੂੰ ਨਿਰਦੋਸ਼ ਦਸਦਿਆਂ ਕਿਹਾ ਕਿ ਜੇ ਬੇਅਦਬੀ ਕਾਂਡ ਦਾ ਅਸਲ ਦੋਸ਼ੀ ਪੁਲਿਸ ਹੱਥ ਲਗਦਾ ਹੈ ਤਾਂ ਭਾਵੇਂ ਪੁਲਿਸ ਉਸ ਨੂੰ ਮੌਤ ਦੀ ਸਜ਼ਾ ਦੇ ਦੇਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।