
ਜੋਧਪੁਰ ਜੇਲ ਵਿਚ ਲੰਮਾਂ ਸਮਾਂ ਜੇਲਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੇ ਅਪਣੇ ਪਰਵਾਰਾਂ ਤੋਂ ਦੂਰ ਰਹਿ ਕੇ ਪੰਜਾਬ ਨੂੰ ਬਚਾਉਣ ਲਈ ਕੁਰਬਾਨੀਆਂ ਦਿਤੀਆਂ...........
ਤਰਨ ਤਾਰਨ: ਜੋਧਪੁਰ ਜੇਲ ਵਿਚ ਲੰਮਾਂ ਸਮਾਂ ਜੇਲਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੇ ਅਪਣੇ ਪਰਵਾਰਾਂ ਤੋਂ ਦੂਰ ਰਹਿ ਕੇ ਪੰਜਾਬ ਨੂੰ ਬਚਾਉਣ ਲਈ ਕੁਰਬਾਨੀਆਂ ਦਿਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਨ ਤਾਰਨ ਹਲਕੇ ਦੇ ਐਮ.ਐਲ.ਏ. ਡਾ. ਧਰਮਵੀਰ ਅਗਨੀਹੋਤਰੀ ਨੇ ਉਨ੍ਹਾਂ ਨੂੰ ਅੱਜ ਕੇਂਦਰ ਸਰਕਾਰ ਵਲੋਂ ਭੇਜੀ ਗਈ ਰਾਸ਼ੀ ਵੰਡਣ ਸਮੇਂ ਕੀਤਾ। ਡਾ. ਅਗਨੀਹੋਤਰੀ ਨੇ ਦਸਿਆ ਕਿ ਜੋਧਪੁਰ ਵਿਚ ਜੇਲਾਂ ਕੱਟਣ ਵਾਲੇ ਪੰਜਾਬ ਦੇ ਵਾਸੀਆਂ ਨੇ ਅਦਾਲਤ ਵਿਚ ਕੇਸ ਕੀਤਾ ਸੀ ਜਿਸ 'ਤੇ ਫ਼ੈਸਲਾ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਇਨ੍ਹਾਂ ਸ਼ੰਘਰਸ਼ੀਆਂ ਨੂੰ ਵਿਤੀ ਸਹਾਇਤਾ ਦਿਤੀ ਜਾਵੇ।
ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੇ ਇਸ ਫ਼ੈਸਲੇ ਦੇ ਵਿਰੁਧ ਹਾਈ ਕੋਰਟ ਵਿਚ ਅਪੀਲ ਦਾਖ਼ਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਨ੍ਹਾਂ ਸ਼ੰਘਰਸ਼ੀ ਯੋਧਿਆਂ ਦੀ ਆਰਥਕ ਸਹਾਇਤਾਂ ਦੇਣ ਲਈ ਵੀ ਕਿਹਾ ਸੀ ਅਤੇ ਕੇਂਦਰ ਸਰਕਾਰ ਨੂੰ ਵੀ ਅਪਣੇ ਵਲੋਂ ਕੇਸ ਵਾਪਸ ਲੈਣ ਦੀ ਅਪੀਲ ਕਰਨ ਲਈ ਕਿਹਾ ਸੀ। ਵਧੀਕ ਡਿਪਟੀ ਕਮਿਸ਼ਨਰ ਸ਼ੰਦੀਪ ਰਿਸ਼ੀ ਨੇ ਦਸਿਆ ਕਿ ਜੋਧਪੁਰ ਦੇ ਸ਼ੰਘਰਸ਼ੀਆਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਵਿਤੀ ਸਹਾਇਤਾ ਦਿਤੀ ਜਾ ਰਹੀਂ ਹੈ।
ਉਨ੍ਹਾਂ ਦਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚ 37 ਲੱਖ 86 ਹਜ਼ਾਰ 880 ਰੁਪਏ ਦੀ ਰਾਸ਼ੀ ਮਨਜ਼ੂਰ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਰਵੇਲ ਸਿੰਘ ਪਿੰਡ ਪੱਖੋਕੇ ਨੂੰ 5 ਲੱਖ 38 ਹਜ਼ਾਰ, ਘਸੀਟਾ ਸਿੰਘ ਪਿੰਡ ਸ਼ਹੀਦ ਨੂੰ 5 ਲੱਖ 43 ਹਜ਼ਾਰ 430 ਰੁਪਏ , ਬੀਬੀ ਸਰਬਜੀਤ ਕੌਰ ਪਤਨੀ ਰਣਧੀਰ ਸਿੰਘ ਪਿੰਡ ਮਾਲ ਚੱਕ ਨੂੰ 5 ਲੱਖ 34 ਹਜ਼ਾਰ 338 ਰੁਪਏ, ਜਸਬੀਰ ਸਿੰਘ ਵਾਸੀ ਤਰਨ ਤਾਰਨ ਨੂੰ 5 ਲੱਖ 42 ਹਜ਼ਾਰ 244 ਰੁਪਏ, ਜਸਵਿੰਦਰ ਸਿੰਘ ਵਾਸੀ ਤਰਨ ਤਾਰਨ ਨੂੰ 5 ਲੱਖ 34 ਹਜ਼ਾਰ 199 ਰੁਪਏ, ਸਵਰਨ ਸਿੰਘ ਪਿੰਡ ਤੁੜ ਨੂੰ 5 ਲੱਖ 43 ਹਜ਼ਾਰ 224 ਰੁਪਏ ਅਤੇ ਵੱਸਣ ਸਿੰਘ ਪਿੰਡ ਰਾਹਲ ਚਾਹਲ ਨੂੰ 5 ਲੱਖ 51 ਹਜ਼ਾਰ 23 ਰੁਪਏ ਦੇ ਚੈੱਕ ਵੰਡੇ ਗਏ।