
ਲੁਧਿਆਣਾ ਦੇ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਸਬੰਧੀ ਵੇਰਵੇ ਵਿਚ ਸ਼ਾਮਲ ਹੋਣ ਵਾਲਾ ਪਹਿਲਾਂ ਸਿੱਖ ਬਣਿਆ ਹੈ.............
ਵਾਸ਼ਿੰਗਟਨ : ਲੁਧਿਆਣਾ ਦੇ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਸਬੰਧੀ ਵੇਰਵੇ ਵਿਚ ਸ਼ਾਮਲ ਹੋਣ ਵਾਲਾ ਪਹਿਲਾਂ ਸਿੱਖ ਬਣਿਆ ਹੈ। ਅੰਸ਼ਦੀਪ ਨੂੰ ਅਮਰੀਕਾ ਵਿਚ ਅਪਣੀ ਸਖ਼ਤ ਸਿਖਲਾਈ ਖ਼ਤਮ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਇਸ ਸੁਰੱਖਿਆ ਸਬੰਧੀ ਵੇਰਵੇ ਲਈ ਨਿਯੁਕਤ ਕੀਤਾ ਗਿਆ ਸੀ। 1984 ਦੇ ਸਿੱਖ ਕਤਲੇਆਮ ਵਿਚ ਉਸ ਦਾ ਪਰਵਾਰ ਕਾਨਪੁਰ ਤੋਂ ਲੁਧਿਆਣਾ ਆ ਗਿਆ ਸੀ। ਬੜਾ ਦੀ ਕੇਡੀਏ ਕਾਲੋਨੀ, ਕਾਨਪੁਰ ਵਿਖੇ ਕੁੱਝ ਵਿਰੋਧੀ ਤੱਤਾਂ ਦੁਆਰਾ ਉਸ ਦੇ ਘਰ 'ਤੇ ਕੀਤੇ ਗਏ ਹਮਲੇ ਦੌਰਾਨ ਅਪਣੇ ਚਾਚੇ ਅਤੇ ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਨੂੰ ਗਵਾਇਆ ਸੀ।
ਇਨ੍ਹਾਂ ਦੀ ਭੂਆ ਦਾ ਵਿਆਹ ਨਵੰਬਰ ਦੇ ਦੂਜੇ ਹਫ਼ਤੇ ਰਖਿਆ ਗਿਆ ਸੀ ਅਤੇ ਸਾਰੇ ਪਰਵਾਰ ਵਿਆਹ ਦੇ ਪ੍ਰਬੰਧਾਂ ਵਿਚ ਰੁਝਿਆ ਸੀ ਤਾਂ ਇਸੇ ਦੌਰਾਨ ਘਰ 'ਤੇ ਹੋਏ ਹਮਲੇ ਵਿਚ ਅੰਸ਼ਦੀਪ ਦੇ ਪਿਤਾ ਦਵਿੰਦਰ ਸਿੰਘ ਤਿੰਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ। ਅੰਸ਼ਦੀਪ ਦੇ ਦਾਦਾ ਅਮਰੀਕ ਸਿੰਘ ਭਾਟੀਆ, ਜੋ ਪੰਜਾਬ ਐਂਡ ਸਿੰਧ ਬੈਂਕ ਵਿਚ ਮੈਨੇਜਰ ਸਨ, ਨੇ ਲੁਧਿਆਣਾ ਵਾਸਤੇ ਅਪਣੀ ਤਬਦੀਲੀ ਕਰਨ ਲਈ ਅਰਜ਼ੀ ਦਿਤੀ ਸੀ।
ਇਨ੍ਹਾਂ ਦੇ ਪਿਤਾ ਜੋ ਕਿ ਕਾਨਪੁਰ ਵਿਖੇ ਹੀ ਪੇਸ਼ੇ ਤੋਂ ਦਵਾਈਆਂ ਦਾ ਕਾਰੋਬਾਰ ਕਰਦੇ ਸਨ ਦਾ ਵਿਆਹ ਲੁਧਿਆਣਾ ਵਿਖੇ ਹੋਇਆ ਅਤੇ ਬਾਅਦ ਵਿਚ ਸਾਲ 2000 ਵਿਚ ਪਰਵਾਰ ਸਮੇਤ ਅਮਰੀਕਾ ਚਲੇ ਗਏ। ਅੰਸ਼ਦੀਪ ਦਾ ਸੁਪਨਾ ਸੀ ਕਿ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਕੰਮ ਕਰੇ ਪਰ ਇਕ ਦਿਨ ਉਸ ਨੂੰ ਉਸ ਦੀ ਦਿੱਖ ਕਰ ਕੇ ਬਾਹਰ ਕੱਢ ਦਿਤਾ ਅਤੇ ਅਪਣੀ ਸਿੱਖੀ ਵਾਲੀ ਦਿੱਖ ਨੂੰ ਬਦਲਣ ਲਈ ਕਿਹਾ। ਪਰ ਅੰਸ਼ਦੀਪ ਇਸ ਮੁੱਦੇ ਨੂੰ ਲੈ ਕੇ ਕੋਰਟ ਦੀ ਸ਼ਰਨ ਵਿਚ ਗਿਆ ਅਤੇ ਅੰਤ ਫ਼ੈਸਲਾ ਉਸ ਦੇ ਹੱਕ ਵਿਚ ਹੋਇਆ। (ਪੀ.ਟੀ.ਆਈ)