
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ
ਨਵੀਂ ਦਿੱਲੀ : ਦੁਨੀਆਂ ਨੂੰ ਇਕ ਸੂਤਰ ਵਿਚ ਪਿਰੋਣ ਦਾ ਸੰਦੇਸ਼ ਦੇਣ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ ਦੁਨੀਆਂ ਦੀਆਂ 19 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ। ਸਿੱਖ ਧਰਮ ਇੰਟਰਨੈਸ਼ਨਲ ਨੇ ਦੁਨੀਆਂ ਭਰ ਵਿਚ ਵਸਦੇ ਅਪਣੇ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦੇ ਅੰਗਰੇਜ਼ੀ ਅਤੇ ਦੁਨੀਆਂ ਦੀਆਂ ਹੋਰ 18 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ।
Japji Sahib translated into 19 languages
ਜਪੁਜੀ ਸਾਹਿਬ-ਦਿ ਲਾਈਟ ਆਫ਼ ਗੁਰੂ ਨਾਨਕ ਫ਼ਾਰ ਦਿ ਵਰਲਡ' ਸਿਰਲੇਖ ਦੀਆਂ ਇਨ੍ਹਾਂ ਕਿਤਾਬਾਂ ਦੇ ਰੰਗੀਨ ਕਵਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ ਜਿਸ ਦੇ ਚਾਰੋਂ ਪਾਸੇ 'ਓਂਕਾਰ' ਦਾ ਪਵਿੱਤਰ ਚਿੰਨ੍ਹ ਹੈ। ਚਾਂਦੀ ਦੇ ਕਵਰ 'ਤੇ ਸੁੰਦਰ ਬੇਲ ਬੂਟੇ ਉਕੇਰੇ ਗਏ ਹਨ ਅਤੇ ਇਸ ਨੂੰ ਮੋਤੀ ਅਤੇ ਕੀਮਤੀ ਨਗਾਂ ਨਾਲ ਸਜਾਇਆ ਗਿਆ ਹੈ। ਹਰ ਇਕ ਕਿਤਾਬ ਦੇ 400 ਪੰਨਿਆਂ ਨੂੰ ਬਹੁਤ ਕਲਾਤਮਕ ਅੰਦਾਜ਼ ਵਿਚ ਤਿਆਰ ਕੀਤਾ ਗਿਆ ਹੈ। ਸਿੱਖ ਧਰਮ ਇੰਟਰਨੈਸ਼ਨਲ ਨਾਲ ਸੰਬੰਧਤ ਸ਼ਾਂਤੀ ਕੌਰ ਖ਼ਾਲਸਾ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਇਸ ਕੋਸ਼ਿਸ਼ ਜ਼ਰੀਏ ਅਸੀ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਪੁਜੀ ਸਾਹਿਬ ਦੇ ਅਰਥ ਦੀ ਡੂੰਘਾਈ ਅਤੇ ਇਸ ਦੀਆਂ ਸਿਖਿਆਵਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਅਪਣੀ ਜ਼ਿੰਦਗੀ ਵਿਚ ਸਮਾ ਸਕਣ।
Japji Sahib translated into 19 languages
ਉਧਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਪੁਜੀ ਸਾਹਿਬ ਦੀ ਮਹੱਤਤਾ 'ਤੇ ਪ੍ਰਕਾਸ਼ ਪਾਉਂਦੇ ਹੋਏ ਦਸਿਆ ਕਿ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਬਾਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਜਪੁਜੀ ਸਾਹਿਬ ਨਾਲ ਹੀ ਹੁੰਦੀ ਹੈ। ਇਹ ਬਾਣੀ ਸਿੱਖ ਧਰਮ ਦੀ ਮਰਿਆਦਾ ਮੁਤਾਬਕ ਰੋਜ਼ਾਨਾ ਪੜ੍ਹੀ ਜਾਣ ਵਾਲੀਆਂ 5 ਬਾਣੀਆਂ ਵਿਚ ਵੀ ਪਹਿਲੀ ਬਾਣੀ ਹੈ।