
ਉਨ੍ਹਾਂ ਕਿਹਾ ਕਿ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਇਕ ਵਿਸ਼ੇਸ਼ ...
ਅੰਮ੍ਰਿਤਸਰ (ਅਨਜਾਣ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਵਿਚ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਹ ਹਾਲ ਹੀ ਵਿਚ ਅਮਰੀਕਾ ਦਾ ਦੌਰਾ ਕਰ ਕੇ ਵਾਪਸ ਪਰਤੇ ਹਨ। ਉਨ੍ਹਾਂ ਨੇ ਅਮਰੀਕਾ ਫੇਰੀ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ਼ਿਰਕਤ ਕੀਤੀ ਅਤੇ ਸਿੱਖ ਪ੍ਰਤੀਨਿਧਾਂ ਨਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਚਾਰ-ਵਟਾਂਦਰਾਂ ਵੀ ਕੀਤਾ।
Dr Roop Singh
ਉਨ੍ਹਾਂ ਕਿਹਾ ਕਿ ਸਿੱਖ ਧਰਮਾ ਇੰਟਰਨੈਸ਼ਨਲ ਅਮਰੀਕਾ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਇਕ ਵਿਸ਼ੇਸ਼ ਕਾਰਜ ਕੀਤਾ ਜਾ ਰਿਹਾ ਹੈ। ਇਹ ਸੰਸਥਾ ਜਥੇਦਾਰ ਭਾਈ ਹਰਭਜਨ ਸਿੰਘ ਜੋਗੀ ਵਲੋਂ ਚਲਾਈ ਗਈ ਸੀ ਜਿਸ ਦੀ ਅਗਵਾਈ ਉਨ੍ਹਾਂ ਦੀ ਧਰਮ ਪਤਨੀ ਡਾ. ਬੀਬੀ ਇੰਦਰਜੀਤ ਕੌਰ (ਭਾਈ ਸਾਹਿਬਾ) ਕਰ ਰਹੇ ਹਨ। ਡਾ. ਰੂਪ ਸਿੰਘ ਨੇ ਦਸਿਆ ਕਿ ਡਾ. ਬੀਬੀ ਇੰਦਰਜੀਤ ਕੌਰ ਅਤੇ ਬੀਬੀ ਗੁਰਅੰਮ੍ਰਿਤ ਕੌਰ (ਸਿਕਦਾਰ ਸਾਹਿਬਾ) ਦੀ ਦੇਖ-ਰੇਖ ਹੇਠ ਜਪੁਜੀ ਸਾਹਿਬ ਦੇ ਅਨੁਵਾਦ ਦਾ ਇਹ ਕਾਰਜ ਕੀਤਾ ਜਾ ਰਿਹਾ ਹੈ। ਇਹ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ 20 ਪ੍ਰਮੁੱਖ ਭਾਸ਼ਾਵਾਂ ਵਿਚ ਹੋਵੇਗਾ।
Manji Sahib Gurudwara
ਡਾ. ਰੂਪ ਸਿੰਘ ਅਨੁਸਾਰ ਸਿੱਖ ਧਰਮਾ ਇੰਟਰਨੈਸ਼ਨਲ ਦਾ ਯਤਨ ਹੈ ਕਿ ਇਸ ਨੂੰ ਨਵੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਕੇ 8 ਨਵੰਬਰ 2019 ਨੂੰ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਅੰਤਰ ਧਰਮ ਸੰਮੇਲਨ ਦੌਰਾਨ ਸੰਗਤ ਅਰਪਣ ਕੀਤਾ ਜਾਵੇ। ਜਾਰੀ ਕੀਤੀ ਜਾਣ ਵਾਲੀ ਕਾਪੀ ਵਿਚ ਸਾਰੀਆਂ ਭਾਸ਼ਾਵਾਂ ਦਾ ਅਨੁਵਾਦ ਇਕ ਸੰਕਲਨ ਵਿਚ ਹੋਵੇਗਾ। ਉਨ੍ਹਾਂ ਦਸਿਆ ਕਿ ਸਿੱਖ ਧਰਮਾ ਇੰਟਰਨੈਸ਼ਨਲ ਵਲੋਂ ਇਸ ਨੂੰ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰ ਕੇ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ।