
ਸਤਿਕਾਰ ਕਮੇਟੀ ਦੇ ਸਿੰਘਾਂ ਨੇ ਧਰਮਸ਼ਾਲਾ ਵਿਚ ਜਾ ਕੇ ਜਾਂਚ ਪੜਤਾਲ ਕੀਤੀ।
ਡੇਹਲੋਂ : ਗੁੱਜਰਵਾਲ ਵਿਖੇ ਗੁਰੂ ਰਵੀਦਾਸ ਅੰਦਰਲੀ ਧਰਮਸ਼ਾਲਾ ਵਿਚ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਸਹੀ ਸਾਂਭ ਸੰਭਾਲ ਵਿਚ ਮੌਜੂਦਾ ਪ੍ਰਬੰਧਕਾਂ ਵਲੋਂ ਕੁਤਾਹੀ ਵਰਤਣ ਦਾ ਗੰਭੀਰ ਨੋਟਿਸ ਲੈਂਦਿਆਂ ਭਾਈ ਜਗਦੀਪ ਸਿੰਘ ਕੋਟ ਭਾਈ ਗ੍ਰੰਥੀ ਪ੍ਰਚਾਰਕ ਸੰਭਾਲ ਲਹਿਰ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਸ਼ਾਹਪੁਰ ਅਤੇ ਹੋਰ ਸਾਥੀਆਂ ਨੇ ਪੰਜਾਬ ਪੁਲਿਸ ਜੋਧਾਂ ਦੀ ਹਾਜ਼ਰੀ ਵਿਚ ਧਰਮਸ਼ਾਲਾ ਵਿਚ ਪੁੱਜ ਕੇ ਜਾਂਚ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਜਗਦੀਪ ਸਿੰਘ ਨੇ ਦਸਿਆ ਕਿ ਮੁਹੱਲਾ ਨਿਵਾਸੀਆਂ ਵਲੋਂ ਇਕ ਲਿਖਤੀ ਸ਼ਿਕਾਇਤ ਇਥੋਂ ਦੇ ਪ੍ਰਬੰਧਕਾਂ ਵਿਰੁਧ ਦਿਤੀ ਸੀ ਜਿਸ 'ਤੇ ਅਮਲ ਕਰਦਿਆਂ ਅੱਜ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਇਸ ਧਰਮਸ਼ਾਲਾ ਵਿਚ ਜਾ ਕੇ ਜਾਂਚ ਪੜਤਾਲ ਕੀਤੀ। ਦਰਬਾਰ ਸਾਹਿਬ ਵਿਚ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਧੂੜ ਮਿੱਟੀ ਜੰਮੀ ਹੋਈ ਸੀ। ਪਰ ਜਦੋਂ ਇਥੋਂ ਦੇ ਪ੍ਰਬੰਧਕਾਂ ਨੂੰ ਬੁਲਾਇਆ ਗਿਆ ਤਾਂ ਪਿੰਡ ਦੀ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਨੇ ਦਸਿਆ ਕਿ ਇਸ ਗੁਰੂ ਘਰ ਦੀ ਸਾਂਭ ਸੰਭਾਲ ਮਨਦੀਪ ਸਿੰਘ ਕਰਦੇ ਨੇ। ਭਾਈ ਜਗਦੀਪ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੇ ਸਰੂਪਾਂ ਤੇ ਜੰਮੀ ਧੂੜ ਪ੍ਰਬੰਧਕਾਂ ਦੀ ਅਣਗਹਿਲੀ ਬਿਆਨ ਕਰਦੀ ਸੀ।
ਇਸ ਮੌਕੇ ਸਿੰਘਾਂ ਨੇ ਮੁਹੱਲਾ ਨਿਵਾਸੀਆਂ ਦੀ ਸਹਿਮਤੀ ਨਾਲ ਇਸ ਅਸਥਾਨ ਦੇ ਪ੍ਰਬੰਧਕਾਂ ਨੂੰ 15 ਦਿਨ ਦਾ ਨੋਟਿਸ ਦਿਤਾ ਕਿ ਉਹ ਇਸ ਥਾਂ 'ਤੇ ਗ੍ਰੰਥੀ ਸਿੰਘ ਦੀ ਡਿਊਟੀ ਲਗਾਉਣ। ਪੰਦਰਾਂ ਦਿਨ ਦੇ ਬਾਅਦ ਜੇ ਗੁਰੂ ਸਾਹਿਬ ਦਾ ਸਤਿਕਾਰ ਅਤੇ ਸੰਭਾਲ ਸਹੀ ਢੰਗ ਨਾਲ ਨਾ ਹੋਈ ਤਾਂ ਗੁਰੂ ਸਾਹਿਬ ਦੇ ਪਾਵਨ ਸਰੂਪ ਦੂਜੇ ਅਸਥਾਨ 'ਤੇ ਬਿਰਾਜਮਾਨ ਕੀਤੇ ਜਾਣਗੇ। ਇਸ ਮੌਕੇ ਜਗਪਾਲ ਸਿੰਘ ਗਾਂਧੀ, ਸ਼ਰਨਜੀਤ ਕੌਰ, ਦਰਸ਼ਨ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ ਦਰਦੀ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਸੁਮਨਦੀਪ ਸਿੰਘ, ਲਵਪ੍ਰੀਤ ਸਿੰਘ, ਜਤਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।