
ਪਿਛਲੇ ਦਿਨੀਂ ਦਸ਼ਮੇਸ ਤਰਨਾ ਦਲ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿਚ ਹੋਏ ਤਕਰਾਰ ਤੋਂ ਬਾਅਦ ਲੜਾਈ ਹੋਈ ਸੀ............
ਅੰਮ੍ਰਿਤਸਰ : ਪਿਛਲੇ ਦਿਨੀਂ ਦਸ਼ਮੇਸ ਤਰਨਾ ਦਲ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿਚ ਹੋਏ ਤਕਰਾਰ ਤੋਂ ਬਾਅਦ ਲੜਾਈ ਹੋਈ ਸੀ। ਇਸ ਨੂੰ ਮੱਦੇਨਜ਼ਰ ਰਖਦਿਆਂ ਸਿੱਖ ਕੌਮ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮੀਟਿੰਗ ਕੀਤੀ ਅਤੇ ਦੋਹਾਂ ਜਥੇਬੰਦੀਆਂ ਦੇ ਆਪਸੀ ਮਤਭੇਦ ਦੂਰ ਕਰ ਕੇ ਸਮਝੌਤਾ ਕਰਵਾਇਆ ਗਿਆ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਬਾਕੀ ਜਥੇਬੰਦੀਆਂ ਦੇ ਮੁਖੀਆਂ ਨੇ ਦੋਹਾਂ ਧਿਰਾਂ ਨੂੰ ਕੌਮੀ ਹਿਤਾਂ ਲਈ ਮਿਲ ਕੇ ਚੱਲਣ ਦੀ ਪ੍ਰੇਰਨਾ ਕੀਤੀ
ਅਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਸਮੁੱਚੇ ਤੌਰ 'ਤੇ ਅਰਦਾਸ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਕੋਲ ਪੁੱਜ ਕੇ ਉਨ੍ਹਾਂ ਨੂੰ ਦਿਤੀਆਂ ਦਰਖ਼ਾਸਤਾਂ ਵਾਪਸ ਲੈ ਲਈਆਂ ਹਨ ਅਤੇ ਉਥੇ ਹੀ ਮੌਜੂਦ ਪੁਲਿਸ ਪ੍ਰਸ਼ਾਸਨ ਕੋਲ ਵੀ ਦਰਜ ਦਰਖ਼ਾਸਤਾਂ ਵਾਪਸ ਕਰਨ ਦੀ ਅਪੀਲ ਕੀਤੀ ਹੈ।
ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਵਲੋਂ ਦਿਲਜੀਤ ਸਿੰਘ ਬੇਦੀ, ਬਾਬਾ ਅਵਤਾਰ ਸਿੰਘ ਸੰਪਰਦਾ ਬਾਬਾ ਬਿਧੀਚੰਦ ਤਰਨਾ ਦਲ ਸੁਰਸਿੰਘ ਵਲੋਂ ਬਾਬਾ ਨਾਹਰ ਸਿੰਘ ਸਾਧ ਤੇ ਬਾਬਾ ਸ਼ੇਰ ਸਿੰਘ, ਬਾਬਾ ਗੱਜਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਵਲੋਂ ਬਾਬਾ ਨਰੰਗ ਸਿੰਘ ਤੇ ਬਾਬਾ ਮਾਨ ਸਿੰਘ, ਬਾਬਾ ਮੇਜਰ ਸਿੰਘ ਦਸ਼ਮੇਸ ਤਰਨਾ ਦਲ, ਸਤਿਕਾਰ ਕਮੇਟੀ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਬੀਰ ਸਿੰਘ ਮੁਛਲ, ਮਨਜੀਤ ਸਿੰਘ, ਤਰਲੋਚਨ ਸਿੰਘ, ਹਰਜੀਤ ਸਿੰਘ ਤੇ ਨਿਸ਼ਾਨ ਸਿੰਘ ਸ਼ਾਮਲ ਹੋਏ।