
ਜਪੁਜੀ ਸਾਹਿਬ ਦਾ ਜਾਪਾਨੀ ਭਾਸ਼ਾ ਵਿਚ ਕਰ ਚੁੱਕੇ ਹਨ ਅਨੁਵਾਦ
ਚੰਡੀਗੜ੍ਹ, 13 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਜਾਪਾਨ ਦੇਸ਼ ਦਾ ਨਾਮ ਤਕਨਾਲੋਜੀ ਦੇ ਖੇਤਰ ਵਿਚ ਤਾਂ ਉੱਚਾ ਹੈ ਹੀ ਪਰ ਇਸ ਨਾਲ ਹੀ ਜਾਪਾਨ ਦੇ ਮਸ਼ਹੂਰ ਭਾਸ਼ਾ ਵਿਗਿਆਨੀ ਪ੍ਰੋਫ਼ੈਸਰ ਤੋਮੀਉ ਮਿਜ਼ੋਕਾਮੀ ਨੇ ਵੀ ਅਪਣੇ ਦੇਸ਼ ਦਾ ਨਾਂ ਚਮਕਾਇਆ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ ਪੰਜਾਬੀ ਸਿਖੀ ਅਤੇ ਹੁਣ ਉਹ ਪੂਰੀ ਤਰ੍ਹਾਂ ਪੰਜਾਬੀ ਪੜ੍ਹ ਅਤੇ ਬੋਲ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਖਣ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ਗੱਲਬਾਤ ਕਰਨਾ ਜਾਂ ਸਮਝਣਾ ਨਹੀਂ, ਉੁਨ੍ਹਾਂ ਦਾ ਕਹਿਣਾ ਹੈ ਕਿ ਗੁਰਮੁਖੀ ਸਿਖ ਕੇ ਸਾਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਮੇਰਾ ਮਕਸਦ ਹੈ।
ਉੁਨ੍ਹਾਂ ਪੰਜਾਬੀ ਸਿਖਣ ਲਈ ਦਿਲ ਵਿਚ ਪੈਦਾ ਹੋਈ ਇੱਛਾ ਬਾਰੇ ਦਸਦਿਆਂ ਕਿਹਾ ਕਿ ਉਹ ਦਿੱਲੀ ਦੀ ਗੁੱਜਰਾਂਵਾਲਾ ਕਾਲੋਨੀ ਵਿਚ ਰਹਿੰਦੇ ਸਨ ਤੇ ਉਥੇ ਉਨ੍ਹਾਂ ਦੇ ਗੁਆਂਢੀ ਮੁੰਡੇ ਆਪਸ ਵਿਚ ਪੰਜਾਬੀ ਵਿਚ ਗੱਲ ਕਰਦੇ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਮੁੰਡਿਆਂ ਦੀਆਂ ਕਈ ਗੱਲਾਂ ਸਮਝ ਆਉਂਦੀਆਂ ਸਨ ਪਰ ਸਾਰੀਆਂ ਨਹੀਂ। ਉੁਨ੍ਹਾਂ ਦੀਆਂ ਗੱਲਾਂ ਸੁਣ ਕੇ ਪ੍ਰੋਫ਼ੈਸਰ ਦੇ ਮਨ ਵਿਚ ਜੁਗਿਆਸਾ ਉਠੀ ਕਿ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਸਮਝਣ ਕਿ ਉਹ ਕਿਵੇਂ ਪੰਜਾਬੀ ਬੋਲਦੇ ਹਨ।
File Photo
ਉਨ੍ਹਾਂ ਦਸਿਆ ਕਿ ਪੰਜਾਬੀ ਸਿੱਖਣ ਲਈ ਉਨ੍ਹਾਂ ਨੇ ਯੂਨੀਵਰਸਟੀ ਵਿਚ ਸ਼ਾਮ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਡਿਪਲੋਮਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿੱਖਣ ਲਈ ਉਨ੍ਹਾਂ ਨੂੰ ਤਿੰਨ ਸਾਲ ਲੱਗ ਗਏ। ਪ੍ਰੋਫ਼ੈਸਰ ਅਨੁਸਾਰ ਜਾਪਾਨ ਵਿਚ 100 ਦੇ ਕਰੀਬ ਪੰਜਾਬੀ ਲੋਕ ਰਹਿੰਦੇ ਹਨ। ਉੁਹ ਦੋ-ਤਿੰਨ ਹਫ਼ਤੇ ਵਿਚ ਇਕ-ਦੋ ਵਾਰ ਗੁਰਦਵਾਰੇ ਵੀ ਜਾਂਦੇ ਹਨ ਅਤੇ ਬੈਠ ਕੇ ਗੁਰਬਾਣੀ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਮੈਨੂੰ ਭਾਸ਼ਾਵਾਂ ਸਿੱਖਣ ਦਾ ਸ਼ੌਕ ਹੈ। ਉੁਨ੍ਹਾਂ ਦਸਿਆ ਕਿ ਮੇਰਾ ਵਿਸ਼ਾ ਵੀ ਭਾਸ਼ਾ ਵਿਗਿਆਨ ਹੈ ਅਤੇ ਇਸ ਲਈ ਵੀ ਭਾਸ਼ਾਵਾਂ ਸਿਖਣੀਆਂ ਬਹੁਤ ਜ਼ਰੂਰੀ ਹਨ। ਭਾਰਤੀ ਭਾਸ਼ਾਵਾਂ ਮੇਰਾ ਵਿਸ਼ਾ ਹੈ ਅਤੇ ਮੈਂ ਹਿੰਦੀ ਤੋਂ ਇਸ ਦੀ ਸ਼ੁਰੂਆਤ ਕੀਤੀ, ਫਿਰ ਬੰਗਲਾ, ਉਰਦੂ ਤੇ ਫਿਰ ਪੰਜਾਬੀ। ਉੁਨ੍ਹਾਂ ਦਸਿਆ ਕਿ ਉਹ ਇਹ ਚਾਰ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਨ। ਇਸ ਤੋਂ ਇਲਾਵਾ ਗੁਜਰਾਤੀ, ਸਿੰਧੀ, ਮਰਾਠੀ, ਕਸ਼ਮੀਰੀ, ਤਮਿਲ ਵੀ ਥੋੜ੍ਹੀ-ਥੋੜ੍ਹੀ ਜਾਣਦੇ ਹਨ। ਉਹ ਕਹਿੰਦੇ ਹਨ ਕਿ ਭਾਰਤ ਦੀਆਂ ਘੱਟੋ-ਘੱਟ 10-15 ਆਮ ਭਾਸ਼ਾਵਾਂ ਸਿੱਖਣ ਦੀ ਤਮੰਨਾ ਹੈ।
ਪ੍ਰੋਫ਼ੈਸਰ ਕਹਿੰਦੇ ਹਨ ਕਿ ਹੋਰਨਾਂ ਮੁਲਕਾਂ ਵਿਚ ਜਾਣ ਲਈ ਜਾਂ ਗੱਲਬਾਤ ਲਈ ਅੰਗਰੇਜ਼ੀ ਸਿਖਣੀ ਚਾਹੀਦੀ ਹੈ ਪਰ ਅਪਣੀ ਮਾਂ ਬੋਲੀ ਨੂੰ ਕਦੇ ਨਹੀਂ ਛਡਣਾ ਚਾਹੀਦਾ। ਪ੍ਰੋਫ਼ੈਸਰ ਤੋਮੀਉ ਮਿਜ਼ੋਕਾਮੀ ਨੇ ਜਪੁਜੀ ਸਾਹਿਬ ਦਾ ਜਾਪਾਨੀ ਵਿਚ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਨੇ ਓਸਾਕਾ ਯੂਨੀਵਰਸਟੀ ਆਫ਼ ਫ਼ਾਰਨ ਸਟੱਡੀਜ਼ ਤੋਂ 1965 ਵਿਚ ਭਾਰਤੀ ਅਧਿਐਨ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਓਸਾਕਾ ਯੂਨੀਵਰਸਟੀ ਵਲੋਂ ਉਨ੍ਹਾਂ ਨੂੰ 1968 ਵਿਚ ਹਿੰਦੀ ਵਿਭਾਗ ਵਿਚ ਇਕ ਖੋਜ ਸਹਾਇਕ ਵਿਗਿਆਨੀ ਵਜੋਂ ਨਿਯੁਕਤ ਕੀਤਾ ਗਿਆ।