
ਪੀੜਤ ਸਿੱਖ ਪਰਵਾਰਾਂ ਦੀ ਮਦਦ ਲਈ ਰੀਪੋਰਟ ਤਿਆਰ ਕਰਨ ਦੇ ਆਦੇਸ਼.......
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਵਲੋਂ ਸਿੱਖ ਕੌਮ ਦੇ ਭੱਖਦੇ ਮਸਲਿਆਂ ਸਬੰਧੀ ਵੱਖ-ਵੱਖ ਫ਼ੈਸਲੇ ਲਏ ਗਏ ਜਿਨ੍ਹਾਂ ਵਿਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਾਮਲਾ ਅਹਿਮ ਹੈ। ਜਥੇਦਾਰਾਂ ਨੇ ਸਪਸ਼ਟ ਕੀਤਾ ਕਿ ਕੋਈ ਵੀ ਸਿੱਖ, ਪ੍ਰੰਪਰਾ ਅਨੁਸਾਰ ਪੇਸ਼ ਹੋ ਕੇ ਮਾਫ਼ੀ ਲਈ ਅਰਜੋਈ ਕਰ ਸਕਦਾ ਹੈ। ਜਥੇਦਾਰ ਮੁਤਾਬਕ ਨਨਕਾਣਾ ਸਾਹਿਬ ਦੀ ਧਰਤੀ 'ਤੇ ਕੁੱਝ ਲੋਕਾਂ ਵਲੋਂ ਛੇਵੇਂ ਤਖ਼ਤ ਬਣਾਉਣ ਸਬੰਧੀ ਉਠਾਇਆ ਮੁੱਦਾ ਗੁਰੂ ਸਾਹਿਬ ਵਲੋਂ ਸਥਾਪਤ ਪੰਚ ਪ੍ਰਧਾਨ ਪ੍ਰੰਪਰਾ ਵਿਰੁਧ ਹੈ।
ਇਹ ਮੁੱਦਾ ਪਰਮਜੀਤ ਸਿੰਘ ਸਰਨਾ ਪ੍ਰਧਾਨ ਅਕਾਲੀ ਦਲ ਦਿੱਲੀ ਨੇ ਪਾਕਿਸਤਾਨ ਜਾ ਕੇ ਨਨਕਾਣਾ ਸਹਿਬ ਵਿਖੇ ਉਠਾਇਆ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਸਬੰਧੀ ਪਾਈ ਅਪੀਲ ਨੂੰ ਸੱਤ ਸਾਲ ਦਾ ਸਮਾਂ ਹੋ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਕੌਮੀ ਭਾਵਨਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਹੈ ਕਿ ਰਾਸ਼ਟਰਪਤੀ ਨੂੰ ਪਹੁੰਚ ਕਰ ਕੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਿਹਾਈ ਲਈ ਯਤਨ ਕੀਤੇ ਜਾਣ।
ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ 1984 ਦੀ ਨਸਲਕੁਸ਼ੀ ਦੌਰਾਨ ਬੇਰਹਿਮੀ ਨਾਲ ਕਤਲ ਕੀਤੇ ਪਰਵਾਰਾਂ, ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘ ਰਿਹਾਅ ਕਰਵਾਉਣ ਅਤੇ ਧਰਮੀ ਫ਼ੌਜੀਆਂ ਦੇ ਪਰਵਾਰਾਂ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲੈ ਕੇ ਉੱਚ ਪਧਰੀ ਸਮਾਂਬੱਧ ਰੀਪੋਰਟ ਤਿਆਰ ਕੀਤੀ ਜਾਵੇ। ਗੁਰਦਵਾਰਾ ਡੇਰਾ ਬਾਬਾ ਨਾਨਕ ਤੋਂ ਗੁਰਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਖੁਲ੍ਹੇ ਦਰਸ਼ਨ ਦੀਦਾਰਿਆਂ ਲਈ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕੀਤੀ ਗਈ
ਜਿਸ ਲਈ 70 ਸਾਲ ਤੋਂ ਸਿੱਖ ਕੌਮ ਅਰਦਾਸਾਂ ਕਰ ਰਹੀ ਸੀ। ਇਸ 'ਤੇ ਸੌੜੀ ਸਿਆਸਤ ਕਰਨ ਦੀ ਬਜਾਏ ਇਹ ਮਹਾਨ ਕਾਰਜ ਨੂੰ ਨੇਪਰੇ ਚਾੜਨ ਦੇ ਸਿੱਖ ਕੌਮ ਨੂੰ ਆਦੇਸ਼ ਦਿਤੇ ਗਏ। ਗੁਰੂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ, ਸੰਪ੍ਰਦਾਵਾਂ, ਸਭਾ ਸੁਸਾਇਟੀਆਂ ਆਦਿ ਨੂੰ ਆਦੇਸ਼ ਕੀਤਾ ਗਿਆ ਕਿ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਇਆ ਜਾਵੇ।