
ਪੰਜਾਬ ਸਰਕਾਰ ਵਲੋਂ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ
ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਪੰਜਾਬ ਸਰਕਾਰ ਵਲੋਂ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ ਤੇ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ। ਇਹ ਪ੍ਰਗਟਾਵਾ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਆਧਾਰਤ ਚਾਰ ਮੈਂਬਰੀ ਵਫ਼ਦ ਵਲੋਂ ਪਿੰਡ ਬਹਿਬਲ ਖ਼ੁਰਦ ਅਤੇ ਸਰਾਵਾਂ ਦੇ 2 ਨੌਜਵਾਨਾਂ ਜਿਨ੍ਹਾਂ ਦੀ 14 ਅਕਤੂਬਰ 2015 ਨੂੰ ਬਹਿਬਲ ਗੋਲੀ ਕਾਂਡ ਵਿਚ ਮੌਤ ਹੋਈ ਸੀ,
ਉਨ੍ਹਾਂ ਦੀ ਸਾਲਾਨਾ ਬਰਸੀ ਮੌਕੇ ਪਿੰਡ ਬਹਿਬਲ ਖ਼ੁਰਦ ਅਤੇ ਸਰਾਵਾਂ ਵਿਖੇ ਪਿੰਡ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਵਫ਼ਦ ਨੂੰ ਅੱਜ ਪਿੰਡ ਬਹਿਬਲ ਖ਼ੁਰਦ ਅਤੇ ਬਰਗਾੜੀ ਵਿਖੇ ਪਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਮੰਨਿਆ ਕਿ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਉਸ ਸਮੇਂ ਦੀ ਸਰਕਾਰ ਵਲੋਂ ਟਾਲਿਆ ਜਾ ਸਕਦਾ ਸੀ ਪਰ ਪੰਜਾਬ ਸਰਕਾਰ ਵਲੋਂ ਅਪਣੇ ਵਾਅਦੇ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ
ਜਿਸ ਵਲੋਂ ਅਪਣੀ ਰੀਪੋਰਟ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਸਲਾਖ਼ਾਂ ਪਿੱਛੇ ਹੋਣਗੇ ਅਤੇ ਇਸ ਲਈ ਸਰਕਾਰ ਨੂੰ ਜੇਕਰ ਅਦਾਲਤਾਂ ਵਿਚ ਕੋਈ ਹੋਰ ਕਾਨੂੰਨੀ ਚਾਰਾਜੋਈ ਵੀ ਕਰਨੀ ਪਈ ਤਾਂ ਸਰਕਾਰ ਉਸ ਤੋਂ ਵੀ ਪਿੱਛੇ ਨਹੀਂ ਹਟੇਗੀ। 'ਆਪ' ਵਿਧਾਇਕ ਐਚ. ਐਸ. ਫੂਲਕਾ ਵਲੋਂ ਬਰਗਾੜੀ ਕਾਂਡ ਸਬੰਧੀ ਦਿਤੇ ਗਏ ਅਸਤੀਫ਼ੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਫੂਲਕਾ ਇਸ ਧਾਰਮਕ ਘਟਨਾ 'ਤੇ ਵੀ ਆਣੀ ਸਿਆਸਤ ਚਮਕਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਥਕ ਧਿਰਾਂ ਵਲੋਂ ਬਰਗਾੜੀ ਵਿਖੇ ਲਗਾਤਾਰ ਲਾਏ ਜਾ ਰਹੇ ਮੋਰਚੇ ਸਬੰਧੀ ਉਨ੍ਹਾਂ ਦਾ ਇਹ ਲੋਕਤੰਤਰੀ ਹੱਕ ਹੈ ਤੇ ਉਹ ਇਸ ਬਾਰੇ ਹੋਰ ਕੁੱਝ ਨਹੀਂ ਕਹਿਣਗੇ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ ਪਿੰਡ ਬਹਿਬਲ ਖ਼ੁਰਦ ਵਿਖੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਅਧੂਰੇ ਪਏ ਕਮਿਊਨਿਟੀ ਹਾਲ ਅਤੇ ਸੜਕਾਂ ਆਦਿ ਸਬੰਧੀ ਮੰਗਾਂ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਰਾਜਨੀਤਕ ਲੋਕਾਂ ਤੋਂ ਸੁਚੇਤ ਰਹਿਣ ਜੋ ਧਰਮ ਦੇ ਨਾਂਅ 'ਤੇ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੇ ਹਨ।
ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਦਸਿਆ ਕਿ ਪਿੰਡ ਬਹਿਬਲ ਖ਼ੁਰਦ ਅਤੇ ਸਰਾਵਾਂ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰ ਬੰਦਿਆਂ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰਦਿਆਂ ਦਸਿਆ ਗਿਆ ਸੀ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਅਜੇ ਤਕ ਅਧੂਰੇ ਚਲ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇ।
ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਮੰਤਰੀਆਂ ਦਾ ਇਕ ਵਫ਼ਦ ਦੋਵਾਂ ਪਿੰਡਾਂ ਵਿਚ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾ ਰਹੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਭੇਜਣ ਜਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਸੀਨੀਅਰ ਕੈਬਨਿਟ ਵਜ਼ੀਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਉਨ੍ਹਾਂ 'ਤੇ ਆਧਾਰਤ ਵਫ਼ਦ ਨੂੰ ਅੱਜ ਇਥੇ ਭੇਜਿਆ ਗਿਆ।