
ਕੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਮਾਮਲੇ ਵਿਚ ਨਿਰਪੱਖ ਪੜਤਾਲ ਕੀਤੀ ਜਾਵੇਗੀ?
ਨਵੀਂ ਦਿੱਲੀ : ਅਕਾਲ ਤਖ਼ਤ ਦਾ ਜਥੇਦਾਰ ਬਣਨ ਪਿਛੋਂ ਸੌਦਾ ਸਾਧ ਦੇ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪੀ 'ਤੇ ਸਵਾਲ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸਮੁੱਚੇ ਸਿੱਖ ਪੰਥ ਦੇ ਜਜ਼ਬਾਤ ਨੂੰ ਧਿਆਨ ਵਿਚ ਰਖਦੇ ਹੋਏ ਗਿਆਨੀ ਗੁਰਬਚਨ ਸਿੰਘ ਸਣੇ ਸ.ਪ੍ਰਕਾਸ਼ ਸਿੰਘ ਬਾਦਲ ਤੇ ਸ.ਸੁਖਬੀਰ ਸਿੰਘ ਬਾਦਲ ਵਲੋਂ ਸੌਦਾ ਸਾਧ ਨੂੰ ਪਹਿਲਾਂ ਮਾਫ਼ੀ ਦੇਣ ਤੇ ਫਿਰ ਮਾਫ਼ੀ ਰੱਦ ਕਰਨ ਦੇ ਮਸਲੇ 'ਤੇ ਇਨ੍ਹਾਂ ਤਿੰਨਾਂ ਨੂੰ ਤਲਬ ਕਰਨ ਤੇ ਨਿਰਪੱਖ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਕਾਇਮ ਕਰ ਕੇ, ਸਾਰਿਆਂ ਦੇ ਰੋਲ ਦਾ ਸੱਚ ਸਾਹਮਣੇ ਲੈ ਕੇ ਆਉਣ।
ਉਨ੍ਹਾਂ ਕਿਹਾ, “ਭਾਵੇਂ ਕਿ ਕੈਪਟਨ ਸਰਕਾਰ ਵਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੌਦਾ ਸਾਧ ਮਾਮਲੇ ਵਿਚ ਬਾਦਲ ਪਿਉ-ਪੁੱਤਰ ਤੇ ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਨੂੰ ਤਲਬ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਪਰ ਸਿੱਖ ਪੰਥ ਦੇ ਅਹਿਮ ਅਕਾਲ ਤਖ਼ਤ ਵਲੋਂ ਹੁਣ ਵੀ ਇਸ ਮਸਲੇ 'ਤੇ ਚੁੱਪੀ ਧਾਰਨ ਕਰ ਕੇ, ਸਿੱਖਾਂ ਵਿਚ ਰੋਸ ਹੈ। ਚੰਗਾ ਹੋਵੇ ਜੇ ਛੇਤੀ ਗਿਆਨੀ ਹਰਪ੍ਰੀਤ ਸਿੰਘ ਇਸ ਬਾਰੇ ਲੋੜੀਂਦੀ ਕਾਰਵਾਈ ਕਰ ਕੇ, ਪੰਥ ਨੂੰ ਉਸਾਰੂ ਸੁਨੇਹਾ ਦੇਣ।''
ਉਨ੍ਹਾਂ ਕਿਹਾ ਕਿ ਸੌਦਾ ਸਾਧ ਦੇ ਮਸਲੇ ਬਾਰੇ ਪਹਿਲਾਂ ਹੀ ਵੱਖ-ਵੱਖ ਤੱਥ ਮੀਡੀਆ ਰਾਹੀਂ ਸਾਹਮਣੇ ਆ ਚੁਕੇ ਹਨ ਤੇ ਲੋਕੀ ਸਾਰੀ ਹਕੀਕਤ ਜਾਣ ਚੁਕੇ ਹਨ ਕਿ ਕਿਸ ਤਰ੍ਹਾਂ ਬਾਦਲਾਂ ਨੇ ਵੋਟਾਂ ਲਈ ਪੰਥ ਨਾਲ ਖਿਲਵਾੜ ਕੀਤਾ ਤੇ ਗਿਆਨੀ ਗੁਰਬਚਨ ਸਿੰਘ ਦੇ ਰੋਲ ਕਾਰਨ ਸਿੱਖਾਂ ਵਿਚ ਸਖ਼ਤ ਰੋਸ ਪੈਦਾ ਹੋਇਆ ਸੀ, ਪਰ ਨਵੇਂ ਜਥੇਦਾਰ ਦੀ ਇਹ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਪਣੇ ਤੌਰ 'ਤੇ ਨਿਰਪੱਖ ਹੋਣ ਦਾ ਸਬੂਤ ਦਿੰਦੇ ਹੋਏ ਸੌਦਾ ਸਾਧ ਮਸਲੇ ਦੀ ਸਾਰੀ ਹਕੀਕਤ ਸਾਹਮਣੇ ਲਿਆਉਣ।