
ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਮੁਲਾਜ਼ਮਾਂ ਅਤੇ ਯਾਤਰੀਆਂ ਨੂੰ ਘਰੇਲੂ ਹਵਾਈ ਅੱਡਿਆਂ `ਤੇ ਕਿਰਪਾਨ ਪਾਉਣ ਦੀ ਦਿੱਤੀ ਗਈ ਇਜਾਜ਼ਤ ਦਾ ਸਵਾਗਤ ਕੀਤਾ ਹੈ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਮੁਲਾਜ਼ਮਾਂ ਅਤੇ ਯਾਤਰੀਆਂ ਨੂੰ ਘਰੇਲੂ ਹਵਾਈ ਅੱਡਿਆਂ `ਤੇ ਕਿਰਪਾਨ ਪਾਉਣ ਦੀ ਦਿੱਤੀ ਗਈ ਇਜਾਜ਼ਤ ਦਾ ਸਵਾਗਤ ਕੀਤਾ ਹੈ ਅਤੇ ਆਸ ਪ੍ਰਗਟਾਈ ਹੈ ਕਿ ਕੇਂਦਰ ਸਰਕਾਰ ਦੇਸ਼ ਦੁਨੀਆਂ ਦੀਆਂ ਸਰਕਾਰਾਂ ਨੂੰ ਸਿੱਖ ਕੌਮ ਲਈ ਸ੍ਰੀ ਸਾਹਿਬ ਤੇ ਪੰਜ ਕਕਾਰਾਂ ਦੀ ਅਹਿਮੀਅਤ ਸਮਝਾ ਕੇ ਇਸ ਤਰ੍ਹਾਂ ਦੀ ਇਜਾਜ਼ਤ ਦੇਣ ਅਤੇ ਦਿਵਾਉਣ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜ਼ਰੂਰ ਤਰਜੀਹ ਦੇਵੇਗੀ।
ਇਸ ਸਬੰਧੀ ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸਿੱਖ ਧਰਮ ਵਿਚ ਪੰਜ ਕਕਾਰਾਂ ਦੀ ਬਹੁਤ ਮਹੱਤਤਾ ਹੈ ਅਤੇ ਕਿਰਪਾਨ ਇਸ ਵਿਚ ਇਕ ਅਹਿਮ ਕਕਾਰ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦੇ ਹੋਏ ਇਸ ਵਿਸ਼ੇ `ਤੇ ਗੰਭੀਰਤਾ ਨਾਲ ਵਿਚਾਰ ਕਰਕੇ ਕਿਰਪਾਨ ਪਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕੌਮਾਂਤਰੀ ਉਡਾਣਾਂ ਵਿਚ ਸਿੱਖਾਂ ਨੂੰ ਕਿਰਪਾਨ ਪਾ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇਣ ਲਈ ਹੋਰਨਾਂ ਮੁਲਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਅਤੇ ਇਹਨਾਂ ਮੁਲਕਾਂ ਨੂੰ ਸਿੱਖਾਂ ਦੀ ਕਿਰਪਾਨ ਦੀ ਧਾਰਮਿਕ ਚਿੰਨ੍ਹ ਵਜੋਂ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਵੱਡੇ ਪੱਧਰ `ਤੇ ਉਪਰਾਲੇ ਕਰਨੇ ਚਾਹੀਦੇ ਹਨ। ਪੰਜ ਕਕਾਰ ਨੂੰ ਅੰਮ੍ਰਿਤਧਾਰੀ ਸਿੱਖ ਵੱਲੋਂ ਆਪਣੇ ਸਰੀਰ ਦਾ ਅੰਗ ਮੰਨਿਆ ਹੈ । ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਦਾ ਵੱਖਰਾ ਧਰਮ ਹੈ ਇਸ ਦੀ ਗੁਰਮਰਿਯਾਦਾ ਦਾ ਸਤਿਕਾਰ ਬਹਾਲ ਰੱਖਣ ਲਈ ਭਾਰਤ ਸਰਕਾਰ ਤੇ ਦੁਨੀਆਂ ਭਰ ਦੀਆਂ ਸਰਕਾਰਾਂ ਤੋਂ ਪੂਰਨ ਸਮਰਥਨ ਦੀ ਬੇਹੱਦ ਲੋੜ ਹੈ ।