
ਪੰਥਕ ਹਲਕਿਆਂ ਵਿਚ ਭਾਰੀ ਰੋਸ
ਬਾਘਾ ਪੁਰਾਣਾ : ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਬਰਗਾੜੀ ਵਿਖੇ ਅਤੇ ਪੰਜਾਬ ਵਿਚ ਹੋਰ ਅਨੇਕਾਂ ਥਾਵਾਂ 'ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਰੋਸ ਪ੍ਰਗਟ ਕਰਦੀ ਸੰਗਤ ਤੇ ਪੁਲਿਸ ਵਲੋਂ ਗੋਲੀ ਚਲਾਏ ਜਾਣ ਕਰਨ ਸ਼ਹੀਦ ਹੋਏ ਦੋ ਸਿੰਘਾਂ ਦਾ ਗੁੱਸਾ ਅੱਜ ਵੀ ਸਿੱਖ ਸੰਗਤਾਂ ਦੇ ਦਿਲਾਂ ਵਿਚ ਜਿਉਂ ਦੀ ਤਿਉਂ ਬਰਕਰਾਰ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਸਿੱਖ ਸੰਗਤਾਂ ਵਲੋਂ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂਆਂ ਦਾ ਵਿਰੋਧ ਵੀ ਲਗਾਤਾਰ ਹੈ ਅਤੇ ਅੱਜ ਪਿੰਡ ਵਾਂਦਰ (ਮੋਗਾ) ਵਿਖੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਸਿੱਖ ਨੌਜਵਾਨਾਂ ਵਲੋਂ ਕਾਲੀਆਂ ਝੰਡੀਆਂ ਲੈ ਕੇ ਸ਼ਾਂਤਮਈ ਵਿਰੋਧ ਕੀਤਾ ਗਿਆ ਤਾਂ ਸੰਗਤਾਂ ਵਲੋਂ ਲਗਾਤਾਰ ਵਿਰੋਧ ਕੀਤੇ ਜਾਣ ਤੋਂ ਬੁਖਲਾਏ ਅਕਾਲੀ ਦਲ ਦੇ ਵਰਕਰਾਂ ਵਲੋਂ ਵਿਰੋਧ ਕਰ ਰਹੇ ਨੌਜਵਾਨਾਂ ਤੇ ਇੱਟਾ, ਰੋੜੇ, ਡਾਂਗਾ, ਸੋਟੀਆਂ ਨਾਲ ਹਮਲਾ ਕਰ ਦਿਤਾ।
Shiromani Akali Dal
ਇਸ ਹਮਲੇ ਵਿਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਦਵਿੰਦਰ ਸਿੰਘ ਹਰੀਏਵਾਲਾ ਅਤੇ ਹੋਰ ਕਈ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਅਧੀਨ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਵਿਖੇ ਦਾਖ਼ਲ ਕਰਵਾਇਆ ਗਿਆ। ਚਸ਼ਮਦੀਦ ਗਵਾਹ ਅਨੁਸਾਰ ਸਿੱਖ ਨੌਜਵਾਨਾਂ ਬਿਲਕੁਲ ਸ਼ਾਂਤਮਈ ਢੰਗ ਨਾਲ ਅਪਣਾ ਰੋਸ ਪ੍ਰਗਟ ਕਰ ਰਹੇ ਸਨ, ਪਰ ਵੱਡੀ ਗਿਣਤੀ ਵਿਚ ਹਾਜ਼ਰ ਬਾਦਲ ਦਲ ਦੇ ਵਰਕਰਾਂ ਨੇ ਗਿਣੀ ਮਿਥੀ ਸਾਜ਼ਸ਼ ਅਧੀਨ ਡਾਂਗਾਂ ਸੋਟੀਆਂ ਨਾਲ ਨਿਹੱਥੇ ਸਿੱਖ ਨੌਜਵਾਨਾਂ 'ਤੇ ਹਮਲਾ ਕਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਦਸਤਾਰਾਂ ਉਤਾਰ ਦਿਤੀਆਂ।
Protest against Sukhbir Badal
ਇਸ ਸਬੰਧੀ ਬਾਘਾ ਪੁਰਾਣਾ ਹਸਪਤਾਲ ਵਿਚ ਦਾਖ਼ਲ ਸਤਿਕਾਰ ਕਮੇਟੀ ਦੇ ਆਗੂ ਦਵਿੰਦਰ ਸਿੰਘ ਹਰੀਏਵਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਸਿੱਖ ਨੌਜਵਾਨਾਂ ਸ਼ਹੀਦ ਕਰਨ ਵਾਲੇ ਬਾਦਲਕਿਆਂ ਦਾ ਵਿਰੋਧ ਸਿੱਖ ਕੌਮ ਜਾਰੀ ਰੱਖੇਗੀ। ਭਾਵੇਂ ਇਨ੍ਹਾਂ ਦੇ ਪਾਲੇ ਹੋਏ ਗੁੰਡੇ ਕਿੰਨਾ ਵੀ ਜ਼ੁਲਮ ਕਿਉਂ ਨਾ ਕਰ ਲੈਣ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ ਨੌਜਵਾਨਾਂ ਦੀ ਕੁੱਟਮਾਰ ਦਾ ਪੰਥਕ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਮੁੱਦਾ ਕਦੇ ਵੀ ਨਵਾਂ ਗੰਭੀਰ ਰੂਪ ਧਾਰ ਸਕਦਾ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਅਧੀਨ ਜਰਨੈਲ ਸਿੰਘ, ਰਣਜੀਤ ਸਿੰਘ ਵਾਂਦਰ, ਮਾਤਾ ਅਮਰਜੀਤ ਕੌਰ, ਬੇਅੰਤ ਸਿੰਘ, ਭਰਪੂਰ ਸਿੰਘ, ਗਿਆਨ ਸਿੰਘ ਅਤੇ ਜਗਮੋਹਣ ਸਿੰਘ ਹਨ।