
ਕਿਹਾ, ਅਜਿਹੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਗਦੀ ਹੈ
ਚੰਡੀਗੜ੍ਹ: ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਸਿਆਸੀ ਦਬਾਅ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀਆਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਬਿਨਾਂ ਕਾਰਨ ਅਜਿਹੇ ਫ਼ੈਸਲੇ ਲਏ ਜਾਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਗਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਸੇਵਾ ਕੀਤੀ, ਪੰਥਕ ਤੌਰ ’ਤੇ ਚੰਗੀ ਆਵਾਜ਼ ਬੁਲੰਦ ਕੀਤੀ, ਉਹ ਵਧੀਆ ਬੁਲਾਰੇ ਹਨ। ਉਹ ਕਦੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿਰੁਧ ਨਹੀਂ ਬੋਲੇ। ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਨਵੇਂ ਜਥੇਦਾਰ ਸਾਹਬ ਨੂੰ ਵੀ ਸੇਵਾ ਕਰਨ ਦੀ ਤਾਕਤ ਬਖ਼ਸ਼ਣ।
ਇਹ ਵੀ ਪੜ੍ਹੋ: "ਰਾਤ ਨੂੰ ਜਥੇਦਾਰ ਸੌਂਦੇ ਨੇ ਤੇ ਸਵੇਰੇ ਸਾਬਕਾ ਹੋ ਜਾਂਦੇ ਨੇ"- ਜਥੇਦਾਰ ਬਲਜੀਤ ਸਿੰਘ ਦਾਦੂਵਾਲ
ਬੀਬੀ ਜਗੀਰ ਕੌਰ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਦਬਾਅ ਪਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ’ਤੇ ਕੋਈ ਇਲਜ਼ਾਮ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਬਦਲਿਆ ਗਿਆ ਹੋਵੇ। ਇਹ ਢੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਂਦ ਦਾ ਅਪਮਾਨ ਹੈ।
ਰਾਜ ਸਭਾ ਸੰਸਦ ਮੈਂਬਰ ਦੀ ਮੰਗਣੀ ਵਿਚ ਜਥੇਦਾਰ ਦੀ ਸ਼ਮੂਲੀਅਤ ਸਬੰਧੀ ਵਿਵਾਦ ’ਤੇ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੋਈ ਮਾਣ-ਸਤਿਕਾਰ ਨਾਲ ਸਾਨੂੰ ਸੱਦਾ ਦਿੰਦਾ ਹੈ ਤਾਂ ਸਮਾਜਕ ਪੱਖੋਂ ਇਹ ਜ਼ਿਆਦਾ ਗੰਭੀਰ ਮਸਲਾ ਨਹੀਂ ਸੀ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਅੰਦਰ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, CCTV ਤਸਵੀਰਾਂ ਆਈਆਂ ਸਾਹਮਣੇ
ਬੀਬੀ ਜਗੀਰ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂਆਂ ਨੇ ਚਿੱਠੀ ਭੇਜੀ ਸੀ ਕਿ ਅਸੀਂ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗੇ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ’ਚੋਂ ਅਸਤੀਫ਼ਾ ਦਿਉ ਫਿਰ ਮੈਂ ਬੁਲਾਵਾਂਗਾ। ਇਸ ਤੋਂ ਇਲਾਵਾ ਜਥੇਦਾਰ ਨੇ ਪੀ.ਟੀ.ਸੀ. ਚੈਨਲ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰਨ ਦਾ ਹੁਕਮ ਦਿਤਾ ਸੀ ਪਰ ਐਸ.ਜੀ.ਪੀ.ਸੀ. ਪ੍ਰਧਾਨ ਵਿਚ ਹਿੰਮਤ ਨਹੀਂ ਪਈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨ ਸਕਣ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਮਸਲਿਆਂ ਵਿਚ ਕੋਈ ਗ਼ਲਤੀ ਕੀਤੀ ਹੈ ਤਾਂ ਗਿਆਨੀ ਰਘਬੀਰ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਬੈਠਦੇ ਸਨ। ਸ਼੍ਰੋਮਣੀ ਕਮੇਟੀ ਕੋਲੋਂ ਇਹ ਕੰਮ ਸਿਰਫ਼ ਸਿਆਸੀ ਦਬਾਅ ਜ਼ਰੀਏ ਕਰਵਾਇਆ ਗਿਆ ਹੈ।