
ਲੌਂਗੋਵਾਲ : ਕੁਰਸੀ ਦਾ ਲਾਲਚ ਅਤੇ ਪੈਸੇ ਦੀ ਭੁੱਖ ਕਾਰਨ ਬਾਦਲ ਪ੍ਰਵਾਰ ਅਤੇ ਉਨ੍ਹਾਂ ਦੇ ਸਾਥੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਸ਼ਬਦ ਕਸਬਾ ਲੌਂਗੋਵਾਲ ਦੇ ਸਮਾਜ ਸੇਵੀ..
ਲੌਂਗੋਵਾਲ : ਕੁਰਸੀ ਦਾ ਲਾਲਚ ਅਤੇ ਪੈਸੇ ਦੀ ਭੁੱਖ ਕਾਰਨ ਬਾਦਲ ਪ੍ਰਵਾਰ ਅਤੇ ਉਨ੍ਹਾਂ ਦੇ ਸਾਥੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਹ ਸ਼ਬਦ ਕਸਬਾ ਲੌਂਗੋਵਾਲ ਦੇ ਸਮਾਜ ਸੇਵੀ ਅਤੇ ਕਿਸਾਨ ਆਗੂ ਬਿਕਰਮਜੀਤ ਸਿੰਘ ਰਾਉ ਨੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਕ ਪਤਿਤ ਵਿਅਕਤੀ ਮਨਜਿੰਦਰ ਸਿੰਘ ਸਿਰਸਾ ਨੂੰ ਚੁਣੇ ਜਾਣ ਦੇ ਰੋਸ ਵਜੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੂੰ ਖੂੰਜੇ ਲਾਉਣ ਵਾਲੇ ਬਾਦਲਕਿਆਂ ਨੇ ਇਸ ਪਾਰਟੀ ਦੇ ਪਿਛਲੇ ਆਗੂਆਂ ਦੀਆਂ ਕੀਤੀਆਂ ਕੁਰਬਾਨੀਆਂ ਵਿਚ ਖੇਹ ਪਾਉਣ ਦੀ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿਤੀ। ਜਿਥੇ ਪਹਿਲਾਂ ਇਨ੍ਹਾਂ ਨੇ ਸੱਤਾ ਦੇ ਲਾਲਚ ਵਿਚ ਡੇਰੇਦਾਰਾਂ ਦੇ ਹੱਥਠੋਕੇ ਬਣ ਕੇ ਜੋ ਨੁਕਸਾਨ ਪੰਥ ਦਾ ਕੀਤਾ ਹੈ ਉਸ ਨੂੰ ਸਮੁੱਚੇ ਪੰਜਾਬ ਵਾਸੀ ਜਾਣਦੇ ਹਨ। ਇਹੋ ਕਾਰਨ ਹੈ ਕਿ ਕੁਰਬਾਨੀਆਂ ਨਾਲ ਭਰੀ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਾ ਹੋ ਸਕੀ। ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਿਸ ਦਾ ਪੂਰਾ ਪ੍ਰਵਾਰ ਕੁਰਬਾਨੀਆਂ ਭਰਿਆ ਹੈ ਦੇ ਮੁਕਾਬਲੇ ਵਿਚ ਬੀਬੀ ਜਗੀਰ ਕੌਰ ਨੂੰ ਟਿਕਟ ਦੇਣਾ ਵੀ ਇਹ ਦਰਸਾਉਂਦਾ ਹੈ ਕਿ ਇਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਕੁਰਸੀ ਨਾਲ ਪਿਆਰ ਹੈ ਨਾ ਕਿ ਪੰਥ ਨਾਲ।