
ਬਾਬਾ ਅਮਰ ਸਿੰਘ ਨੇ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾਂ ਵਿਚ 100 ਸਾਲ ਤੋਂ ਵੱਧ ਸਮਾਂ ਬਹੁਤ ਪ੍ਰਸ਼ੰਸਾਜਨਕ ਸੇਵਾਵਾਂ ਨਿਭਾਈਆਂ ਹਨ
ਅੰਮ੍ਰਿਤਸਰ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਤਰਨਾ ਦਲ ਵਿਚ ਇਕ ਸਦੀ ਤੋਂ ਵੱਧ ਸੇਵਾ ਨਿਭਾਉਣ ਵਾਲੇ ਬਾਬਾ ਅਮਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਹੈ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਨੋਟ ਵਿਚ ਦਸਿਆ ਕਿ ਬਾਬਾ ਅਮਰ ਸਿੰਘ ਨੇ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾਂ ਵਿਚ 100 ਸਾਲ ਤੋਂ ਵੱਧ ਸਮਾਂ ਬਹੁਤ ਪ੍ਰਸ਼ੰਸਾਜਨਕ ਸੇਵਾਵਾਂ ਨਿਭਾਈਆਂ ਹਨ।
Baba Balbir Singh
ਬਾਬਾ ਅਮਰ ਸਿੰਘ ਨੇ ਦਲ ਪੰਥ ਬਾਬਾ ਬਿਧੀਚੰਦ ਸੰਪਰਦਾ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਸੋਹਣ ਸਿੰਘ, ਬਾਬਾ ਦਇਆ ਸਿੰਘ ਦੀ ਤਾਬਿਆ ਲੰਮਾ ਸਮਾਂ ਸੇਵਾ ਨਿਭਾਈ ਹੈ। ਇਸੇ ਤਰ੍ਹਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਬਿਸ਼ਨ ਸਿੰਘ, ਬਾਬਾ ਮੱਖਣ ਸਿੰਘ ਤੇ ਹੁਣ ਬਾਬਾ ਗੱਜਣ ਸਿੰਘ ਨਾਲ ਦਲ ਪੰਥ ਦੀਆਂ ਸੇਵਾਵਾਂ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਅਮਰ ਸਿੰਘ ਹੱਠੀ ਸਿਰੜੀ ਈਮਾਨਦਾਰ, ਮਿਹਨਤੀ ਅਤੇ ਮੁਹੱਬਤੀ ਸਿੰਘ ਹਨ। ਉਨ੍ਹਾਂ ਵਿਚ ਅੱਜ ਵੀ ਫੁਰਤੀਲਾਪਣ ਤੇ ਪੰਥ ਦੀ ਸੇਵਾ ਕਰਨ ਦਾ ਚਾਅ ਹੈ। ਬਾਬਾ ਅਮਰ ਸਿੰਘ ਸਿੱਖ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ।
Baba Balbir Singh
ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਪੰਥ ਰਤਨ ਸ਼੍ਰੋਮਣੀ ਸੇਵਾ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਬਾਬਾ ਅਮਰ ਸਿੰਘ ਨੂੰ ਇਕ ਯਾਦਗਾਰੀ ਤਸ਼ਤਰੀ, ਮੋਮੈਂਟੋ, ਦੋਸ਼ਾਲਾ, ਸਿਰਪਾਉ, ਨਕਦ ਰਾਸ਼ੀ ਤੇ ਚੋਲਾ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਜੱਸਾ ਸਿੰਘ ਪੀ. ਏ. ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਰਣਜੋਧ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਫ਼ਕੀਰ ਸਿੰਘ ਸਕੀਰੀਆ ਤੇ ਨਰਿੰਦਰ ਸਿੰਘ ਭੁਜੰਗੀ ਆਦਿ ਹਾਜ਼ਰ ਸਨ।